ਸਮਾਣਾ ਦੇ ਪਿੰਡ ਦੋਦੜਾ ‘ਚ ਵੱਡਾ ਹਾਦਸਾ, ਗੋਬਰ ਗੈਸ ਦੇ ਖੂਹ ‘ਚ ਡਿੱਗਣ ਨਾਲ ਦੋ ਕਿਸਾਨਾਂ ਦੀ ਮੌਤ

ਟੀਵੀ ਪੰਜਾਬ ਬਿਊਰੋ– ਸਮਾਣਾ ਦੇ ਨਾਲ ਲੱਗਦੇ ਪਿੰਡ ਦੋਦੜਾ ਵਿਖੇ ਸ਼ਨੀਵਾਰ ਸਵੇਰੇ ਵੱਡਾ ਹਾਦਸਾ ਵਾਪਰਿਆ। ਇੱਥੇ ਗੋਬਰ ਗੈਸ ਪਲਾਂਟ ਦੇ ਖੂਹ ‘ਚ ਡਿੱਗਣ ਕਾਰਨ 2 ਕਿਸਾਨਾਂ ਦੀ ਮੌਤ ਹੋ ਗਈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦਰਸ਼ਨ ਸਿੰਘ ਪੁੱਤਰ ਦਯਾ ਸਿੰਘ ਆਪਣੇ ਹੀ ਘਰ ‘ਚ ਬਣੇ ਗੋਬਰ ਗੈਸ ਪਲਾਂਟ ਦੇ ਲੀਕ ਹੋ ਰਹੇ ਪਾਈਪ ਨੂੰ ਠੀਕ ਕਰਨ ਲਈ ਪਲਾਂਟ ਦੇ ਖੂਹ ਵਿਚ ਉਤਰ ਗਿਆ ਅਤੇ ਉਸ ਨੂੰ ਗੈਸ ਚੜ੍ਹ ਗਈ। ਉਸ ਨੂੰ ਬਚਾਉਣ ਲਈ ਬਾਹਰ ਖੜ੍ਹਾ ਗੁਰਧਿਆਨ ਸਿੰਘ ਪੁੱਤਰ ਲਾਭ ਸਿੰਘ ਵੀ ਪਲਾਂਟ ਦੇ ਖੂਹ ਵਿਚ ਉਤਰ ਗਿਆ। ਇਹ ਹਾਦਸਾ ਦੇਖ ਪਰਿਵਾਰ ਵੱਲੋਂ ਰੌਲਾ-ਰੱਪਾ ਪਾਇਆ ਗਿਆ ਅਤੇ ਪਿੰਡ ਵਾਸੀਆਂ ਨੇ ਦੋਹਾਂ ਨੂੰ ਅੱਧਮਰੀ ਹਾਲਤ ਵਿੱਚ ਬਾਹਰ ਕੱਢਿਆ।

ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਡਾਕਟਰਾਂ ਦੀ ਟੀਮ ਵੱਲੋਂ ਦਰਸ਼ਨ ਅਤੇ ਗੁਰਧਿਆਨ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਤੋਂ ਬਾਅਦ ਇਨ੍ਹਾਂ ਦੋਹਾਂ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਸਮਾਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਜ਼ਿਕਰਯੋਗ ਹੈਨ ਕਿ 10 ਦਿਨ ਪਹਿਲਾਂ ਇਸ ਗੋਬਰ ਗੈਸ ਪਲਾਂਟ ਦੀ ਸਫ਼ਾਈ ਕੀਤੀ ਗਈ ਸੀ ਪਰ ਅੱਜ ਅਚਾਨਕ ਇਹ ਵੱਡਾ ਹਾਦਸਾ ਵਾਪਰ ਗਿਆ।