PAU ਲਾਈਵ ਵਿਚ ਮਾਹਿਰਾਂ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ

ਲੁਧਿਆਣਾ : ਪੀ.ਏ.ਯੂ. ਵੱਲੋਂ ਹਰ ਹਫਤੇ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿਚ ਇਸ ਹਫਤੇ ਕਿਸਾਨਾਂ ਦੇ ਸਵਾਲਾਂ ਅਤੇ ਪੜਤਾਲ ਦਾ ਜਵਾਬ ਮਾਹਿਰਾਂ ਵੱਲੋਂ ਦਿੱਤਾ ਗਿਆ । ਪ੍ਰਸਿੱਧ ਫਲ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਬਾਗਾਂ ਦੀ ਸਾਂਭ-ਸੰਭਾਲ ਅਤੇ ਫਲਦਾਰ ਬੂਟਿਆਂ ਦੀਆਂ ਬਿਮਾਰੀਆਂ ਬਾਰੇ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਵਿਸਥਾਰ ਨਾਲ ਜਵਾਬ ਦਿੱਤੇ ।

ਉਹਨਾਂ ਦੱਸਿਆ ਕਿ ਨਵੇਂ ਬਾਗ ਲਾਉਣ ਅਤੇ ਪੁਰਾਣੇ ਬਾਗਾਂ ਦੀ ਕਾਂਟ-ਛਾਂਟ ਲਈ ਯੂਨੀਵਰਸਿਟੀ ਮਾਹਿਰਾਂ ਦੀਆਂ ਤਜਵੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ। ਡਾ. ਬਰਾੜ ਨੇ ਨਿੰਬੂ ਜਾਤੀ ਦੀਆਂ ਫ਼ਸਲਾਂ ਦੇ ਬੂਟਿਆਂ ਦੀ ਸਾਂਭ-ਸੰਭਾਲ ਬਾਰੇ ਸਵਾਲਾਂ ਦੇ ਜਵਾਬ ਵੀ ਦਿੱਤੇ। ਅਨਾਜ ਨੂੰ ਭੰਡਾਰ ਕਰਨ ਅਤੇ ਘਰੇਲੂ ਪੱਧਰ ‘ਤੇ ਇਸ ਵਿਚ ਆਉਂਦੀਆਂ ਸਮੱਸਿਆਵਾਂ ਬਾਰੇ ਪ੍ਰੋਸੈਸਿੰਗ ਵਿਭਾਗ ਦੇ ਮਾਹਿਰ ਡਾ. ਮਨਪ੍ਰੀਤ ਕੌਰ ਸੈਣੀ ਨੇ ਵਿਸਥਾਰ ਨਾਲ ਗੱਲ ਕੀਤੀ।

ਉਹਨਾਂ ਦੱਸਿਆ ਕਿ ਘਰੇਲੂ ਪੱਧਰ ‘ਤੇ ਅਨਾਜ ਦੀ ਸੰਭਾਲ ਲਈ ਕੀ-ਕੀ ਉਪਰਾਲੇ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਡਾ. ਸੈਣੀ ਨੇ ਖਤਰਨਾਕ ਰਸਾਇਣਾਂ ਅਤੇ ਦਵਾਈਆਂ ਤੋਂ ਬਚਾਅ ਦੇ ਤਰੀਕੇ ਵੀ ਦੱਸੇ। ਪ੍ਰੋਗਰਾਮ ਦੇ ਆਰੰਭ ਵਿਚ ਇਸ ਹਫਤੇ ਦੇ ਖੇਤੀ ਰੁਝੇਵਿਆਂ ਬਾਰੇ ਡਾ. ਇੰਦਰਪ੍ਰੀਤ ਨੇ ਗੱਲਬਾਤ ਕੀਤੀ।

ਟੀਵੀ ਪੰਜਾਬ ਬਿਊਰੋ