ਮਨੀਕਰਨ ਸਾਹਿਬ ਘਟਨਾ ‘ਤੇ ਬੋਲੇ ਡੀ.ਜੀ.ਪੀ ਯਾਦਵ, ‘ਮਾਹੌਲ ਸ਼ਾਂਤੀਪੂਰਨ, ਅਫਵਾਹਾਂ ਤੋਂ ਬਚੋ’

ਚੰਡੀਗੜ੍ਹ- ਮਨੀਕਰਨ ਸਾਹਿਬ ਚ ਹੋਈ ਘਟਨਾ ਦਾ ਹਿਮਾਚਲ ਅਤੇ ਪੰਜਾਬ ਦੇ ਪੁਲਿਸ ਮੁਖੀਆਂ ਨੇ ਸਖਤ ਨੋਟਿਸ ਲਿਆ ਹੈ । ਹਿਮਾਚਲ ਦੇ ਡੀ.ਜੀ.ਪੀ ਸੰਜੇ ਕੁੰਡੂ ਅਤੇ ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਦੀ ਆਪਸ ਚ ਗੱਲਬਾਤ ਹੋਈ ਹੈ ।ਦੋਹਾਂ ਨੇ ਇਸ ਘਟਨਾ ਨੂੰ ਲੈ ਕੇ ਇਕ ਦੂਜੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ।ਗੌਰਵ ਯਾਦਵ ਨੇ ਟਵੀਟ ਕਰਕੇ ਕਿਹਾ ਕਿ ਹਿਮਾਚਲ ‘ਚ ਸਥਿਤੀ ਸ਼ਾਤੀਪੂਰਨ ਹੈ ਅਤੇ ਮੈਂ ਲੋਕਾਂ ਨੂੰ ਸਦਬਾਵਨਾ ਬਣਾ ਕੇ ਰੱਖਣ ਦੀ ਅਪੀਲ਼ ਕਰਦਾ ਹਾਂ ।ਮੈਂ ਹਿਮਾਚਲ ਦੇ ਡੀ.ਜੀ.ਪੀ ਨਾਲ ਗੱਲ ਕੀਤੀ ਹੈ । ਕਨੂੰਨ ਵਿਵਸਥਾ ਬਣਾ ਕੇ ਰੱਖਣ ਲਈ ਅਸੀਂ ਮਿਲ ਕੇ ਕੰਮ ਕਰ ਰਹੇ ਹਾਂ । ਨਾਗਰਿਕਾਂ ਨੂੰ ਬੇਨਤੀ ਹੈ ਕਿ ਫਰਜ਼ੀ ਖਬਰਾਂ ਨਾਲ ਫੈਲਾਉਣ।

ਓਧਰ ਹਿਮਾਚਲ ਦੇ ਪੁਲਿਸ ਮੁਖੀ ਸੰਜੇ ਕੁੰਡੂ ਨੇ ਵੀ ਟਵੀਟ ਕਰਕੇ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ । ਉਨ੍ਹਾਂ ਕਿਹਾ ਕਿ ਘਟਨਾ ਬੀਤੀ ਰਾਤ ਅਤੇ ਤੜਕਸਾਰ ਦੀ ਹੈ। ਝੂਠੀਆਂ ਖਬਰਾਂ ਅਤੇ ਅਫਵਾਹਾਂ ਦੇ ਸ਼ਿਕਾਰ ਨਾ ਹੋਵੋ । ਸਾਰੇ ਸੈਲਾਨੀਆਂ ਅਤੇ ਸ਼ਰਧਾਂਲੂਆਂ ਦਾ ਹਿਮਾਚਲ ਪ੍ਰਦੇਸ਼ ਚ ਸਵਾਗਤ ਹੈ ।

ਜ਼ਿਕਰਯੋਗ ਹੈ ਕਿ ਪੰਜਾਬ ਤੋਂ ਮਨੀਕਰਨ ਪਹੁੰਚੇ ਨੌਜਵਾਨਾਂ ਵੱਲੋਂ ਕੀਤੀ ਗਈ ਗੁੰਡਾਗਰਦੀ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ਵਿਚ ਨੌਜਵਾਨ ਤਲਵਾਰਾਂ ਲਹਿਰਾ ਰਹੇ ਹਨ ਤੇ ਵਾਹਨਾਂ ਦੀ ਭੰਨਤੋੜ ਕੀਤੀ ਜਾ ਰਹੀ ਹੈ।

ਇਹ ਮਾਮਲਾ ਬੀਤੀ ਰਾਤ ਦਾ ਦੱਸਿਆ ਜਾ ਰਿਹਾ ਹੈ। ਇਹ ਲੋਕ ਇਥੇ ਦਰਸ਼ਨ ਕਰਨ ਲਈ ਆਏ ਸਨ। ਪੰਜਾਬ ਦੇ ਡੀਜੀਪੀ ਨੇ ਇਸ ਮਾਮਲੇ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਤੇ ਇਸ ਘਟਨਾ ਬਾਰੇ ਜਾਣਕਾਰੀ ਲਈ ਹੈ। ਇਸ ਸਬੰਧੀ ਪੁਲਿਸ ਨੇ ਮਾਮਲਾ ਵੀ ਦਰਜ ਕੀਤਾ ਹੈ। ਪੰਜਾਬ ਪੁਲਿਸ ਨਾਲ ਵੀ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਨ੍ਹਾਂ ਨੌਜਵਾਨਾਂ ਦੀ ਪਛਾਣ ਅਜੇ ਨਹੀਂ ਕੀਤੀ ਜਾ ਸਕੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਪੰਜਾਬ ਤੋਂ ਇਥੇ ਦਰਸ਼ਨ ਕਰਨ ਆਏ ਸਨ।

ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਇਥੇ ਕਿਸੇ ਝਗੜੇ ਪਿੱਛੋਂ ਨੌਜਵਾਨ ਭੜਕ ਗਏ ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਘਰਾਂ ਦੇ ਸ਼ੀਸ਼ੇ ਵੀ ਤੋੜੇ ਗਏ। ਇਸ ਦੌਰਾਨ ਕੁਝ ਸਥਾਨਕ ਲੋਕਾਂ ਨੂੰ ਸੱਟਾਂ ਵੱਜਣ ਦੀ ਵੀ ਖਬਰ ਹੈ।