ਚੰਡੀਗੜ੍ਹ- 16 ਵੀਂ ਵਿਧਾਨ ਸਭਾ ਦੇ ਪਹਿਲੇ ਇਜਲਾਸ ‘ਚ ਵੀਰਵਾਰ ਨੂੰ 114 ਵਿਧਾਇਕਾਂ ਨੂੰ ਸਹੁੰ ਚੁਕਵਾਈ ਗਈ.ਪ੍ਰੌਟੇਮ ਸਪੀਕਰ ਇੰਦਰਬੀਰ ਸਿੰਘ ਨਿੱਝਰ ਨੇ ਸਾਰੇ ਵਿਧਾਇਕਾਂ ਨੂੰ ਅਹੁਦੇ ਅਤੇ ਗੋਪਨੀਯਤਾ ਦੀ ਸਹੁੰ ਚੁਕਵਾਈ. ਲੰਮੇ ਸਮੇਂ ਬਾਅਦ ਇੱਕ ਵੱਖਰੀ ਵਿਧਾਨ ਸਭਾ ਦੇਖਣ ਨੂੰ ਮਿਲੀ ਜਿਸ ਚ ਬਹੁਤ ਘੱਟ ਪੁਰਾਣੇ ਚਿਹਰੇ ਹਨ.ਚਿਹਰੇ ਚਾਹੇ ਨਵੇਂ ਸਨ ਪਰ ਇਸ ਵਾਰ ਫਿਰ ਪੰਜਾਬ ਦੀ ਵਿਧਾਨ ਸਭਾ ਨੂੰ ਪਿਓ-ਪੁੱਤ ਦੀ ਜੋੜੀ ਮਿਲੀ ਹੈ.ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੀ ਜੋੜੀ ਤੋਂ ਬਾਅਦ ਇਸ ਵਾਰ ਕਾਂਗਰਸੀ ਅਤੇ ਅਜ਼ਾਦ ਉਮੀਦਵਾਰ ਪਿਓ-ਪੁੱਤ ਦੀ ਜੋੜੀ ਨੇ ਵਿਧਾਨ ਸਭਾ ਚ ਦਾਖਲਾ ਕੀਤਾ ਹੈ.
ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕਪੂਰਥਲਾ ਤੋਂ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸੁਲਤਾਨਪੁਰ ਲੋਧੀ ਤੋਂ ਅਜ਼ਾਦ ਉਮੀਦਵਾਰ ਰਾਣਾ ਇੰਦਰ ਪ੍ਰਤਾਪ ਸਿੰਘ ਦੀ. ‘ਆਪ’ ਦੀ ਹਨੇਰੀ ਚ ਦੋਹਾਂ ਪਿਓ-ਪੁੱਤਰਾਂ ਨੇ ਜਿੱਤ ਹਾਸਲ ਕੀਤੀ ਹੈ.ਰਾਣਾ ਗੁਰਜੀਤ ਤਾਂ ਕਾਫੀ ਲੰਮੇ ਸਮੇਂ ਤੋਂ ਸਿਆਸਤ ਚ ਹਨ.ਪਰ ਉਨ੍ਹਾਂ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਨੇ ਪਹਿਲੀ ਚੋਣ,ਉਹ ਵੀ ਬਗੈਰ ਪਾਰਟੀ ਦੇ ਝੰਡੇ ਤੋਂ ਜਿੱਤੀ ਹੈ.ਮੰਨਿਆ ਤਾਂ ਇਹ ਹੀ ਜਾਂਦਾ ਹੈ ਕਿ ਸੁਲਤਾਨਪੁਰ ਲੋਧੀ ਦੀ ਸੀਟ ਕਾਂਗਰਸ ਦੇ ਹੀ ਖਾਤੇ ਚ ਗਈ ਹੈ,ਚਾਹੇ ਰਾਣਾ ਪਰਿਵਾਰ ਨੇ ਇੱਥੋਂ ਬਾਗੀ ਹੋ ਕੇ ਚੋਣ ਲੜੀ ਹੋਵੇ.
ਪਰ ਗੱਲ ਪਰਿਵਾਰਵਾਦ ਅਤੇ ਪਿਓ-ਪੁੱਤ ਦੀ ਜੋੜੀ ਦੀ ਕਰ ਰਹੇ ਹਾਂ ਤਾਂ ਇਹ ਗੱਲ ਸੱਚੀ ਹੈ ਕਿ ਪੰਜਾਬ ਦੀ ਵਿਧਾਨ ਸਭਾ ਨੇ ਇੱਕ ਵਾਰ ਫਿਰ ਪਿਓ-ਪੁੱਤ ਨੂੰ ਮੌਕਾ ਦਿੱਤਾ ਹੈ.ਅੱਜ ਦੋਹਾਂ ਨੇਤਾਵਾਂ ਨੇ ਵਿਧਾਨ ਸਭਾ ਚ ਸਹੁੰ ਚੁੱਕ ਲਈ ਹੈ.ਦੋਹਾਂ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਆਪਣੇ ਹਲਕੇ ਦੀ ਸੇਵਾ ਕਰਦੇ ਰਹਿਣਗੇ.ਚਾਹੇ ਦੋਹੇਂ ਵਿਰੋਧੀ ਧਿਰ ਦੇ ਖੇਮੇ ‘ਚ ਹੀ ਕਿਉਂ ਨਾ ਬੈਠੇ ਹੋਣ.