ਜੈਸ਼ੰਕਰ ਕਰਨਗੇ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ

New Delhi- ਭਾਰਤ-ਕੈਨੇਡਾ ਵਿਚਾਲੇ ਚੱਲ ਰਹੇ ਕੂਟਨੀਤਿਕ ਤਣਾਅ ਵਿਚਾਲੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵਲੋਂ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ ਜਾਵੇਗੀ। ਇਹ ਮੁਲਾਕਾਤ ਵੀਰਵਾਰ ਨੂੰ ਸੰਭਵ ਹੈ। ਇਸੇ ਸਾਲ ਜੂਨ ਮਹੀਨੇ ਹੋਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਰਿਸ਼ਤੇ ਕੁਝ ਠੀਕ ਨਹੀਂ ਚੱਲ ਰਹੇ।
ਐਸ. ਜੈਸ਼ੰਕਰ ਅਤੇ ਐਂਟਨੀ ਬਲਿੰਕਨ ਵਿਚਾਲੇ ਹੋਣ ਵਾਲੀ ਬੈਠਕ ਨੂੰ ਲੈ ਕੇ ਦੋਹਾਂ ਪੱਖਾਂ ਦੇ ਅਧਿਕਾਰੀ ਫਿਲਹਾਲ ਚੁੱਪ ਹਨ। ਕੋਈ ਵੀ ਬੈਠਕ ਦੇ ਏਜੰਡੇ ਨੂੰ ਲੈ ਕੇ ਕੁਝ ਵੀ ਸਾਫ਼ ਤੌਰ ’ਤੇ ਨਹੀਂ ਦੱਸ ਰਿਹਾ। ਹਾਲਾਂਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ਦੌਰਾਨ ਅਮਰੀਕਾ, ਭਾਰਤ ਅਤੇ ਕੈਨੇਡਾ, ਜਿਹੜੇ ਕਿ ਉਸ ਦੇ ਪੁਰਾਣੇ ਦੋਸਤ ਰਹੇ ਹਨ, ਦਰਮਿਆਨ ਰਿਸ਼ਤਿਆਂ ਨੂੰ ਮੁੜ ਆਮ ਬਣਾਉਣ ਲਈ ਇਸ ਮੁੱਦੇ ਨੂੰ ਚੁੱਕ ਸਕਦਾ ਹੈ।
ਹਾਲਾਂਕਿ ਇਸ ਬੈਠਕ ਨੂੰ ਲੈ ਕੇ ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿਲਰ ਨੇ ਬਿਆਨ ਵੀ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਉਸ ਬੈਠਕ ’ਚ ਉਨ੍ਹਾਂ (ਬਲਿੰਕਨ) ਦੀ ਗੱਲਬਾਤ ਦਾ ਅੰਦਾਜ਼ਾ ਨਹੀਂ ਲਾਉਣਾ ਚਾਹੁੰਦਾ ਪਰ ਜਿਵੇਂ ਕਿ ਅਸੀਂ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਇਸ ਮੁੱਦੇ ਨੂੰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮੁੱਦੇ ’ਤੇ ਆਪਣੇ ਭਾਰਤੀ ਹਮਰੁਤਬਾ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਕੈਨੇਡੀਆਈ ਜਾਂਚ ’ਚ ਸਹਿਯੋਗ ਕਰਨ ਲਈ ਉਤਸ਼ਾਹਿਤ ਕੀਤਾ ਹੈ ਅਤੇ ਅਸੀਂ ਅਜਿਹਾ ਕਰਨਾ ਅੱਗੇ ਵੀ ਜਾਰੀ ਰੱਖਾਂਗੇ।