ਹੁਣ ਹਿੰਦੀ ਸਣੇ ਇਨ੍ਹਾਂ 8 ਭਾਸ਼ਾਵਾਂ ‘ਚ ਵੀ ਹੋਵੇਗੀ ਇੰਜਨੀਅਰਿੰਗ, ਪੰਜਾਬੀ ਸ਼ਾਮਲ ਨਹੀਂ

ਟੀਵੀ ਪੰਜਾਬ ਬਿਊਰੋ-ਭਾਰਤ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਹੁਣ ਹਿੰਦੀ ਸਮੇਤ ਸਾਰੀਆਂ ਦੂਜੀਆਂ ਭਾਰਤੀ ਭਾਸ਼ਵਾਂ ‘ਚ ਵੀ ਹੋਇਆ ਕਰੇਗੀ। ਅਖਿਲ ਭਾਰਤੀ ਤਕਨੀਕੀ ਸਿੱਖਿਆ ਕੌਂਸਲ (ਏਆਈਸੀਟੀਈ) ਨੇ ਫਿਲਹਾਲ ਨਵੇਂ ਵਿੱਦਿਅਕ ਸੈਸ਼ਨ ਤੋਂ ਹਿੰਦੀ ਸਮੇਤ ਅੱਠ ਭਾਰਤੀ ਭਾਸ਼ਾਵਾਂ ‘ਚ ਇਸ ਨੂੰ ਪੜ੍ਹਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਅਖਿਲ ਭਾਰਤੀ ਤਕਨੀਕੀ ਸਿੱਖਿਆ ਕੌਂਸਲ ਨੇ ਇਹ ਪਹਿਲ ਉਸ ਸਮੇਂ ਕੀਤੀ ਹੈ, ਜਦੋਂ ਜਰਮਨੀ, ਰੂਸ, ਫਰਾਂਸ, ਜਾਪਾਨ ਤੇ ਚੀਨ ਸਮੇਤ ਦੁਨੀਆ ਦੇ ਦਰਜਨਾਂ ਦੇਸ਼ਾਂ ‘ਚ ਪੂਰੀ ਸਿੱਖਿਆ ਹੀ ਸਥਾਨਕ ਭਾਸ਼ਾਵਾਂ ‘ਚ ਦਿੱਤੀ ਜਾ ਰਹੀ ਹੈ। ਇਸ ਪਹਿਲ ਨਾਲ ਪੇਂਡੂ ਤੇ ਆਦਿਵਾਸੀ ਇਲਾਕਿਆਂ ‘ਚੋਂ ਨਿਕਲਣ ਵਾਲੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਵੇਗਾ ਕਿਉਂਕਿ ਮੌਜੂਦਾ ਸਮੇਂ ‘ਚ ਉਹ ਇਨ੍ਹਾਂ ਕੋਰਸਾਂ ਦੇ ਅੰਗਰੇਜ਼ੀ ਭਾਸ਼ਾ ਵਿਚ ਹੋਣ ਕਾਰਨ ਪੜ੍ਹਾਈ ਤੋਂ ਪਿੱਛੇ ਹਟ ਜਾਂਦੇ ਹਨ।

ਹਿੰਦੀ ਦੇ ਨਾਲ ਨਾਲ ਇਨ੍ਹਾਂ ਅੱਠ ਭਾਸ਼ਾਵਾਂ ‘ਚ ਵੀ ਹੋਵੇਗੀ ਇੰਜਨੀਅਰਿੰਗ

ਹਿੰਦੀ ਦੇ ਨਾਲ ਨਾਲ ਇਸ ਨੂੰ ਜਿਨ੍ਹਾਂ ਹੋਰ ਸੱਤ ਭਾਰਤੀ ਭਾਸ਼ਾਵਾਂ ‘ਚ ਪੜ੍ਹਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ, ਉਨ੍ਹਾਂ ‘ਚ ਮਰਾਠੀ, ਬੰਗਾਲੀ, ਤੇਲਗੂ, ਤਾਮਿਲ, ਗੁਜਰਾਤੀ ਤੇ ਕੰਨੜ ਤੇ ਮਲਿਆਲਮ ਸ਼ਾਮਲ ਹਨ। ਆਉਣ ਵਾਲੇ ਦਿਨਾਂ ‘ਚ ਏਆਈਸੀਟੀਈ ਦੀ ਯੋਜਨਾ ਕਰੀਬ 11 ਭਾਰਤੀ ਭਾਸ਼ਾਵਾਂ ‘ਚ ਇਸ ਨੂੰ ਪੜ੍ਹਾਉਣ ਦੀ ਹੈ। ਫਿਲਹਾਲ ਤਕ ਪੰਜਾਬੀ ਨੂੰ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ। ਪਾਠਕ੍ਰਮਾਂ ਨੂੰ ਇਨ੍ਹਾਂ ਸਾਰੀਆਂ ਭਾਸ਼ਾਵਾਂ ‘ਚ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਸਾਫਟਵੇਅਰ ਦੀ ਮਦਦ ਨਾਲ ਤਿਆਰ ਕੀਤਾ ਜਾ ਰਿਹੈ ਕੋਰਸ

ਹਿੰਦੀ ਸਮੇਤ ਜਿੰਨਾ ਅੱਠ ਸਥਾਨਕ ਭਾਰਤੀ ਭਾਸ਼ਾਵਾਂ ‘ਚ ਇੰਜੀਨੀਅਰਿੰਗ ਕੋਰਸ ਨੂੰ ਸ਼ੁਰੂ ਕਰਨ ਦੀ ਆਗਿਆ ਦਿੱਤੀ ਗਈ ਹੈ, ਇਨ੍ਹਾਂ ਸਾਰੀਆਂ ਭਾਸ਼ਾਵਾਂ ‘ਚ ਪਾਠਕ੍ਰਮ ਨੂੰ ਵੀ ਤਿਆਰ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਫਿਲਹਾਲ ਇਸ ਲਈ ਸਾਫਟਵੇਅਰ ਦੀ ਮਦਦ ਲਈ ਜਾ ਰਹੀ ਹੈ, ਜੋ 22 ਭਾਰਤੀ ਭਾਸ਼ਾਵਾਂ ‘ਚ ਅਨੁਵਾਦ ਕਰਨ ‘ਚ ਸਮਰੱਥ ਹੈ। ਇਸ ਦੀ ਮਦਦ ਨਾਲ ਉਹ ਅੰਗਰੇਜ਼ੀ ‘ਚ ਮੌਜੂਦ ਪਾਠਕ੍ਰਮ ਦਾ ਤੇਜ਼ੀ ਨਾਲ ਅਨੁਵਾਦ ਕਰ ਸਕਦਾ ਹੈ।