ਮੈਂ ਕੁਝ ਵੀ ਗ਼ਲਤ ਨਹੀਂ ਕੀਤਾ- ਟਰੰਪ

Atlanta- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਆਤਮ ਸਮਰਪਣ ਮਗਰੋਂ ਫੁਲਟਨ ਕਾਊਂਟੀ ਜੇਲ੍ਹ ’ਚੋਂ ਬਾਂਡ ’ਤੇ ਰਿਹਾਅ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਆਪਣੇ ਵਿਰੁੱਧ ਲੱਗੇ ਅਪਰਾਧਿਕ ਮਾਮਲਿਆਂ ਨੂੰ ‘ਨਿਆਂ ਦਾ ਮਾਖੌਲ’ ਦੱਸਆ।
ਟਰੰਪ ਨੇ ਕਿਹਾ, ‘‘ਸਾਨੂੰ ਉਸ ਚੋਣ ਨੂੰ ਚੁਣੌਤੀ ਦੇਣ ਦਾ ਪੂਰਾ ਹੱਕ ਹੈ, ਜਿਸ ਨੂੰ ਅਸੀਂ ਬੇਇਮਾਨ ਸਮਝਦੇ ਹਾਂ।’’ ਉਨ੍ਹਾਂ ਅੱਗੇ ਕਿਹਾ, ‘‘ਤੁਹਾਨੂੰ ਚੋਣਾਂ ਨੂੰ ਚੁਣੌਤੀ ਦੇਣ ਦੇ ਸਮਰੱਥ ਹੋਣਾ ਚਾਹੀਦਾ ਹੈ। ਮੇਰ ਮੰਨਣਾ ਹੈ ਕਿ ਚੋਣਾਂ ਇੱਕ ਧੋਖਾਧੜੀ ਵਾਲੀਆਂ ਚੋਣਾਂ ਸਨ।’’
ਉਨ੍ਹਾਂ ਅੱਗੇ ਕਿਹਾ, ‘‘ਮੈਂ ਕੁਝ ਗ਼ਲਤ ਨਹੀਂ ਕੀਤਾ ਅਤੇ ਇਹ ਗੱਲ ਹਰ ਕੋਈ ਜਾਣਦਾ ਹੈ।’’ ਇਸ ਦੇ ਨਾਲ ਹੀ ਇਸ ਮੌਕੇ ਟਰੰਪ ਨੇ ਆਪਣੇ ਵਿਰੁੱਧ ਹੋਰ ਲੰਬਿਤ ਮਾਮਲਿਆਂ ਬਾਰੇ ਬੋਲਦਿਆਂ ਕਿਹਾ, ‘‘ਇਹ ਇੱਕ ਉਦਾਹਰਣ ਹੈ ਪਰ ਤੁਹਡੇ ਕੋਲ ਤਿੰਨ ਹੋਰ ਉਦਾਹਰਣਾਂ ਹਨ। ਇਹ ਚੋਣਾਂ ’ਚ ਦਖ਼ਲ ਅੰਦਾਜ਼ੀ ਹੈ।’’
ਦੱਸ ਦਈਏ ਕਿ ਜਾਰਜੀਆ ’ਚ ਟਰੰਪ ਦਾ ਆਤਮ ਸਮਰਪਣ ਇਸ ਸਾਲ ਦਾ ਇਹ ਚੌਥਾ ਅਜਿਹਾ ਮਾਮਲਾ ਹੈ, ਜਦੋਂ ਸਾਬਕਾ ਰਾਸ਼ਟਰਪਤੀ ਨੇ ਆਪਣੇ ਵਿਰੁੱਧ ਅਪਰਾਧਿਕ ਦੋਸ਼ ਲਾਏ ਜਾਣ ਮਗਰੋਂ ਖ਼ੁਦ ਨੂੰ ਸਥਾਨਕ ਜਾਂ ਫੈਡਰਲ ਅਧਿਕਾਰੀਆਂ ਦੇ ਹਵਾਲੇ ਕੀਤਾ ਹੋਵੇ। ਇਹ ਅਜਿਹੇ ਘਟਨਾਕ੍ਰਮ ਹਨ, ਜਿਹੜੇ ਕਿ ਅਮਰੀਕਾ ’ਚ 2023 ਤੋਂ ਪਹਿਲਾਂ ਸ਼ਾਇਦ ਹੀ ਕਦੇ ਦੇਖੇ ਗਏ ਹੋਣ।
ਇਸ ਸਾਲ ਅਪ੍ਰੈਲ ’ਚ ਸਾਬਕਾ ਰਾਸ਼ਟਰਪਤੀ ’ਤੇ ਗੁਪਤ ਧਨ ਯੋਜਵਾਨਾਂ ਨਾਲ ਸੰਬੰਧਿਤ ਦੋਸ਼ਾਂ ’ਚ ਨਿਊਯਾਰਕ ’ਚ ਮਾਮਲਾ ਦਰਜ ਕੀਤਾ ਗਿਆ ਸੀ। ਜੂਨ ’ਚ ਉਨ੍ਹਾਂ ਨੇ ਵਰਗੀਕ੍ਰਿਤ ਦਸਤਾਵੇਜ਼ਾਂ ਦੀ ਦੁਰਵਰਤੋਂ ਕਰਨ ਦੇ ਮਾਮਲੇ ’ਚ ਵਿਸ਼ੇਸ਼ ਵਕੀਲ ਜੈਕ ਸਮਿਥ ਦੀ ਜਾਂਚ ’ਚ ਦੋਸ਼ਾਂ ਦਾ ਸਾਹਮਣਾ ਕਰਨ ਲਈ ਮਿਆਮੀ ਦੀ ਫੈਡਰਲ ਅਦਾਲਤ ’ਚ ਆਤਮ ਸਮਰਪਣ ਕੀਤਾ ਸੀ।
ਇੰਨਾ ਹੀ ਨਹੀਂ, ਇਸ ਮਹੀਨੇ ਦੀ ਸ਼ੁਰੂਆਤ ’ਚ ਟਰੰਪ ਨੂੰ ਵਾਸ਼ਿੰਗਟਨ ਡੀ. ਸੀ. ’ਚ ਗਿ੍ਰਫ਼ਤਾਰ ਕੀਤਾ ਗਿਆ ਸੀ ਅਤੇ 2020 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਦੇ ਯਤਨਾਂ ਦੀ ਜਾਂਚ ’ਚ ਸਮਿਥ ਵਲੋਂ ਲਾਏ ਗਏ ਦੋਸ਼ਾਂ ’ਤੇ ਉਨ੍ਹਾਂ ਵਿਰੁੱਧ ਮੁਕੱਦਮਾ ਚਲਾਇਆ ਗਿਆ ਸੀ। ਇਹ ਸਾਰੇ ਮਾਮਲੇ ਅਗਲੇ ਸਾਲ ਉਸੇ ਵੇਲੇ ਸਾਹਮਣੇ ਆ ਸਕਦੇ ਹਨ, ਜਦੋਂ ਟਰੰਪ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜ ਰਹੇ ਹਨ।