‘ਦਿੱਲੀ ਧਰਨੇ ‘ਤੇ ਬੈਠੇ ਇਕ ਵੀ ਕਿਸਾਨ ਦੀ ਮੌਤ ਕੋਰੋਨਾ ਨਾਲ ਨਹੀਂ ਹੋਈ’

ਟੀਵੀ ਪੰਜਾਬ ਬਿਊਰੋ ਦਿੱਲੀ ਧਰਨੇ ‘ਤੇ ਬੈਠੀਆਂ ਦੇਸ਼ ਦੀਆਂ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਸਿੰਘੂ ਬਾਡਰ ’ਤੇ ਇਕ ਵੀ ਕਿਸਾਨ ਦੀ ਮੌਤ ਕੋਰੋਨਾ ਵਾਇਰਸ ਨਾਲ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਕੋਰੋਨਵਾਇਰਸ ਨਾਲ ਇੱਕ ਕਿਸਾਨ ਦੀ ਮੌਤ ਦਾ ਝੂਠ ਫੈਲਾ ਕੇ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚ ਰਹੀ ਹੈ।

ਕੁੰਡਲੀ ਦੇ ਕਿਸਾਨ ਅੰਦੋਲਨ ਦਫ਼ਤਰ ਵਿੱਚ 32 ਪ੍ਰਦਰਸ਼ਨਕਾਰੀ ਕਿਸਾਨ ਯੂਨੀਅਨਾਂ ਦੀ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਤੇ ਕੁਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਸਿੰਘੂ ਸਰਹੱਦ ’ਤੇ ਕੋਵਿਡ ਕਾਰਨ ਕਿਸੇ ਵੀ ਕਿਸਾਨ ਦੀ ਮੌਤ ਨਹੀਂ ਹੋਈ।
ਪਟਿਆਲਾ ਜ਼ਿਲ੍ਹੇ ਦੇ ਕਿਸਾਨ ਬਲਬੀਰ ਸਿੰਘ ਦੀ ਮੌਤ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੌਤ ਸ਼ੂਗਰ ਘਟਣ ਨਾਲ ਹੋਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸਾਨ ਦੀ ਮੌਤ ਕੋਵਿਡ ਕਾਰਨ ਹੋਈ ਸੀ ਤਾਂ ਸਿਹਤ ਵਿਭਾਗ ਨੇ ਉਸ ਦਾ ਪੋਸਟ ਮਾਰਟਮ ਕਿਉਂ ਕਰਵਾਇਆ ਸੀ? ਜਦਕਿ WHO ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ, ਕੋਰੋਨਾ ਪਾਜਟਿਵ ਮਰੀਜ਼ ਪੋਸਟਮਾਰਟਮ ਨਹੀਂ ਕਰਵਾਇਆ ਜਾ ਸਕਦਾ।

ਇਸ ਸਬੰਧੀ ਬੋਲਦੇ ਹੋਏ ਕੁਝ ਕਿਸਾਨਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਧਰਨੇ ਨੂੰ ਤਿੱਤਰ-ਬਿੱਤਰ ਕਰਨ ਲਈ ਅਜਿਹੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ। ਕਿਉਂਕਿ ਕਿਸਾਨ ਜਥੇਬੰਦੀਆਂ 26 ਮਈ ਨੂੰ ਦੇਸ਼ ਭਰ ਦੇ ਸਾਰੇ ਪਿੰਡਾਂ ਤੇ ਸ਼ਹਿਰਾਂ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਸਾੜਨ ਦੀ ਰਣਨੀਤੀ ਬਣਾ ਰਹੀਆਂ ਹਨ। ਉਸੇ ਦਿਨ ਕੇਂਦਰ ਸਰਕਾਰ ਦੇ ਸੱਤ ਸਾਲ ਵੀ ਪੂਰੇ ਹੋਣੇ ਹਨ।