ਕੇਜਰੀਵਾਲ ‘ਤੇ ਇਲਜ਼ਾਮ ਲਗਾਉਣ ਵਾਲੇ ਡਾ. ਵਿਸ਼ਵਾਸ ਨੂੰ ਮਿਲੀ Y Plus ਸੁਰੱਖਿਆ

ਨਵੀਂ ਦਿੱਲੀ : ਪ੍ਰਸਿੱਧ ਕਵੀ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਸੀਨੀਅਰ ਮੈਂਬਰ ਕੁਮਾਰ ਵਿਸ਼ਵਾਸ ਦੀ ਸੁਰੱਖਿਆ ‘ਚ ਇਜ਼ਾਫਾ ਕੀਤਾ ਗਿਆ ਹੈ। ਉਹਨਾਂ ਨੂੰ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਕੁਮਾਰ ਵਿਸ਼ਵਾਸ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਦੀ ‘ਵਾਈ ਪਲੱਸ’ ਸ਼੍ਰੇਣੀ ਸੁਰੱਖਿਆ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ y ਸ਼੍ਰੇਣੀ ਦੇ ਤਹਿਤ CRPF ਦੇ ਚਾਰ ਨਿੱਜੀ ਸੁਰੱਖਿਆ ਅਧਿਕਾਰੀ ਹਰ ਸਮੇਂ ਵਿਸ਼ਵਾਸ ਦੀ ਸੁਰੱਖਿਆ ‘ਚ ਤਾਇਨਾਤ ਰਹਿੰਦੇ ਸਨ ਪਰ ਹੁਣ ਸੁਰੱਖਿਆ ਵਧਾ ਦਿੱਤੀ ਗਈ ਹੈ। ਕੁਮਾਰ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵੱਖਵਾਦੀਆਂ ਦਾ ਸਮਰਥਨ ਕਰਨ ਦੇ ਦੋਸ਼ ਲਾਏ ਸਨ। ਵੱਖਵਾਦੀ ਤਾਕਤਾਂ ਦੇ ਖਤਰੇ ਨੂੰ ਦੇਖਦੇ ਹੋਏ ਸੁਰੱਖਿਆ ਵਧਾ ਦਿੱਤੀ ਗਈ ਹੈ।

Y+ ਸ਼੍ਰੇਣੀ ਦੀ ਸੁਰੱਖਿਆ ਮਿਲਣ ਤੋਂ ਬਾਅਦ CRPF ਕਮਾਂਡੋ ਉਨ੍ਹਾਂ ਦੇ ਨਾਲ ਹੋਣਗੇ। ਕੁਮਾਰ ਵਿਸ਼ਵਾਸ ਦੇ ਨਾਲ ਹਥਿਆਰਬੰਦ ਪੁਲਿਸ ਦੇ 11 ਕਮਾਂਡੋ ਤਾਇਨਾਤ ਕੀਤੇ ਜਾਣਗੇ। ਇਸ ਵਿੱਚ ਸੁਰੱਖਿਆ ਲਈ ਉਨ੍ਹਾਂ ਦੇ ਘਰ ਅਤੇ ਆਲੇ-ਦੁਆਲੇ 5 ਸਟੈਟਿਕ ਪੁਲਿਸ ਮੁਲਾਜ਼ਮ ਰਹਿਣਗੇ। ਇਸ ਦੇ ਨਾਲ 6 ਪੀਐਸਓ 3 ਸ਼ਿਫਟਾਂ ਵਿੱਚ ਉਨ੍ਹਾਂ ਦੀ ਸੁਰੱਖਿਆ ਕਰਨਗੇ।