ਜਲੰਧਰ : ਨੈਸ਼ਨਲ ਕੈਰੀਅਰ ਸਰਵਿਸ ਸੈਂਟਰ, ਜਲੰਧਰ ਦੇ ਦਫ਼ਤਰ ਵਿਚ ਅੱਜ 2020-21 ਦੀ ਵਿਸ਼ੇਸ਼ ਕੋਚਿੰਗ ਸਕੀਮ ਦੇ ਯੋਗ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡਣ ਲਈ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਜਲੰਧਰ ਦੇ ਡਿਪਟੀ ਡਾਇਰੈਕਟਰ ਜਸਵੰਤ ਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਦੇ ਹਰੇਕ ਪੜਾਅ ‘ਤੇ ਸਕਾਰਾਤਮਕ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਕਾਰਾਤਮਕ ਸੋਚ ਦਾ ਧਾਰਨੀ ਬਣ ਕੇ ਜ਼ਿੰਦਗੀ ਦੇ ਕਈ ਮਸਲੇ ਆਸਾਨੀ ਨਾਲ ਹੱਲ ਕੀਤੇ ਜਾ ਸਕਦੇ ਹਨ।
ਇਸ ਮੌਕੇ ਸਰਟੀਫਿਕੇਟ ਵੰਡ ਪ੍ਰੋਗਰਾਮ ਤੋਂ ਇਲਾਵਾ ਵਿਦਿਆਰਥੀਆਂ ਲਈ “ਕੈਰੀਅਰ ਬਿਲਡਿੰਗ ਪ੍ਰੋਗਰਾਮ” ਵੀ ਕਰਵਾਇਆ ਗਿਆ, ਜਿਸ ਵਿਚ ਕਰੀਅਰ ਕਾਊਂਸਲਰ ਜਸਵੀਰ ਸਿੰਘ, ਜੋ ਕਿ ਪ੍ਰੋਗਰਾਮ ਦੇ ਮੋਟੀਵੇਸ਼ਨਲ ਸਪੀਕਰ ਸਨ, ਵੱਲੋਂ ਵੱਖ-ਵੱਖ ਤਕਨੀਕਾਂ ਅਤੇ ਵਿਧੀਆਂ ਨਾਲ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ।
ਉਕਤ ਪ੍ਰੋਗਰਾਮ ਦਾ ਆਯੋਜਨ ਅਤੇ ਸੰਚਾਲਨ ਉਪ ਖੇਤਰੀ ਰੋਜ਼ਗਾਰ ਅਫਸਰ, ਨੈਸ਼ਨਲ ਕਰੀਅਰ ਸਰਵਿਸ ਸੈਂਟਰ, ਜਲੰਧਰ ਸ. ਗੁਰਦਿਆਲ ਚੰਦ ਵੱਲੋਂ ਕੀਤਾ ਗਿਆ। ਉਨ੍ਹਾਂ ਸਮਾਗਮ ਵਿੱਚ ਸ਼ਾਮਲ ਹੋਏ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਸਫ਼ਲਤਾ ਹਾਸਲ ਕਰਨ ਲਈ ਲਗਾਤਾਰ ਮਿਹਨਤ ਕਰਨ ‘ਤੇ ਜ਼ੋਰ ਦਿੱਤਾ।
ਗੁਰਦਿਆਲ ਚੰਦ ਨੇ ਇਹ ਵੀ ਦੱਸਿਆ ਕਿ ਇਹ ਕੇਂਦਰ ਐਸ.ਸੀ./ਐਸ.ਟੀ. ਉਮੀਦਵਾਰਾਂ ਲਈ ਐਜੂਕੇਸ਼ਨਲ ਵੈਲਿਯੂ ਦੀਆਂ ਮੁਫ਼ਤ ਸਲਾਨਾ ਸਕੀਮਾਂ ਨਾਲ ਸਬੰਧਤ ਹੈ, ਜਿਸ ਵਿਚ ਵਿਸ਼ੇਸ਼ ਕੋਚਿੰਗ ਸਕੀਮ ਸ਼ਾਮਲ ਹਨ, ਜਿਨ੍ਹਾਂ ਦੀ ਕਰੀਅਰ ਪੱਖੋਂ ਬਹੁਤ ਮਹੱਤਤਾ ਹੈ। ਅਗਲਾ ਕੋਰਸ ਦਸੰਬਰ, 2021 ਦੇ ਪਹਿਲੇ ਹਫ਼ਤੇ ਦੌਰਾਨ ਸ਼ੁਰੂ ਹੋ ਜਾ ਰਿਹਾ ਹੈ, ਜਿਸ ਦਾ ਐਸ.ਸੀ./ਐਸ.ਟੀ. ਸ਼੍ਰੇਣੀ ਦੇ ਚਾਹਵਾਨ ਲਾਭ ਲੈ ਸਕਦੇ ਹਨ।
ਟੀਵੀ ਪੰਜਾਬ ਬਿਊਰੋ