, , ,

ਬੱਚੇ ਨੇ ਜਹਾਜ਼ ਉੱਡਣ ਤੋਂ ਰੋਕਿਆ! ਜਿੱਦ ਅੱਗੇ ਹਾਰੇ ਪਾਇਲਟ! CANADA NEWS BULLETIN

VANCOUVER: ਬੀਤੇ ਸਾਲ ਕੈਨੇਡਾ ਦੇ ਟੋਰਾਂਟੋ ‘ਚ ਭਾਰਤੀ ਮੂਲ ਦੀ ਹਿਮਾਂਸ਼ੀ ਖੁਰਾਨਾ ਦੇ ਕਤਲ ਮਾਮਲੇ ਸਬੰਧੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ 30 ਸਾਲਾਂ ਹਿਮਾਂਸ਼ੀ ਦੇ 32 ਸਾਲਾ ਕਾਤਲ ਅਤੇ ਲਿਵ-ਇਨ-ਪਾਰਟਨਰ ਅਬਦੁਲ ਗਫ਼ੂਰੀ ਨੂੰ ਟੋਰਾਂਟੋ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਖ਼ਿਲਾਫ਼ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਸੀਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ 7 ਮਹੀਨਿਆਂ ਤੋਂ ਵੱਧ ਸਮੇਂ ਤੋਂ ਭੱਜਣ ਤੋਂ ਬਾਅਦ ਕੈਨੇਡਾ ਵਾਪਸ ਆਉਣ ‘ਤੇ ਅਬਦੁਲ ਗਫੂਰੀ ਨੂੰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਹਿਮਾਂਸ਼ੀ ਖੁਰਾਨਾ ਪਿਛਲੇ ਸਾਲ ਦਸੰਬਰ ਵਿੱਚ ਟੋਰਾਂਟੋ ਦੇ ਇੱਕ ਘਰ ਦੇ ਅੰਦਰ ਮ੍ਰਿਤਕ ਪਾਈ ਗਈ ਸੀ। ਪੁਲਿਸ ਨੇ ਪਹਿਲਾਂ ਇਹ ਨਿਰਧਾਰਤ ਕੀਤਾ ਸੀ ਕਿ ਉਸ ਦੀ ਮੌਤ ਇੱਕ ਕਤਲ ਸੀ ਅਤੇ ਕਿਹਾ ਸੀ ਕਿ ਉਹ ਗਫੂਰੀ ਨਾਲ ਇੱਕ ਗੂੜ੍ਹੇ ਰਿਸ਼ਤੇ ਵਿੱਚ ਸੀ ਅਤੇ ਦੋਵੇਂ ਇੱਕਠੇ ਹੀ ਰਹਿੰਦੇ ਸਨ। ਇਸ ਮਾਮਲੇ ‘ਚ ਪੁਲਿਸ ਦੀ ਪਹਿਲੇ ਹੀ ਦਿਨ ਤੋਂ ਸ਼ੱਕ ਦੀ ਸੂਈ ਹਿਮਾਂਸ਼ੀ ਦੇ ਪਾਰਟਨਰ ਗਫ਼ੂਰੀ ‘ਤੇ ਜਾ ਰਹੀ ਸੀ, ਜੋ ਕਿ ਲਾਸ਼ ਮਿਲਣ ਤੋਂ ਬਾਅਦ ਤੁਰੰਤ ਹੀ ਕੈਨੇਡਾ ਤੋਂ ਫਰਾਰ ਹੋ ਗਿਆ ਸੀ। ਪੁਲਿਸ ਮੁਤਾਬਕ ਇਹ ਮਾਮਲਾ ਘਰੇਲੂ ਹਿੰਸਾ ਨਾਲ ਸਬੰਧਤ ਸੀ। ਦਸੱਣਯੋਗ ਹੈ ਕਿ ਟੋਰਾਂਟੋ ਪੁਲਿਸ ਦੀ ‘ਫਿਊਜੀਟਿਵ ਸਕੁਐਡ’ ਅਤੇ ‘ਹੋਮੀਸਾਈਡ ਯੂਨਿਟ’ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਲਿਸ ਏਜੰਸੀਆਂ ਨਾਲ ਤਾਲਮੇਲ ਕਰਕੇ ਅਬਦੁਲ ਗਫ਼ੂਰੀ ਨੂੰ ਕੈਨੇਡਾ ਵਾਪਸ ਲਿਆਉਣ ‘ਚ ਸਫ਼ਲਤਾ ਹਾਸਲ ਕੀਤੀ। ਹਾਲਾਂਕਿ, ਅਧਿਕਾਰੀਆਂ ਨੇ ਅਜੇ ਇਹ ਖੁਲਾਸਾ ਨਹੀਂ ਕੀਤਾ ਕਿ ਗਫੂਰੀ ਕਿਸ ਦੇਸ਼ ਵਿੱਚ ਲੁਕਿਆ ਹੋਇਆ ਸੀ। ਕੈਨੇਡੀਅਨ ਕਾਨੂੰਨ ਮੁਤਾਬਕ, ਪਹਿਲੇ ਦਰਜੇ ਦੇ ਕਤਲ ਦਾ ਦੋਸ਼ ਸਾਬਤ ਹੋਣ ਦੀ ਸੂਰਤ ‘ਚ ਦੋਸ਼ੀ ਨੂੰ ਬਿਨਾਂ ਪੈਰੋਲ ਦੇ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ 20 ਦਸੰਬਰ 2025 ਨੂੰ ਹਿਮਾਂਸ਼ੀ ਦੀ ਲਾਸ਼ ਮਿਲਣ ਮਗਰੋਂ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਜਨਰਲ ਨੇ ਹਿਮਾਂਸ਼ੀ ਦੇ ਕਤਲ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ ਅਤੇ ਭਰੋਸਾ ਦਿਵਾਇਆ ਸੀ ਕਿ ਉਹ ਕੈਨੇਡੀਅਨ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ ਅਤੇ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ। ਫਿਲਹਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ‘ਚ ਪੇਸ਼ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਕੈਨੇਡਾ ਵਿੱਚ ਵਕੀਲ ਬਣਨ ਲਈ ਬ੍ਰਿਟਿਸ਼ ਤਾਜ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕਣੀ ਲਾਜ਼ਮੀ ਹੁੰਦੀ ਹੈ। ਹੁਣ ਇਹ ਮਾਮਲਾ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਕੋਲ ਪਹੁੰਚ ਗਿਆ ਹੈ। ਇਹ ਸਾਰਾ ਮਾਮਲਾ ਐਡਮਿੰਟਨ ਦੇ ਇੱਕ ਅੰਮ੍ਰਿਤਧਾਰੀ ਸਿੱਖ ਵਕੀਲ ਪ੍ਰਭਜੋਤ ਸਿੰਘ ਵੜਿੰਗ ਨਾਲ ਜੁੜਿਆ ਹੋਇਆ ਹੈ। ਸਾਲ 2022 ਵਿੱਚ ਵਕਾਲਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਅਲਬਰਟਾ ਵਿੱਚ ਵਕੀਲ ਵਜੋਂ ਕੰਮ ਕਰਨਾ ਚਾਹੁੰਦੇ ਸਨ। ਉਨ੍ਹਾਂ ਨੂੰ ਆਮ ਲੋਕਾਂ ਪ੍ਰਤੀ ਜ਼ਿੰਮੇਵਾਰੀ ਦੀ ਸਹੁੰ ਚੁੱਕਣ ‘ਤੇ ਕੋਈ ਇਤਰਾਜ਼ ਨਹੀਂ ਸੀ, ਪਰ ਉਹ ਤਾਜ ਪ੍ਰਤੀ ਵਫ਼ਾਦਾਰੀ ਦੀ ਸਹੁੰ ਨਹੀਂ ਚੁੱਕਣਾ ਚਾਹੁੰਦੇ ਸਨ। ਵੜਿੰਗ ਦਾ ਮੰਨਣਾ ਹੈ ਕਿ ਇੱਕ ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਉਨ੍ਹਾਂ ਦੀ ਵਫ਼ਾਦਾਰੀ ਸਿਰਫ਼ ਅਕਾਲ ਪੁਰਖ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਹੈ। ਇਸ ਲਈ ਕਿਸੇ ਹੋਰ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕਣਾ ਉਨ੍ਹਾਂ ਦੇ ਧਾਰਮਿਕ ਅਸੂਲਾਂ ਦੇ ਖ਼ਿਲਾਫ਼ ਹੈ। ਪਹਿਲਾਂ ਅਕਤੂਬਰ 2023 ਵਿੱਚ ਹੇਠਲੀ ਅਦਾਲਤ ਨੇ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਪਰ ਦਸੰਬਰ 2025 ਵਿੱਚ ਅਲਬਰਟਾ ਦੀ ਅਪੀਲ ਅਦਾਲਤ ਨੇ ਵੜਿੰਗ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦਿਆਂ ਇਸ ਸਹੁੰ ਦੀ ਲਾਜ਼ਮੀ ਸ਼ਰਤ ਨੂੰ ਸੰਵਿਧਾਨ ਦੇ ਖ਼ਿਲਾਫ਼ ਦੱਸਿਆ। ਹੁਣ ਅਲਬਰਟਾ ਸਰਕਾਰ ਅਪੀਲ ਅਦਾਲਤ ਦੇ ਇਸ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਵੜਿੰਗ ਨੇ ਸਸਕੈਚਵਨ ਸੂਬੇ ਦੇ ਰਸਤੇ ਅਲਬਰਟਾ ਵਿੱਚ ਵਕਾਲਤ ਦਾ ਲਾਇਸੈਂਸ ਪ੍ਰਾਪਤ ਕਰ ਲਿਆ ਸੀ, ਜਿੱਥੇ ਉਨ੍ਹਾਂ ਨੂੰ ਇਹ ਸਹੁੰ ਨਹੀਂ ਚੁੱਕਣੀ ਪਈ। ਹੁਣ ਸੁਪਰੀਮ ਕੋਰਟ ਇਹ ਫ਼ੈਸਲਾ ਕਰੇਗੀ ਕਿ ਕੀ ਸਰਕਾਰ ਕਿਸੇ ਵਿਅਕਤੀ ਨੂੰ ਅਜਿਹੀ ਸਹੁੰ ਚੁੱਕਣ ਲਈ ਮਜ਼ਬੂਰ ਕਰ ਸਕਦੀ ਹੈ ਜੋ ਉਸ ਦੇ ਧਾਰਮਿਕ ਵਿਸ਼ਵਾਸ ਨਾਲ ਟਕਰਾਉਂਦੀ ਹੋਵੇ। ਇਹ ਫ਼ੈਸਲਾ ਸਿਰਫ਼ ਇੱਕ ਵਕੀਲ ਦਾ ਨਹੀਂ, ਸਗੋਂ ਧਾਰਮਿਕ ਆਜ਼ਾਦੀ ਅਤੇ ਇਨਸਾਨ ਦੀ ਅੰਤਰ-ਆਤਮਾ ਦੇ ਹੱਕਾਂ ਨਾਲ ਜੁੜਿਆ ਇੱਕ ਵੱਡਾ ਫ਼ੈਸਲਾ ਹੋਵੇਗਾ।

ਫਲਾਈਟ ਰੱਦ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਅਕਸਰ ਖਰਾਬ ਮੌਸਮ ਜਾਂ ਤਕਨੀਕੀ ਖਰਾਬੀ ਕਾਰਨ ਫਲਾਈਟ ਰੱਦ ਹੋ ਜਾਂਦੀ ਹੈ, ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਬੱਚੇ ਦੀ ਜ਼ਿੱਦ ਕਾਰਨ ਕੋਈ ਫਲਾਈਟ ਰੱਦ ਹੋ ਗਈ ਹੋਵੇ? ਜ਼ਿੱਦ ਵੀ ਅਜਿਹੀ, ਜੋ ਬੱਚੇ ਦੀ ਸੁਰੱਖਿਆ ਨਾਲ ਜੁੜੀ ਹੋਵੇ। ਸੁਣਨ ਵਿੱਚ ਅਜੀਬ ਲੱਗ ਰਿਹਾ ਹੋਵੇਗਾ, ਪਰ ਅਜਿਹਾ ਅਸਲ ਵਿਚ ਹੋਇਆ ਹੈ। ਕੈਨੇਡਾ ਵਿੱਚ ਇੱਕ ਛੋਟੇ ਬੱਚੇ ਦੀ ਜ਼ਿੱਦ ਕਾਰਨ ਪੂਰੀ ਫਲਾਈਟ ਨੂੰ ਰੱਦ ਕਰਨਾ ਪਿਆ।  ਦਰਅਸਲ, ਕੈਨੇਡਾ ਵਿੱਚ ਇੱਕ ਛੋਟੇ ਬੱਚੇ ਵੱਲੋਂ ਸੀਟ ਬੈਲਟ ਨਾ ਲਗਾਉਣ ਕਾਰਨ ਪੋਰਟਰ ਏਅਰਲਾਈਨਜ਼ ਦੀ ਫਲਾਈਟ ਰੱਦ ਕਰਨੀ ਪਈ। ਮਾਮਲਾ ਬ੍ਰਿਟਿਸ਼ ਕੋਲੰਬੀਆ ਦੇ ਵਿਕਟੋਰੀਆ ਇੰਟਰਨੈਸ਼ਨਲ ਏਅਰਪੋਰਟ ਦਾ ਹੈ। ਫਲਾਈਟ ਵਿਕਟੋਰੀਆ ਤੋਂ ਟੋਰਾਂਟੋ ਲਈ ਰਵਾਨਾ ਹੋਣ ਵਾਲੀ ਸੀ, ਪਰ ਟੇਕਆਫ ਤੋਂ ਠੀਕ ਪਹਿਲਾਂ ਬੱਚੇ ਨੇ ਸੀਟ ਬੈਲਟ ਲਗਾਉਣ ਤੋਂ ਇਨਕਾਰ ਕਰ ਦਿੱਤਾ। ਸਮਝਾਉਣ ਦੇ ਬਾਵਜੂਦ ਵੀ ਬੱਚਾ ਆਪਣੀ ਜ਼ਿੱਦ ‘ਤੇ ਅੜਿਆ ਰਿਹਾ। ਇਸ ਤੋਂ ਬਾਅਦ ਫਲਾਈਟ ਰੱਦ ਕਰ ਦਿੱਤੀ ਗਈ ਅਤੇ ਉਸ ਨੂੰ ਵਾਪਸ ਟਰਮੀਨਲ ‘ਤੇ ਲਿਆਉਣਾ ਪਿਆ।  ਇਸ ਘਟਨਾ ਕਾਰਨ ਫਲਾਈਟ ਵਿੱਚ ਸਵਾਰ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਪੂਰੀ ਰਾਤ ਵਿਕਟੋਰੀਆ ਵਿੱਚ ਹੀ ਰੁਕਣਾ ਪਿਆ। ਇਸ ਤੋਂ ਬਾਅਦ ਫਲਾਈਟ ਨੂੰ ਰੱਦ ਕਰਨਾ ਪਿਆ ਅਤੇ ਯਾਤਰੀਆਂ ਨੂੰ ਅਗਲੇ ਦਿਨ ਦੀ ਫਲਾਈਟ ਰਾਹੀਂ ਭੇਜਿਆ ਗਿਆ।  ਜਾਣਕਾਰੀ ਮੁਤਾਬਕ, ਪੋਰਟਰ ਏਅਰਲਾਈਨਜ਼ ਦੀ ਫਲਾਈਟ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿਕਟੋਰੀਆ ਤੋਂ ਟੋਰਾਂਟੋ ਲਈ ਰਵਾਨਾ ਹੋਣਾ ਸੀ। ਏਅਰਲਾਈਨ ਮੁਤਾਬਕ, ਫਲਾਈਟ ਟਰਮੀਨਲ ਤੋਂ ਨਿਕਲ ਚੁੱਕੀ ਸੀ ਅਤੇ ਰਨਵੇ ਵੱਲ ਵੱਧ ਰਹੀ ਸੀ। ਇਸੇ ਦੌਰਾਨ ਚਾਲਕ ਦਲ ਦੀ ਨਜ਼ਰ ਇੱਕ ਬੱਚੇ ‘ਤੇ ਪਈ, ਜੋ ਆਪਣੀ ਸੀਟ ‘ਤੇ ਖੜ੍ਹਾ ਸੀ ਅਤੇ ਸੀਟ ਬੈਲਟ ਲਗਾਉਣ ਲਈ ਤਿਆਰ ਨਹੀਂ ਸੀ।  ਬੱਚੇ ਦੇ ਮਾਪਿਆਂ ਅਤੇ ਜਹਾਜ਼ ਦੇ ਚਾਲਕ ਦਲ ਨੇ ਉਸ ਨੂੰ ਸੁਰੱਖਿਅਤ ਢੰਗ ਨਾਲ ਸੀਟ ‘ਤੇ ਬਿਠਾਉਣ ਅਤੇ ਸੀਟ ਬੈਲਟ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕੇ। ਬੱਚਾ ਆਪਣੀ ਜ਼ਿੱਦ ‘ਤੇ ਅੜਿਆ ਰਿਹਾ ਅਤੇ ਸੀਟ ਬੈਲਟ ਲਗਾਉਣ ਲਈ ਤਿਆਰ ਨਹੀਂ ਹੋਇਆ। ਪੋਰਟਰ ਏਅਰਲਾਈਨਜ਼ ਨੇ ਦੱਸਿਆ ਕਿ ਅਜਿਹੀ ਸਥਿਤੀ ਵਿੱਚ ਫਲਾਈਟ ਨੂੰ ਉਡਾਣ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਸੀ। ਬੱਚੇ ਨੂੰ ਸੁਰੱਖਿਅਤ ਢੰਗ ਨਾਲ ਸੀਟ ‘ਤੇ ਬਿਠਾਉਣਾ ਅਤੇ ਬੈਲਟ ਲਗਾਉਣਾ ਜ਼ਰੂਰੀ ਸੀ। ਇਸ ਲਈ ਚਾਲਕ ਦਲ ਨੇ ਫਲਾਈਟ ਨੂੰ ਵਾਪਸ ਟਰਮੀਨਲ ‘ਤੇ ਲਿਜਾਣ ਦਾ ਫੈਸਲਾ ਕੀਤਾ। ਫਲਾਈਟ ਦੇ ਟਰਮੀਨਲ ‘ਤੇ ਪਹੁੰਚਣ ਤੋਂ ਬਾਅਦ ਜਹਾਜ਼ ਵਿੱਚ ਮੌਜੂਦ ਸਾਰੇ ਯਾਤਰੀਆਂ ਨੂੰ ਹੇਠਾਂ ਉਤਾਰਨਾ ਪਿਆ। ਇਸ ਦੇ ਨਾਲ ਹੀ ਬੱਚੇ ਅਤੇ ਉਸ ਦੇ ਮਾਪਿਆਂ ਦਾ ਸਾਮਾਨ ਜਹਾਜ਼ ਵਿੱਚੋਂ ਬਾਹਰ ਕੱਢਣ, ਫਲਾਈਟ ਦੀ ਨਵੀਂ ਯੋਜਨਾ ਤਿਆਰ ਕਰਨ ਅਤੇ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕਰਨ ਵਿੱਚ ਕਾਫ਼ੀ ਸਮਾਂ ਲੱਗ ਗਿਆ। ਏਅਰਲਾਈਨ ਨੇ ਯਾਤਰੀਆਂ ਨੂੰ ਹੋਈ ਪਰੇਸ਼ਾਨੀ ਲਈ ਮੁਆਫ਼ੀ ਮੰਗੀ ਅਤੇ ਉਨ੍ਹਾਂ ਨੂੰ ਅਗਲੇ ਦਿਨ ਦੀ ਫਲਾਈਟ ਰਾਹੀਂ ਯਾਤਰਾ ਕਰਵਾਉਣ ਦਾ ਪ੍ਰਬੰਧ ਕੀਤਾ।

ਕੈਨੇਡਾ ਸਰਕਾਰ ਨੇ ਪਹਿਲੀ ਵਾਰ ਵਿਦੇਸ਼ੀ ਅਕੈਡਮਿਕ ਇਗਸਾਮਿਨਰਾਂ ਵਾਸਤੇ ਬਿਨਾਂ ਵਰਕ ਪਰਮਿਟ ਕੰਮ ਕਰਨ ਲਈ ਖਾਸ ਨਿਯਮ ਅਤੇ ਸ਼ਰਤਾਂ ਜਾਰੀ ਕੀਤੀਆਂ ਹਨ। ਸਰਕਾਰ ਵਲੋਂ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਅਨੁਸਾਰ, ਜੋ ਵਿਦੇਸ਼ੀ ਮਾਹਰ ਕੈਨੇਡਾ ਵਿੱਚ ਅਕਾਦਮਿਕ ਕੰਮਾਂ ਦੀ ਜਾਂਚ ਲਈ ਆਉਣਾ ਚਾਹੁੰਦੇ ਹਨ, ਉਹ ਆਪਣੇ ਖੇਤਰ ਦੇ ਜਾਣੇ-ਪਛਾਣੇ ਅਤੇ ਸੀਨੀਅਰ ਮਾਹਰ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਕੋਲ ਸਬੰਧਤ ਕੈਨੇਡੀਅਨ ਸੰਸਥਾ ਵੱਲੋਂ ਭੇਜਿਆ ਗਿਆ ਸਰਕਾਰੀ ਸੱਦਾ ਪੱਤਰ ਹੋਣਾ ਜ਼ਰੂਰੀ ਹੈ। ਨਵੇਂ ਨਿਯਮਾਂ ਤਹਿਤ ਤਿੰਨ ਤਰ੍ਹਾਂ ਦੇ ਕੰਮਾਂ ਲਈ ਵਰਕ ਪਰਮਿਟ ਤੋਂ ਛੋਟ ਦਿੱਤੀ ਗਈ ਹੈ। ਇਨ੍ਹਾਂ ਵਿੱਚ ਰਿਸਰਚ ਥੀਸਿਸ ਦੀ ਜਾਂਚ ਕਰਨ ਵਾਲੇ, ਰਿਸਰਚ ਪ੍ਰਸਤਾਵਾਂ ਦਾ ਮੁਲਾਂਕਣ ਕਰਨ ਵਾਲੇ ਅਤੇ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਜਾਂ ਪ੍ਰੋਜੈਕਟਾਂ ਦੀ ਜਾਂਚ ਕਰਨ ਵਾਲੇ ਸ਼ਾਮਲ ਹਨ। ਇਸ ਛੋਟ ਦਾ ਲਾਭ ਲੈਣ ਲਈ ਕੁਝ ਜ਼ਰੂਰੀ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ। ਸਭ ਤੋਂ ਪਹਿਲਾਂ, ਇਹ ਕੰਮ 6 ਮਹੀਨਿਆਂ ਤੋਂ ਘੱਟ ਸਮੇਂ ਦਾ ਹੋਣਾ ਚਾਹੀਦਾ ਹੈ। ਦੂਜਾ, ਵਿਦੇਸ਼ੀ ਮਾਹਰ ਨੂੰ ਇਸ ਕੰਮ ਲਈ ਕੈਨੇਡਾ ਤੋਂ ਕੋਈ ਤਨਖਾਹ ਜਾਂ ਪੈਸੇ ਨਹੀਂ ਮਿਲਣੇ ਚਾਹੀਦੇ, ਯਾਨੀ ਉਨ੍ਹਾਂ ਦੀ ਕਮਾਈ ਕੈਨੇਡਾ ਤੋਂ ਬਾਹਰਲੇ ਸਰੋਤਾਂ ਤੋਂ ਹੀ ਹੋਣੀ ਚਾਹੀਦੀ ਹੈ। ਇਮੀਗ੍ਰੇਸ਼ਨ ਅਧਿਕਾਰੀ ਇਨ੍ਹਾਂ ਨਿਯਮਾਂ ਦੇ ਤਹਿਤ ਵਿਜ਼ਿਟਰ ਰਿਕਾਰਡ ਜਾਰੀ ਕਰ ਸਕਦੇ ਹਨ ਅਤੇ ਕੁਝ ਖਾਸ ਪਾਬੰਦੀਆਂ ਵੀ ਲਗਾ ਸਕਦੇ ਹਨ। ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਇਹ ਵੀ ਜ਼ਰੂਰੀ ਹੋਵੇਗਾ ਕਿ ਉਹ ਕੈਨੇਡਾ ਦੇ ਆਮ ਵੀਜ਼ਾ ਨਿਯਮਾਂ ਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋਣ। ਇਹ ਛੋਟ ਸਿਰਫ਼ ਉੱਥੇ ਹੀ ਲਾਗੂ ਹੋਵੇਗੀ ਜਿੱਥੇ ਵਿਅਕਤੀ ਕੈਨੇਡਾ ਦੇ ਸਥਾਨਕ ਰੋਜ਼ਗਾਰ ਬਾਜ਼ਾਰ ਵਿੱਚ ਦਾਖਲ ਨਹੀਂ ਹੋ ਰਿਹਾ ਹੋਵੇਗਾ।

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਮਰਲੈਂਡ ਇਲਾਕੇ ਵਿੱਚ ਫੈਲੀ ਭਿਆਨਕ ਜੰਗਲੀ ਅੱਗ ਨੇ ਵੱਡੀ ਤਬਾਹੀ ਮਚਾਈ ਹੈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਅੱਗ ਤੋਂ ਬੱਚਣ ਦੀ ਕੋਸ਼ਿਸ਼ ਕਰਦੇ ਸਮੇਂ ਇੱਕ 80 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ‘ਬਾਲਡ ਰੇਂਜ’ ਨਾਮ ਦੀ ਇਹ ਅੱਗ ਸ਼ੁੱਕਰਵਾਰ ਸ਼ਾਮ ਨੂੰ ਸ਼ੁਰੂ ਹੋਈ ਸੀ ਅਤੇ ਦੇਖਦੇ ਹੀ ਦੇਖਦੇ 136 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲ ਗਈ। ਅੱਗ ਦੇ ਭਿਆਨਕ ਰੂਪ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਦੱਸਿਆ ਕਿ ਇਹ ਅੱਗ ਖੇਤਰ ਵਿੱਚ ਕਿਸੇ “ਬੰਬ ਧਮਾਕੇ” ਵਾਂਗ ਫੈਲੀ ਹੈ। ਇਸ ਅੱਗ ਕਾਰਨ ਸਮਰਲੈਂਡ, ਪੀਚਲੈਂਡ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲਗਭਗ 12,000 ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ, ਜਦਕਿ ਹਜ਼ਾਰਾਂ ਹੋਰਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਕਈ ਥਾਵਾਂ ‘ਤੇ ਘਰ ਅਤੇ ਵਾਹਨ ਸੜ ਕੇ ਸੁਆਹ ਹੋ ਚੁੱਕੇ ਹਨ। ਕੈਨੇਡਾ ਦੀ ਫੈਡਰਲ ਸਰਕਾਰ ਨੇ ਪੀੜਤਾਂ ਨੂੰ ਆਸਰਾ ਅਤੇ ਰਹਿਣ-ਸਹਿਣ ਦੀਆਂ ਸੁਵਿਧਾਵਾਂ ਦੇਣ ਲਈ ਮਦਦ ਮਨਜ਼ੂਰ ਕਰ ਦਿੱਤੀ ਹੈ। ਪੈਂਟਿਕਟਨ ਦੇ ਰਾਹਤ ਕੇਂਦਰ ਵਿੱਚ ਹਜ਼ਾਰਾਂ ਲੋਕ ਸ਼ਰਨ ਲੈ ਰਹੇ ਹਨ। ਲੋਕਾਂ ਦੀ ਭਾਰੀ ਭੀੜ ਕਾਰਨ ਮਦਦ ਲਈ ਰਜਿਸਟ੍ਰੇਸ਼ਨ ਕਰਵਾਉਣ ਵਿੱਚ 14-14 ਘੰਟੇ ਦਾ ਸਮਾਂ ਲੱਗ ਰਿਹਾ ਹੈ। ਕੁਝ ਲੋਕਾਂ ਨੇ ਬਜ਼ੁਰਗਾਂ ਅਤੇ ਲੋੜਵੰਦਾਂ ਲਈ ਬਿਸਤਰੇ ਛੱਡ ਕੇ ਆਪਣੀਆਂ ਕਾਰਾਂ ਵਿੱਚ ਰਾਤਾਂ ਕੱਟੀਆਂ ਹਨ। ਪ੍ਰਸ਼ਾਸਨ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਜ਼ਰੂਰੀ ਸਾਮਾਨ ਨਾਲ ਰੱਖਣ ਅਤੇ ਪੁਲਿਸ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਤੁਰੰਤ ਸੁਰੱਖਿਅਤ ਥਾਵਾਂ ‘ਤੇ ਪਹੁੰਚਣ।

ਕੈਨੇਡਾ ਦੇ ਕਈ ਸ਼ਹਿਰਾਂ ਦੇ ਫਾਇਰ ਵਿਭਾਗਾਂ ਨੇ ਲਿਥੀਅਮ-ਆਇਨ ਬੈਟਰੀਆਂ ਤੋਂ ਵਧ ਰਹੇ ਅੱਗ ਦੇ ਖਤਰੇ ਬਾਰੇ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ। ਅਲਬਰਟਾ ਅਤੇ ਓਨਟਾਰੀਓ ਵਿੱਚ ਬੀਤੇ ਹਫ਼ਤੇ ਅਜਿਹੇ ਕਈ ਹਾਦਸੇ ਵਾਪਰੇ ਹਨ, ਜਿਨ੍ਹਾਂ ਵਿੱਚ ਕੈਲਗਰੀ ਵਿੱਚ 24 ਘੰਟਿਆਂ ਦੇ ਅੰਦਰ ਅੱਗ ਲੱਗਣ ਦੀਆਂ ਤਿੰਨ ਘਟਨਾਵਾਂ ਸ਼ਾਮਲ ਹਨ। ਮੈਡੀਸਨ ਹੈਟ ਦੇ ਰਹਿਣ ਵਾਲੇ ਫ੍ਰੈਡ ਡੈਨਿਸ ਦੇ ਘਰ ਵਿੱਚ ਪਿਛਲੇ ਮਹੀਨੇ ਸੋਲਰ ਲਾਈਟ ਦੀ ਲਿਥੀਅਮ-ਆਇਨ ਬੈਟਰੀ ਕਾਰਨ ਭਿਆਨਕ ਅੱਗ ਲੱਗ ਗਈ ਸੀ। ਇਸ ਹਾਦਸੇ ਵਿੱਚ ਉਨ੍ਹਾਂ ਦਾ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਉਨ੍ਹਾਂ ਦੇ ਪਾਲਤੂ ਕੁੱਤੇ ਅਤੇ ਬਿੱਲੀ ਦੀ ਮੌਤ ਹੋ ਗਈ। ਲਿਥੀਅਮ-ਆਇਨ ਬੈਟਰੀਆਂ ਦੀ ਵਰਤੋਂ ਅੱਜਕੱਲ੍ਹ ਸਾਡੇ ਰੋਜ਼ਾਨਾ ਦੇ ਸਮਾਰਟਫ਼ੋਨ, ਲੈਪਟਾਪ, ਈ-ਬਾਈਕ, ਈ-ਸਕੂਟਰ ਅਤੇ ਪੋਰਟੇਬਲ ਚਾਰਜਰਾਂ ਵਿੱਚ ਬਹੁਤ ਆਮ ਹੋ ਗਈ ਹੈ। ਫਾਇਰ ਅਧਿਕਾਰੀਆਂ ਅਨੁਸਾਰ, ਜਦੋਂ ਇਹ ਬੈਟਰੀਆਂ ਖਰਾਬ ਹੋ ਜਾਂਦੀਆਂ ਹਨ ਜਾਂ ਜ਼ਿਆਦਾ ਗਰਮ ਹੁੰਦੀਆਂ ਹਨ, ਤਾਂ ਇਹ ਬਹੁਤ ਤੇਜ਼ੀ ਨਾਲ ਅੱਗ ਫੜ ਲੈਂਦੀਆਂ ਹਨ। ਕੈਲਗਰੀ ਵਿੱਚ ਹਾਲ ਹੀ ਵਿੱਚ ਵਾਪਰੇ ਦੋ ਹਾਦਸੇ ਈ-ਸਕੂਟਰਾਂ ਦੀਆਂ ਬੈਟਰੀਆਂ ਜ਼ਿਆਦਾ ਚਾਰਜ ਹੋਣ ਕਾਰਨ ਹੋਏ ਹਨ। ਟੋਰਾਂਟੋ ਦੇ ਫਾਇਰ ਚੀਫ਼ ਜਿਮ ਜੈਸੋਪ ਨੇ ਇਸ ਨੂੰ ਸ਼ਹਿਰ ਵਿੱਚ ਜਨਤਕ ਸੁਰੱਖਿਆ ਲਈ ਸਭ ਤੋਂ ਤੇਜ਼ੀ ਨਾਲ ਵਧ ਰਹਾ ਖ਼ਤਰਾ ਦੱਸਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟੀਆ ਮਿਆਰ ਵਾਲੇ ਉਤਪਾਦ, ਖਰਾਬ ਚਾਰਜਰ, ਜ਼ਿਆਦਾ ਚਾਰਜਿੰਗ ਅਤੇ ਬੈਟਰੀਆਂ ਨੂੰ ਆਮ ਕੂੜੇ ਵਿੱਚ ਸੁੱਟਣਾ ਅੱਗ ਲੱਗਣ ਦੇ ਮੁੱਖ ਕਾਰਨ ਹਨ। ਉਨ੍ਹਾਂ ਸੁਰੱਖਿਆ ਲਈ ਸੁਝਾਅ ਦਿੱਤਾ ਹੈ ਕਿ ਫੋਨ ਜਾਂ ਹੋਰ ਉਪਕਰਨ 100 ਫੀਸਦੀ ਚਾਰਜ ਹੋਣ ਤੋਂ ਬਾਅਦ ਤੁਰੰਤ ਪਲੱਗ ਤੋਂ ਹਟਾ ਦਿਓ। ਹਮੇਸ਼ਾ ਕੰਪਨੀ ਦੇ ਅਸਲੀ ਅਤੇ ਸਹੀ ਚਾਰਜਰ ਦੀ ਹੀ ਵਰਤੋਂ ਕਰੋ। ਖਰਾਬ ਜਾਂ ਫੁੱਲੀ ਹੋਈ ਬੈਟਰੀ ਦੀ ਵਰਤੋਂ ਬਿਲਕੁਲ ਨਾ ਕਰੋ। ਇਨ੍ਹਾਂ ਬੈਟਰੀਆਂ ਨੂੰ ਘਰ ਦੇ ਆਮ ਕੂੜੇ ਵਿੱਚ ਸੁੱਟਣ ਦੀ ਬਜਾਏ ਨਿਰਧਾਰਤ ਰੀਸਾਈਕਲਿੰਗ ਥਾਵਾਂ ‘ਤੇ ਹੀ ਦਿਓ। ਫਾਇਰ ਵਿਭਾਗ ਦੇ ਅਧਿਕਾਰੀ ਹੁਣ ਸਰਕਾਰ ਤੋਂ ਇਨ੍ਹਾਂ ਬੈਟਰੀਆਂ ਦੀ ਵਿਕਰੀ ‘ਤੇ ਸਖ਼ਤ ਨਿਯਮ ਲਾਗੂ ਕਰਨ ਦੀ ਮੰਗ ਕਰ ਰਹੇ ਹਨ ਤਾਂ ਜੋ ਅਜਿਹੇ ਦਰਦਨਾਕ ਹਾਦਸਿਆਂ ਨੂੰ ਰੋਕਿਆ ਜਾ ਸਕੇ।

ਕੈਨੇਡਾ ਦੀ ਫੈਡਰਲ ਸਰਕਾਰ ਨੇ ਦੇਸ਼ ਦੇ ਅੰਦਰ ਸਟੀਲ ਦੀ ਢੋਆ-ਢੁਆਈ ਦਾ ਖਰਚਾ ਘਟਾਉਣ ਦਾ ਵੱਡਾ ਫੈਸਲਾ ਕੀਤਾ ਹੈ। ਇਹ ਕਦਮ ਉਨ੍ਹਾਂ ਦੇਸੀ ਸਟੀਲ ਉਤਪਾਦਕਾਂ ਦੀ ਮਦਦ ਲਈ ਚੁੱਕਿਆ ਗਿਆ ਹੈ, ਜਿਨ੍ਹਾਂ ਨੂੰ ਵਿਦੇਸ਼ੀ ਟੈਰਿਫ ਕਰਕੇ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਸਟੀਵਨ ਮੈਕਕਿਨਨ ਨੇ 100 ਮਿਲੀਅਨ ਡਾਲਰ ਦੀ ਰਾਹਤ ਯੋਜਨਾ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ, ਜੇਕਰ ਕੋਈ ਕੰਪਨੀ ਰੇਲਗੱਡੀ ਜਾਂ ਸਮੁੰਦਰੀ ਜਹਾਜ਼ ਰਾਹੀਂ ਦੇਸ਼ ਦੇ ਅੰਦਰ ਹੀ ਸਟੀਲ ਭੇਜਦੀ ਹੈ, ਤਾਂ ਸਰਕਾਰ ਉਸ ਦੇ ਮਾਲ ਭਾੜੇ ਦਾ ਅੱਧਾ ਖਰਚਾ ਵਾਪਸ ਕਰੇਗੀ। ਇਸ ਯੋਜਨਾ ਦਾ ਮੁੱਖ ਮਕਸਦ ਕੈਨੇਡਾ ਦੀਆਂ ਨਿਰਮਾਣ ਕੰਪਨੀਆਂ ਨੂੰ ਪ੍ਰੇਰਿਤ ਕਰਨਾ ਹੈ ਕਿ ਉਹ ਅਮਰੀਕਾ ਜਾਂ ਹੋਰ ਬਾਹਰੀ ਦੇਸ਼ਾਂ ਤੋਂ ਸਟੀਲ ਖਰੀਦਣ ਦੀ ਬਜਾਏ ਆਪਣੇ ਦੇਸ਼ ਵਿੱਚ ਬਣੇ ਸਟੀਲ ਦੀ ਹੀ ਵਰਤੋਂ ਕਰਨ। ਕੰਪਨੀਆਂ ਅੱਜ ਤੋਂ ਹੀ ਇਸ ਛੋਟ ਲਈ ਅਰਜ਼ੀ ਦੇ ਸਕਦੀਆਂ ਹਨ। ਇਹ ਰਾਹਤ ਅਗਲੇ ਸਾਲ ਦੀਆਂ ਗਰਮੀਆਂ ਤੱਕ ਜਾਂ ਫੰਡ ਖਤਮ ਹੋਣ ਤੱਕ ਜਾਰੀ ਰਹੇਗੀ। ਇਹ ਲਾਭ ਸਿਰਫ਼ ਉਸ ਸਟੀਲ ‘ਤੇ ਮਿਲੇਗਾ ਜੋ ਕੈਨੇਡਾ ਵਿੱਚ ਬਣਿਆ ਹੋਵੇ ਅਤੇ ਉਸ ਦੀ ਖਪਤ ਵੀ ਦੇਸ਼ ਦੇ ਅੰਦਰ ਹੀ ਹੋਵੇ। ਇਸ ਤੋਂ ਇਲਾਵਾ, ਫੈਡਰਲ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਅਮਰੀਕੀ ਟੈਕਸਾਂ ਅਤੇ ਗਲੋਬਲ ਵਪਾਰ ਵਿੱਚ ਆ ਰਹੇ ਬਦਲਾਅ ਕਾਰਨ ਪ੍ਰਭਾਵਿਤ ਹੋ ਰਹੇ ਜੰਗਲਾਤ ਉਦਯੋਗ ਲਈ ਵੀ ਜਲਦ ਅਜਿਹੀ ਹੀ ਰਾਹਤ ਯੋਜਨਾ ਲਿਆਂਦੀ ਜਾ ਸਕਦੀ ਹੈ।

ਕੈਨੇਡਾ ਦੀਆਂ ਵੱਡੀਆਂ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਕੰਮ ‘ਤੇ ਲਗਾਤਾਰ ਰੱਖੀ ਜਾ ਰਹੀ ਨਿਗਰਾਨੀ ਕਾਰਨ ਉਨ੍ਹਾਂ ਦੀ ਮਾਨਸਿਕ ਸਿਹਤ ‘ਤੇ ਬੁਰਾ ਅਸਰ ਪੈ ਰਿਹਾ ਹੈ। ‘ਟੀਡੀ ਬੈਂਕ’ ਅਤੇ ‘ਬੈੱਲ’ ਵਰਗੀਆਂ ਵੱਡੀਆਂ ਕੰਪਨੀਆਂ ਆਪਣੇ ਕਰਮਚਾਰੀਆਂ ਦੇ ਕੰਪਿਊਟਰ ਸਕ੍ਰੀਨ, ਮਾਊਸ ਦੀ ਹਲਚਲ, ਅਤੇ ਮੀਟਿੰਗ ਐਪਸ ‘ਤੇ ਬਿਤਾਏ ਸਮੇਂ ਦਾ ਹਿਸਾਬ ਰੱਖਣ ਲਈ ਖਾਸ ਸਾਫ਼ਟਵੇਅਰਾਂ ਦੀ ਵਰਤੋਂ ਕਰ ਰਹੀਆਂ ਹਨ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਸਾਫ਼ਟਵੇਅਰ ਉਨ੍ਹਾਂ ਦੇ ਕੰਮ ਕਰਨ ਦੀ ਸਮਰੱਥਾ ਅਤੇ ਸਮੇਂ ਦਾ ਅੰਕੜਾ ਤੈਅ ਕਰਦੇ ਹਨ। ਜੇਕਰ ਕੋਈ ਕਰਮਚਾਰੀ ਇਨ੍ਹਾਂ ਨਿਸ਼ਾਨਿਆਂ ‘ਤੇ ਪੂਰਾ ਨਹੀਂ ਉੱਤਰਦਾ, ਤਾਂ ਉਸ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਜਾਂ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ ਜਾਂਦੀ ਹੈ। ਕੁਝ ਕੰਪਨੀਆਂ ਵਿੱਚ ਮੁਲਾਜ਼ਮਾਂ ਨੂੰ ਦਿਨ ਭਰ ਵਿੱਚ ਬਾਥਰੂਮ ਜਾਣ ਜਾਂ ਪਾਣੀ ਪੀਣ ਲਈ ਸਿਰਫ਼ 20-23 ਮਿੰਟ ਦਾ ਸਮਾਂ ਹੀ ਮਿਲਦਾ ਹੈ। ਮੁਲਾਜ਼ਮਾਂ ਅਨੁਸਾਰ, ਰੋਜ਼ਾਨਾ ਦੇ ਕਈ ਅਜਿਹੇ ਜ਼ਰੂਰੀ ਕੰਮ ਹੁੰਦੇ ਹਨ ਜੋ ਸਕ੍ਰੀਨ ‘ਤੇ ਰਿਕਾਰਡ ਨਹੀਂ ਹੁੰਦੇ, ਪਰ ਕੰਪਨੀਆਂ ਉਨ੍ਹਾਂ ਨੂੰ “ਕੰਮ” ਨਹੀਂ ਮੰਨਦੀਆਂ। ਇਸ ਨਾਲ ਕਰਮਚਾਰੀਆਂ ਵਿੱਚ ਡਰ, ਤਣਾਅ, ਅਤੇ ਅਪਮਾਨ ਦੀ ਭਾਵਨਾ ਵਧ ਰਹੀ ਹੈ। ਕਈਆਂ ਦਾ ਕਹਿਣਾ ਹੈ ਕਿ 50 ਸਾਲ ਦੀ ਉਮਰ ਅਤੇ 30 ਸਾਲ ਦੇ ਤਜਰਬੇ ਤੋਂ ਬਾਅਦ ਵੀ ਉਨ੍ਹਾਂ ਨਾਲ ਛੋਟੇ ਬੱਚਿਆਂ ਵਰਗਾ ਵਿਵਹਾਰ ਕੀਤਾ ਜਾ ਰਿਹਾ ਹੈ। ਮਾਹਰਾਂ ਅਤੇ ਯੂਨੀਅਨਾਂ ਦਾ ਕਹਿਣਾ ਹੈ ਕਿ ਅਜਿਹੀ ਬਹੁਤ ਜ਼ਿਆਦਾ ਨਿਗਰਾਨੀ ਨਾਲ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਸੁਧਰਨ ਦੀ ਬਜਾਏ ਉਨ੍ਹਾਂ ਦਾ ਤਣਾਅ ਵਧਦਾ ਹੈ ਅਤੇ ਕੰਪਨੀ ਨਾਲ ਭਰੋਸਾ ਟੁੱਟਦਾ ਹੈ। ਦੂਜੇ ਪਾਸੇ, ਕੰਪਨੀਆਂ ਦਾ ਦਾਅਵਾ ਹੈ ਕਿ ਇਹ ਸਾਫ਼ਟਵੇਅਰ ਕੰਮ ਨੂੰ ਆਸਾਨ, ਬਿਹਤਰ ਅਤੇ ਗਾਹਕਾਂ ਦੀ ਸੁਵਿਧਾ ਲਈ ਵਰਤੇ ਜਾਂਦੇ ਹਨ, ਨਾ ਕਿ ਮੁਲਾਜ਼ਮਾਂ ਨੂੰ ਪਰੇਸ਼ਾਨ ਕਰਨ ਲਈ।

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਇੱਕ ਮਾਂ ਉਸ ਸਮੇਂ ਦਹਿਸ਼ਤ ਵਿੱਚ ਆ ਗਈ ਜਦੋਂ ਮੈਟਰੋ ਵੈਨਕੂਵਰ ਸਥਿਤ ਉਨ੍ਹਾਂ ਦੇ ਘਰ ਦੇ ਵੇੜ੍ਹੇ ਵਿੱਚ ਇੱਕ ਰਿੱਛ ਨੇ ਉਸ ਦੀ ਤਿੰਨ ਸਾਲ ਦੀ ਬੱਚੀ ‘ਤੇ ਹਮਲਾ ਕਰ ਦਿੱਤਾ। ਬੱਚੀ ਦੀ ਮਾਂ ਐਂਡਰੀਆ ਲੇਕੇਈ ਨੇ ਦੱਸਿਆ ਕਿ ਉਹ, ਉਨ੍ਹਾਂ ਦੇ ਪਤੀ ਅਤੇ ਛੋਟੀ ਧੀ ਮੇਪਲ ਰਿਜ ਵਾਲੇ ਘਰ ਦੇ ਪਿਛਲੇ ਵੇੜ੍ਹੇ ਵਿੱਚ ਸਨ, ਜਦੋਂ ਅਚਾਨਕ ਬੱਚੀ ਦੇ ਚੀਕਣ ਦੀ ਆਵਾਜ਼ ਆਈ। ਬੱਚੀ ਦੀ ਧੌਣ ‘ਤੇ ਰਿੱਛ ਦੂਜੀ ਵਾਰ ਵੱਢਣ ਹੀ ਲੱਗਾ ਸੀ ਕਿ ਬੱਚੀ ਦੇ ਪਿਤਾ ਨੇ ਹਿੰਮਤ ਦਿਖਾ ਕੇ ਰਿੱਛ ਨੂੰ ਪਿੱਛੇ ਧੱਕਿਆ। ਪਰ ਰਿੱਛ ਵਾਰ-ਵਾਰ ਵਾਪਸ ਆ ਰਿਹਾ ਸੀ, ਜਿਸ ਤੋਂ ਬਾਅਦ ਪਿਤਾ ਨੇ ਆਪਣੇ ਤੀਰ-ਕਮਾਨ ਨਾਲ ਰਿੱਛ ਦੇ ਸਿਰ ‘ਤੇ ਵਾਰ ਕੀਤਾ, ਜਿਸ ਨਾਲ ਰਿੱਛ ਉੱਥੋਂ ਭੱਜ ਗਿਆ। ਜ਼ਖ਼ਮੀ ਬੱਚੀ ਨੂੰ ਤੁਰੰਤ ਹਵਾਈ ਅੰਬੂਲੈਂਸ ਰਾਹੀਂ ਵੈਨਕੂਵਰ ਦੇ ਬੱਚਿਆਂ ਦੇ ਹਸਪਤਾਲ ਪਹੁੰਚਾਇਆ ਗਿਆ। ਬੱਚੀ ਦੀ ਸਿਰ, ਧੌਣ ਅਤੇ ਪਿੱਠ ‘ਤੇ ਡੂੰਘੇ ਜ਼ਖ਼ਮ ਅਤੇ ਖਰੋਚਾਂ ਆਈਆਂ ਹਨ, ਪਰ ਡਾਕਟਰਾਂ ਅਨੁਸਾਰ ਉਹ ਜਲਦ ਹੀ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ। ਬੱਚੀ ਦੀ ਮਾਂ ਨੇ ਕਿਹਾ ਕਿ ਉਹ ਅਜੇ ਵੀ ਸਦਮੇ ਵਿੱਚ ਹਨ, ਪਰ ਉਨ੍ਹਾਂ ਦੀ ਧੀ ਬਹੁਤ ਬਹਾਦਰ ਹੈ। ਘਟਨਾ ਦੀ ਇਤਲਾਹ ਮਿਲਦਿਆਂ ਹੀ ਪੁਲਿਸ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਅਨੁਸਾਰ ਰਿੱਛ ਜਾਂਚ ਦੌਰਾਨ ਵੀ ਵਾਰ-ਵਾਰ ਘਰ ਦੇ ਨੇੜੇ ਆ ਰਿਹਾ ਸੀ ਅਤੇ ਖਤਰਨਾਕ ਹਰਕਤਾਂ ਕਰ ਰਿਹਾ ਸੀ। ਆਮ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੁਲਿਸ ਨੇ ਰਿੱਛ ‘ਤੇ ਗੋਲੀ ਚਲਾਈ, ਪਰ ਗੋਲੀ ਲੱਗਣ ਦੇ ਬਾਵਜੂਦ ਰਿੱਛ ਨੇੜਲੇ ਜੰਗਲ ਵੱਲ ਭੱਜ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਰਿੱਛ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮੌਕਾ ਮਿਲਣ ‘ਤੇ ਉਸ ਨੂੰ ਮਾਰ ਦਿੱਤਾ ਜਾਵੇਗਾ।

Corrections

Spotted an error in this story? Email contact@tvpunjab.com. We correct at the same prominence as the original.

More from TV Punjab