Maui wildfires : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 111, 1000 ਤੋਂ ਵੱਧ ਲੋਕ ਅਜੇ ਵੀ ਲਾਪਤਾ

ਵਾਸ਼ਿੰਗਟਨ- ਮਾਉਈ ਦੇ ਜੰਗਲ ’ਚ ਲੱਗੀ ਅੱਗ ਕਾਰਨ ਮਾਰਨ ਵਾਲਿਆਂ ਦੀ ਗਿਣਤੀ ਹੁਣ ਵੱਧ ਕੇ 111 ਹੋ ਗਈ ਹੈ ਅਤੇ ਮਿ੍ਰਤਕਾਂ ’ਚ ਬੱਚੇ ਵੀ ਸ਼ਾਮਿਲ ਹਨ। ਮਾਉਈ ਪੁਲਿਸ ਮੁਖੀ ਜੌਨ ਪੇਲੇਟੀਅਰ ਨੇ ਕਿਹਾ ਕਿ ਇਸ ਤ੍ਰਾਸਦੀ ਦੇ ਅਜੇ ਹੋਰ ਵਧਣ ਦੀ ਸੰਭਾਵਨਾ ਹੈ, ਕਿਉਂਕਿ ਵਧੇਰੇ ਜਲੇ ਹੋਏ ਹਿੱਸਿਆਂ ਦੀ ਤਲਾਸ਼ ਅਜੇ ਵੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਤ੍ਰਾਸਦੀ ਉਨ੍ਹਾਂ ਨੇ ਪਹਿਲਾਂ ਕਦੇ ਵੀ ਇੰਨੇ ਵੱਡੇ ਆਕਾਰ, ਗਿਣਤੀ ਜਾਂ ਮਾਤਰਾ ’ਚ ਨਹੀਂ ਦੇਖੀ। ਪੇਲੇਟੀਅਰ ਨੇ ਕਿਹਾ ਕਿ ਅਜੇ ਸਾਡਾ ਕੰਮ ਪੂਰਾ ਨਹੀਂ ਹੋਇਆ ਹੈ ਅਤੇ ਇੱਥੇ ਪੀੜਤਾਂ ਦੀ ਤਲਾਸ਼ ਅਜੇ ਵੀ ਜਾਰੀ ਹੈ।
ਹਵਾਈ ਦੇ ਗਵਰਨਰ ਜੋਸ਼ ਗ੍ਰੀਨ ਨੇ ਦੱਸਿਆ ਕਿ ਅਜੇ ਵੀ ਇੱਥੇ 1000 ਤੋਂ ਵੱਧ ਲੋਕ ਲਾਪਤਾ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਖੋਜ ਦਲ ਕਈ ਦਿਨਾਂ ਤੱਕ 2,000 ਤੋਂ ਵੱਧ ਘਰਾਂ ਅਤੇ ਕਾਰੋਬਾਰਾਂ ਦੇ ਜਲੇ ਹੋਏ ਮਲਬੇ ਨੂੰ ਖੋਜਦੇ ਰਹਿਣਗੇ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਹਵਾਈਅਨ ਇਲੈਕਟ੍ਰਿਕ ਜੋ ਕਿ ਮਾਉਈ ਦੀ ਪ੍ਰਮੁੱਖ ਬਿਜਲੀ ਕੰਪਨੀ ਹੈ, ਨੂੰ ਤੇਜ਼ ਹਵਾਵਾਂ ਕਾਰਨ ਅੱਗ ਦੀ ਖ਼ਤਰਨਾਕ ਸਥਿਤੀ ਪੈਦਾ ਹੋਣ ’ਤੇ ਬਿਜਲੀ ਲਾਈਨਾਂ ਨੂੰ ਬੰਦ ਨਾ ਕਰਨ ਲਈ ਜਾਂਚ ਦਾ ਸਾਹਮਣਾ ਪੈ ਰਿਹਾ ਹੈ। ਮਾਉਈ ’ਤੇ ਸੈਂਸਰ ਨੈੱਟਵਰਕ ਚਲਾਉਣ ਵਾਲੀ ਇੱਕ ਕੰਪਨੀ ਦਾ ਕਹਿਣਾ ਹੈ ਕਿ ਉਸ ਨੂੰ ਅੱਗ ਲੱਗਣ ਤੋਂ ਕੁਝ ਘੰਟੇ ਪਹਿਲਾਂ ਵੱਡੇ ਉਪਭੋਗਤਾ ਗਰਿੱਡਜ਼ ’ਚ ਨੁਕਸ ਦਾ ਪਤਾ ਲੱਗਾ ਸੀ। ਹਵਾਈਅਨ ਇਲੈਕਟ੍ਰਿਕ ਨੇ ਸਾਲ 2019 ’ਚ ਜਨਤਕ ਤੌਰ ’ਤੇ ਇਹ ਗੱਲ ਆਖੀ ਸੀ ਕਿ ਉਹ ਜੰਗਲੀ ਅੱਗ ਦੇ ਖੇਤਰਾਂ ਦੀ ਪਹਿਚਾਣ ਕਰਨ ਲਈ ਡਰੋਨ ਸਰਵੇਖਣ ਕਰਾਏਗੀ ਅਤੇ ਇਹ ਨਿਰਧਾਰਿਤ ਕਰੇਗੀ ਕਿ ਇੱਥੋਂ ਦੇ ਵਸਨੀਕਾਂ ਨੂੰ ਅਤੇ ਬੁਨਿਆਦੀ ਢਾਂਚੇ ਨੂੰ ਸੁਰੱਖਿਅਤ ਰੱਖਣ ’ਚ ਕਿਵੇਂ ਮਦਦ ਕੀਤਾ ਜਾਵੇ। ਪਰ ਦ ਵਾਲ ਸਟਰੀਟ ਜਨਰਲ ਮੁਤਾਬਕ 2019 ਅਤੇ 2022 ਵਿਚਾਲੇ ਹਵਾਈਅਨ ਇਲੈਕਟ੍ਰਿਕ ਨੇ ਜੰਗਲੀ ਅੱਗ ਪ੍ਰਾਜੈਕਟਾਂ ’ਤੇ 245,000 ਤੋਂ ਘੱਟ ਡਾਲਰਾਂ ਦਾ ਨਿਵੇਸ਼ ਕੀਤਾ। ਜਨਰਲ ਦੀ ਰਿਪੋਰਟ ਮੁਤਾਬਕ ਹਵਾਈਅਨ ਇਲੈਕਟ੍ਰਿਕ ਨੇ 2022 ਤੱਕ ਵੀ ਸੁਰੱਖਿਆ ਸੁਧਾਰਾਂ ਸੰਬੰਧੀ ਭੁਗਤਾਨ ਕਰਨ ਲਈ ਦਰਾਂ ਵਧਾਉਣ ਬਾਰੇ ਸੂਬੇ ਤੋਂ ਮਨਜ਼ੂਰੀ ਨਹੀਂ ਲਈ ਸੀ ਅਤੇ ਦਰਾਂ ’ਚ ਵਾਧੇ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਮਿਲੀ ਹੈ।