Brampton- ਇਸ ਮਹੀਨੇ ਦੀ ਸ਼ੁਰੂਆਤ ’ਚ ਬਰੈਂਪਟਨ ’ਚ ਕਈ ਵਾਹਨਾਂ ਦੀ ਹੋਈ ਜ਼ਬਰਦਸਤ ਟੱਕਰ ’ਚ ਇੱਕ ਮਹਿਲਾ ਅਤੇ ਉਸ ਦੇ ਦੋ ਬੱਚਿਆਂ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰਨ ਮਗਰੋਂ ਮੌਕੇ ਤੋਂ ਫ਼ਰਾਰ ਹੋਏ ਪਿਕਅੱਪ ਚਾਲਕ ਗੁਰਪ੍ਰੀਤ ਹੇਹਰ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਪੀਲ ਰਿਜਨਲ ਪੁਲਿਸ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਬੀਤੀ 3 ਅਗਸਤ ਨੂੰ ਕਲਾਕ ਬੁਲੇਵਾਰਡ ਅਤੇ ਏਅਰਪੇਰਟ ਰੋਡ ਚੌਰਾਹੇ ’ਤੇ ਵਾਪਰੇ ਹਾਦਸੇ ’ਚ ਅੱਜ 40 ਸਾਲਾ ਗੁਰਪ੍ਰੀਤ ਹੇਹਰ ਨੂੰ ਗਿ੍ਰਫ਼ਤਾਰ ਕੀਤਾ ਹੈ। ਗੁਰਪ੍ਰੀਤ ਹਾਦਸੇ ਵਾਲੇ ਦਿਨ ਕਥਿਤ ਤੌਰ ’ਤੇ ਚੋਰੀ ਦੀ ਕਾਲੀ 2016 ਡਾਜ ਰੈਮ ਨੂੰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਹਾਦਸੇ ਦੀ ਸੀ. ਸੀ. ਟੀ. ਵੀ. ਫੁਟੇਜ ’ਚ ਇਹ ਗੱਲ ਸਾਫ਼ ਤੌਰ ’ਤੇ ਸਾਹਮਣੇ ਆਈ ਹੈ ਕਿ ਉਸ ਦੇ ਤੇਜ਼ ਰਫ਼ਤਾਰ ਪਿੱਕਅਪ ਨੇ ਲਾਲ ਬੱਤੀ ’ਤੇ ਰੁਕੀਆਂ ਗੱਡੀਆਂ ਨੂੰ ਟੱਕਰ ਮਾਰੀ। ਇਸ ਹਾਦਸੇ ਦੌਰਾਨ ਇੱਕ ਮਾਂ ਅਤੇ ਉਸ ਦੇ ਦੋ ਬੱਚਿਆਂ ਸਣੇ ਕੁੱਲ 6 ਲੋਕ ਜ਼ਖ਼ਮੀ ਹੋਏ ਸਨ। ਹਾਦਸੇ ’ਚ ਐਸ. ਯੂ. ਵੀ. ’ਚ ਸਵਾਰ ਸਾਮੰਥਾ ਰਿਚੀ ਅਤੇ ਉਸ ਦੇ 12 ਸਾਲ 8 ਸਾਲ ਦੇ ਦੋ ਬੱਚਿਆਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ ਸੀ। ਹਾਲਾਂਕਿ ਇਸ ਹਾਦਸੇ ’ਚ ਉਨ੍ਹਾਂ ਦਾ ਪਾਲਤੂ ਕੁੱਤਾ ਫਿਨਨੇਗਨ ਮਾਰਿਆ ਗਿਆ। ਚੋਰੀ ਦੇ ਵਾਹਨ ’ਚ ਸਵਾਰ ਇੱਕ ਹੋਰ ਯਾਤਰੀ ਸਣੇ ਤਿੰਨ ਹੋਰਨਾਂ ਵੀ ਸੱਟਾਂ ਲੱਗੀਆਂ ਸਨ। ਪੁਲਿਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਗੁਰਪ੍ਰੀਤ ਪੈਦਲ ਹੀ ਮੌਕੇ ਤੋਂ ਫ਼ਰਾਰ ਹੋ ਗਿਆ।
ਇਸ ਘਟਨਾ ਤੋਂ ਬਾਅਦ ਹੁਣ ਗੁਰਪ੍ਰੀਤ ਨੂੰ 18 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ’ਚ ਸਰੀਰ ਨੂੰ ਨੁਕਸਾਨ ਪਹੁੰਚਾਣ ਵਾਲੇ ਦੋਸ਼, ਸਰੀਰਕ ਨੁਕਸਾਨ ਪਹੁੰਚਾਉਣ ਮਗਰੋਂ ਜ਼ਖ਼ਮੀਆਂ ਦੀ ਮਦਦ ਕਰਨ ’ਚ ਅਸਫ਼ਲ ਰਹਿਣ ਦੇ ਚਾਰ ਦੋਸ਼ ਅਤੇ ਮਨਾਹੀ ਦੌਰਾਨ ਕੰਮ ਕਰਨ ਦੇ ਪੰਜ ਦੋਸ਼ ਸ਼ਾਮਿਲ ਹਨ। ਪੁਲਿਸ ਦਾ ਕਹਿਣਾ ਹੈ ਕਿ ਹੇਹਰ ਖ਼ਰਾਬ ਡਰਾਈਵਿੰਗ, ਖ਼ਤਰਨਾਕ ਡਰਾਈਵਿੰਗ ਅਤੇ ਪੁਲਿਸ ਲਈ ਰੁਕਣ ’ਚ ਅਸਫ਼ਲ ਰਹਿਣ ਵਰਗੇ ਅਪਰਾਧਾਂ ਦੇ ਚੱਲਦਿਆਂ ਸੂਬਾ ਵਿਆਪੀ ਡਰਾਈਵਿੰਗ ਪਾਬੰਦੀ ਦੇ ਅਧੀਨ ਹੈ।