ਗੁਰਦੁਆਰਿਆਂ ’ਚੋਂ ਕੋਈ ਮੁਲਾਜ਼ਮ ਨਹੀਂ ਕੀਤਾ ਜਾਵੇਗਾ ਸੇਵਾ-ਮੁਕਤ : ਦਾਦੂਵਾਲ

ਯਮੁਨਾਨਗਰ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਨੂੰਨੀ ਮਾਨਤਾ ਮਿਲਣ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਉਪਰੰਤ ਪਹਿਲੀ ਵਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਸਿੱਖ ਸੰਗਤ ਦੇ ਨਾਲ ਪਹਿਲੀ ਤੇ ਦਸਵੀਂ ਪਾਤਸ਼ਾਹੀ ਗੁਰਦੁਆਰਾ ਕਪਾਲਮੋਚਨ ਪਹੁੰਚੇ। ਦਾਦੂਵਾਲ ਨੇ ਸਭ ਤੋਂ ਪਹਿਲਾਂ ਗੁਰਦੁਆਰੇ ’ਚ ਸਥਿਤ ਸਰੋਵਰ ’ਚ ਹੱਥ-ਮੰੂਹ ਧੋਤੇ। ਇਸ ਤੋਂ ਬਾਅਦ ਪਹਿਲੀ ਤੇ ਦਸਵੀਂ ਪਾਤਸ਼ਾਹੀ ਗੁਰਦੁਆਰਿਆਂ ’ਚ ਮੱਥਾ ਟੇਕਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਤੇ ਸਿੱਖ ਸੰਗਤ ਦਾ ਸਿਰੋਪਾ ਭੇਟ ਕਰਕੇ ਸਵਾਗਤ ਕੀਤਾ ਗਿਆ।

ਦਾਦੂਵਾਲ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਤੌਰ ’ਤੇ ਮਾਨਤਾ ਮਿਲਣ ’ਤੇ ਉਹ ਸਤਿਗੁਰੂ ਦਾ ਧੰਨਵਾਦ ਕਰਨ ਲਈ ਗੁਰਦੁਆਰਾ ਪਹੁੰਚੇ ਹਨ। ਗੁਰਦੁਆਰਾ ਦਾ ਪ੍ਰਬੰਧ ਦੇਖਣ ਲਈ ਪ੍ਰਬੰਧਕਾਂ ਨੂੰ ਮਿਲਣ ਲਈ ਵੀ ਪਹੰਚੇ ਹਨ। ਇਸ ਉਪਰੰਤ ਲੋਹਗਡ਼੍ਹ ਸਾਹਿਬ ਤੇ ਸਢੌਰਾ ਨਗਰ ਪੀਰ ਬੁੱਧਸ਼ਾਹ ’ਚ ਦਰਸ਼ਨ ਲਈ ਗਏ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਸੂਬੇ ਦੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਹਰਿਆਣਾ ਸਿੱਖ ਪ੍ਰਬੰਧਕ ਕਮੇਟੀ ਵੱਲੋਂ ਕਾਨੂੰਨੀ ਤੌਰ ’ਤੇ ਸੰਭਾਲ ਲਿਆ ਜਾਵੇਗਾ। ਗੁਰਦੁਆਰਾ ਨਾਢਾ ਸਾਹਿਬ ’ਚ ਸੱਤ ਅਖੰਡ ਪਾਠ ਸ਼ੁਰੂ ਕੀਤੇ ਜਾਣਗੇ ਜਿਨ੍ਹਾਂ ਦੀ ਸੇਵਾ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਕੀਤੀ ਜਾ ਰਹੀ ਹੈ।

ਹਰਿਆਣਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧ ਸੰਭਾਲਦੇ ਹੀ ਧਰਮ ਪ੍ਰਚਾਰ, ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਸੇਵਾਵਾਂ ਦਿੱਤੀਆਂ ਜਾਣਗੀਆਂ। ਸੂਬੇ ਵਿਚ ਚੰਗੇ ਗੁਰਮਿਤ ਅਦਾਰੇ, ਗੰ੍ਰਥੀ ਸਿੰਘ ਤੇ ਕਥਾ ਵਾਚਕ ਪੈਦਾ ਕੀਤੇ ਜਾਣਗੇ। ਮੌਜੂਦਾ ਸਮੇਂ ’ਚ ਸੂਬੇ ਦੇ ਗੁਰਦੁਆਰਿਆਂ ਵਿਚ ਸੇਵਾਵਾਂ ਦੇ ਰਹੇ ਕਿਸੇ ਵੀ ਕਰਮਚਾਰੀ, ਮੈਨੇਜਰ ਗ੍ਰੰਥੀ, ਰਾਗੀ ਢਾਡੀ ਤੇ ਸੇਵਾਦਾਰ ਨੂੰ ਸੇਵਾ-ਮੁਕਤ ਨਹੀਂ ਕੀਤਾ ਜਾਵੇਗਾ। ਕੋਈ ਵੀ ਮੁਲਾਜ਼ਮ ਆਪਣੀ ਮਰਜ਼ੀ ਨਾਲ ਐੱਸਜੀਪੀਸੀ ’ਚ ਜਾ ਸਕਦਾ ਹੈ। ਗੁਰਦੁਆਰਾ ਕਮਿਸ਼ਨ ਬਣਾਉਣਾ, ਚੋਣ ਕਮਿਸ਼ਨ ਬਣਾਉਣਾ ਸੂਬਾ ਸਰਕਾਰ ਦੇ ਅਧਿਕਾਰ ਖੇਤਰ ਵਿਚ ਹੈ ਜਿਸ ਨੂੰ ਲੈ ਕੇ ਸਰਕਾਰ ਜਲਦ ਹੀ ਕਮਿਸ਼ਨ ਬਣਾਏ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਕਰੇ।