ਪੁਰਾਣੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਹੋਈ ਮਹਿੰਗੀ

ਨਵੀਂ ਦਿੱਲੀ : ਵਾਹਨ ਮਾਲਕਾਂ ਨੂੰ ਅਗਲੇ ਸਾਲ ਅਪ੍ਰੈਲ ਤੋਂ 15 ਸਾਲ ਤੋਂ ਜ਼ਿਆਦਾ ਪੁਰਾਣੀ ਆਪਣੀ ਕਾਰ ਦੀ ਰਜਿਸਟ੍ਰੇਸ਼ਨ ਦੇ ਨਵੀਨੀਕਰਣ ਲਈ 5,000 ਰੁਪਏ ਅਦਾ ਕਰਨੇ ਪੈਣਗੇ, ਜੋ ਕਿ ਮੌਜੂਦਾ ਦਰ ਤੋਂ ਅੱਠ ਗੁਣਾ ਜ਼ਿਆਦਾ ਹੈ।

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਪੁਰਾਣੇ ਵਾਹਨਾਂ ਦੇ ਰਜਿਸਟਰੇਸ਼ਨ ਸਰਟੀਫਿਕੇਟ ਦੇ ਨਵੀਨੀਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਤੇ ਇਹ ਨਵਾਂ ਨਿਯਮ ਰਾਸ਼ਟਰੀ ਵਾਹਨ ਸਕ੍ਰੈਪ ਨੀਤੀ ਦਾ ਹਿੱਸਾ ਹੈ।

15 ਸਾਲ ਤੋਂ ਵੱਧ ਪੁਰਾਣੀ ਬੱਸ ਜਾਂ ਟਰੱਕ ਦੇ ਫਿਟਨੈਸ ਸਰਟੀਫਿਕੇਟ ਦੇ ਨਵੀਨੀਕਰਨ ਲਈ ਨੋਟੀਫਿਕੇਸ਼ਨ ਦੇ ਅਨੁਸਾਰ, ਅੱਠ ਗੁਣਾ ਜ਼ਿਆਦਾ ਭੁਗਤਾਨ ਕਰਨਾ ਪਏਗਾ। ਇਸੇ ਤਰ੍ਹਾਂ, 15 ਸਾਲ ਤੋਂ ਵੱਧ ਪੁਰਾਣੀ ਕਾਰ ਦੀ ਰਜਿਸਟਰੇਸ਼ਨ ਨਵਿਆਉਣ ਦੀ ਫੀਸ ਮੌਜੂਦਾ 600 ਰੁਪਏ ਦੇ ਮੁਕਾਬਲੇ 5,000 ਰੁਪਏ ਹੋਵੇਗੀ।

ਪੁਰਾਣੀ ਬਾਈਕ ਦੀ ਰਜਿਸਟ੍ਰੇਸ਼ਨ ਦੇ ਨਵੀਨੀਕਰਨ ਲਈ ਮੌਜੂਦਾ 300 ਰੁਪਏ ਦੇ ਮੁਕਾਬਲੇ 1000 ਰੁਪਏ ਅਦਾ ਕਰਨੇ ਪੈਣਗੇ। ਇਸ ਦੇ ਨਾਲ ਹੀ 15 ਸਾਲ ਤੋਂ ਪੁਰਾਣੀਆਂ ਬੱਸਾਂ ਜਾਂ ਟਰੱਕਾਂ ਲਈ ਫਿਟਨੈਸ ਸਰਟੀਫਿਕੇਟ ਦੇ ਨਵੀਨੀਕਰਨ ਦੀ ਲਾਗਤ 1,500 ਰੁਪਏ ਤੋਂ ਵਧਾ ਕੇ 12,500 ਰੁਪਏ ਕਰ ਦਿੱਤੀ ਗਈ ਹੈ।

ਨੋਟੀਫਿਕੇਸ਼ਨ ਦੇ ਅਨੁਸਾਰ, ਇਨ੍ਹਾਂ ਨਿਯਮਾਂ ਨੂੰ ਕੇਂਦਰੀ ਮੋਟਰ ਵਾਹਨ (23 ਵਾਂ ਸੋਧ) ਨਿਯਮ, 2021 ਕਿਹਾ ਜਾ ਸਕਦਾ ਹੈ ਅਤੇ ਇਹ 1 ਅਪ੍ਰੈਲ, 2022 ਤੋਂ ਲਾਗੂ ਹੋਣਗੇ। ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਫਿਟਨੈਸ ਸਰਟੀਫਿਕੇਟ ਦੀ ਮਿਆਦ ਖਤਮ ਹੋਣ ਤੋਂ ਬਾਅਦ ਹਰ ਦਿਨ ਦੇਰੀ ਲਈ 50 ਰੁਪਏ ਦੀ ਵਾਧੂ ਫੀਸ ਵਸੂਲੀ ਜਾਵੇਗੀ।

ਟੀਵੀ ਪੰਜਾਬ ਬਿਊਰੋ