Wildfires: ਬ੍ਰਿਟਿਸ਼ ਕੋਲੰਬੀਆ ਦੇ ਕਈ ਇਲਾਕਿਆਂ ’ਚ ਹਟਾਈਆਂ ਗਈਆਂ ਪਾਬੰਦੀਆਂ

Kelowna- ਬ੍ਰਿਟਿਸ਼ ਕੋਲੰਬੀਆ ਦੇ ਓਕਾਨਾਗਨ ਖੇਤਰ ਲਈ ਜਾਰੀ ਕੀਤੇ ਗਏ ਨਿਕਾਸੀ ਹੁਕਮ ਅਤੇ ਕੇਲੋਨਾ ਸ਼ਹਿਰ ਦੀਆਂ ਸੀਮਾਵਾਂ ਅੰਦਰ ਲਾਗੂ ਕੀਤੀਆਂ ਯਾਤਰਾ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ। ਸੂਬੇ ਦੇ ਐਮਰਜੈਂਸੀ ਪ੍ਰਬੰਧਨ ਮੰਤਰੀ ਬੋਵਿਨ ਮਾ ਨੇ ਵੀਰਵਾਰ ਰਾਤੀਂ ਇੱਕ ਬਿਆਨ ਜਾਰੀ ਕਰਕੇ ਇਹ ਐਲਾਨ ਕੀਤਾ। ਸਰਕਾਰ ਵਲੋਂ ਇਹ ਫ਼ੈਸਲਾ ਇਸ ਹਫ਼ਤੇ ਪਏ ਮੀਂਹ ਕਾਰਨ ਜੰਗਲੀ ਅੱਗ ਦੀ ਰਫ਼ਤਾਰ ਦੇ ਰੁਕਣ ਕਾਰਨ ਲਿਆ ਗਿਆ ਹੈ।
ਕੇਲੋਨਾ, ਪੈਂਟੀਕਟਨ, ਵਰਨੋਨ ਅਤੇ ਕੈਪਲੂਪਸ ਲਈ ਪਾਬੰਦੀਆਂ ਇਸੇ ਹਫ਼ਤੇ ਦੀ ਸ਼ੁਰੂਆਤ ’ਚ ਹਟਾ ਦਿੱਤੀਆਂ ਗਈਆਂ ਸਨ, ਜਿਹੜੀਆਂ ਕਿ ਬੀਤੀ 19 ਅਗਸਤ ਨੂੰ ਇਸ ਇਰਾਦੇ ਨਾਲ ਲਾਗੂ ਕੀਤੀਆਂ ਗਈਆਂ ਸਨ ਕਿ ਤਾਂ ਕਿ ਨਿਕਾਸੀ ਕਾਰਨ ਪ੍ਰਭਾਵਿਤ ਲੋਕਾਂ ਅਤੇ ਸੰਕਟਕਾਲੀਨ ਕਰਮਚਾਰੀਆਂ ਨੂੰ ਲੋੜੀਦੀਂ ਰਿਹਾਇਸ਼ ਮਿਲ ਸਕੇ।
ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੱਛਮੀ ਕੇਲੋਨਾ, ਵੈਸਟਬੈਂਕ, ਫਰਸਟਨੇਸ਼ਨਜ਼ ਅਤੇ ਲੇਕ ਕੰਟਰੀ ਦੇ ਕੁਝ ਹਿੱਸਿਆਂ ’ਚ ਨਿਕਾਸੀ ਦੇ ਹੁਕਮ ਅਜੇ ਵੀ ਪ੍ਰਭਾਵੀ ਤੌਰ ’ਤੇ ਲਾਗੂ ਹਨ। ਐਮਰੈਜਸੀ ਓਪਰੇਸ਼ਨ ਸੈਂਟਰ ਦਾ ਕਹਿਣਾ ਹੈ ਕਿ ਵਾਪਸ ਪਰਤਣ ਵਾਲੇ ਨਿਵਾਸੀਆਂ ਨੂੰ ਸੁਰੱਖਿਅਤ ਵਾਪਸੀ ਲਈ ਵਿਆਪਕ ਗਾਈਡਲਾਈਜ਼ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਸ ’ਚ ਪਾਲਤੂ ਜਾਨਵਰਾਂ, ਬੀਮਾ ਅਤੇ ਮਾਨਸਿਕ ਸਿਹਤ ਸਹਾਇਤਾ ਨਾਲ ਜੁੜੇ ਮੁੱਦਿਆਂ ਲਈ ਉੱਚਿਤ ਪ੍ਰਕਿਰਿਆਵਾਂ ਸ਼ਾਮਿਲ ਹਨ।
ਇਸ ਦੇ ਨਾਲ ਹੀ ਅਧਿਕਾਰੀਆਂ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਵਾਪਸ ਪਰਤਣ ਵਾਲੇ ਨਿਵਾਸੀਆਂ ਨੂੰ ਜੰਗਲ ਦੀ ਅੱਗ ਮਗਰੋਂ ਬਹੁਤ ਸਾਰੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਨ੍ਹਾਂ ’ਚ ਨੁਕਸਾਨੇ ਗਏ ਦਰਖ਼ਤ ਮੁੱਖ ਤੌਰ ’ਤੇ ਸ਼ਾਮਿਲ ਹਨ।
ਉੱਧਰ ਬ੍ਰਿਟਿਸ਼ ਕੋਲੰਬੀਆ ਦੇ ਕਈ ਹੋਰਨਾਂ ਖੇਤਰਾਂ ’ਚ ਜੰਗਲੀ ਅੱਗ ਭੜਕ ਰਹੀ ਹੈ, ਜਿਨ੍ਹਾਂ ’ਚ ਲਿਟਨ ਦੇ ਨੇੜੇ ਸਟੀਨ ਮਾਊਂਟੇਨ ਬਲੇਜ਼ ਵੀ ਸ਼ਾਮਿਲ ਹੈ। ਇਸ ਅੱਗ ਨੇ ਹੁਣ ਤੱਕ 33 ਵਰਗ ਕਿਲੋਮੀਟਰ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਲਗਾਤਾਰ ਵੱਧ ਰਹੀ ਇਸ ਅੱਗ ਤੋਂ ਪੈਦਾ ਹੋਏ ਖ਼ਤਰੇ ਕਾਰਨ ਥੌਮਸਨ-ਨਿਕੋਲਾ ਖੇਤਰੀ ਜ਼ਿਲ੍ਹੇ ਦੇ ਕੁਝ ਇਲਾਕਿਆਂ ’ਚ ਪ੍ਰਸ਼ਾਸਨ ਨੇ ਨਿਕਾਸੀ ਦੇ ਹੁਕਮ ਜਾਰੀ ਕੀਤੇ ਹਨ।
ਦੱਸ ਦਈਏ ਕਿ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ’ਚ ਕਰੀਬ 370 ਦੇ ਕਰੀਬ ਥਾਵਾਂ ’ਤੇ ਸਰਗਰਮ ਜੰਗਲੀ ਅੱਗ ਮੌਜੂਦ ਹੈ, ਜਿਨ੍ਹਾਂ ’ਚੋਂ 150 ਨੂੰ ਕਾਬੂ ਤੋਂ ਬਾਹਰ ਸ਼੍ਰੇਣੀਬੱਧ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਹੁਣ ਤੱਕ ਅੱਗ ਕਾਰਨ ਬ੍ਰਿਟਿਸ਼ ਕੋਲੰਬੀਆ ’ਚ 18,000 ਵਰਗ ਕਿਲੋਮੀਟਰ ਜ਼ਮੀਨ ਝੁਲਸ ਗਈ ਹੈ, ਜਿਸ ’ਚ 71 ਫ਼ੀਸਦੀ ਅੱਗ ਬਿਜਲੀ ਦੇ ਕਾਰਨ ਲੱਗੀ ਅਤੇ 23 ਫ਼ੀਸਦੀ ਅੱਗ ਲੋਕਾਂ ਵਲੋਂ ਲਾਈ ਗਈ ਸੀ।