ਕੋਰੋਨਾ ਦੇ ਨਵੇਂ ਰੂਪ ਤੇ ਕੈਨੇਡਾ ਦਾ ਸਖ਼ਤ ਫੈਸਲਾ

Vancouver – ਕੋਰੋਨਾ ਦਾ ਇਕ ਨਵਾਂ ਰੂਪ ਮਿਲਿਆ ਹੈ। ਇਸ ਨਵੇਂ ਰੂਪ ਦਾ ਵਿਸ਼ਵ ਸਿਹਤ ਸੰਗਠਨ ਵੱਲੋਂ ਨਾਮ ਰੱਖਿਆ ਗਿਆ ਹੈ। ਇਹ ਕੋਰੋਨਾ ਦਾ ਰੂਪ ਸਾਊਥ ਅਫ਼ਰੀਕਾ ‘ਚ ਮਿਲਿਆ ਹੈ।ਇਸ ਨਵੇਂ ਕੋਵਿਡ ਵੇਰੀਐਂਟ ਨੂੰ ”ਓਮੀਕਰੌਨ” ਦਾ ਨਾਂ ਦਿੱਤਾ ਗਿਆ ਹੈ।WHO ਵੱਲੋਂ ਇਸ ਵੇਰੀਐਂਟ ਨੂੰ ਚਿੰਤਾਜਨਕ ਵੇਰੀਐਂਟ ਐਲਾਨਿਆ ਹੈ।WHO ਦੇ ਟੈਕਨੀਕਲ ਵਰਕਿੰਗ ਗਰੁੱਪ ਵੱਲੋਂ ਸ਼ੁੱਕਰਵਾਰ ਨੂੰ ਇਸ ਨਵੇਂ B.1.1.529 ਵੇਰੀਐਂਟ ਨੂੰ ਚਿੰਤਾਜਨਕ ਵੇਰੀਐਂਟ ਦੀ ਸ਼੍ਰੇਣੀ ਵਿਚ ਸ਼ਾਮਲ ਕੀਤੇ ਜਾਣ ਬਾਰੇ ਮੀਟਿੰਗ ਕੀਤੀ ਗਈ ਸੀ।
ਹੁਣ ਕੈਨੇਡੀਅਨ ਹੈਲਥ ਮਾਹਰਾਂ ਵੱਲੋਂ ਵੀ ਇਸ ਬਾਰੇ ਲਗਾਤਾਰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। ਅਜੇ ਤੱਕ ਕੈਨੇਡਾ ‘ਚ ਇਸ ਬਾਰੇ ਕਿਸੇ ਮਾਮਲੇ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਸਭ ਦੌਰਾਨ ਹੁਣ ਵੈਕਸੀਨ ਦੀਆਂ ਦੋ ਡੋਜ਼ ਲਗਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਦੱਸ ਦਈਏ ਕਿ ਹੁਣ ਤੱਕ ਸਾਊਥ ਅਫਰੀਕਾ ਵਿਚ ਓਮੀਕਰੌਨ ਦੇ ਤਕਰੀਬਨ 100 ਮਾਮਲੇ ਰਿਪੋਰਟ ਹੋ ਚੁੱਕੇ ਹਨ। ਜ਼ਿਆਦਾਤਰ ਮਾਮਲੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ, ਗੁਆਟੈਂਗ ਤੋਂ ਰਿਪੋਰਟ ਹੋਏ ਹਨ, ਜਿੱਥੇ ਵਿਗਿਆਨੀ ਜਨੈਟਿਕ ਸੀਕੁਐਂਸਿੰਗ ‘ਤੇ ਕੰਮ ਕਰ ਰਹੇ ਸਨ। ਹੁਣ ਇਹ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਕੈਨੇਡਾ ਵੱਲੋਂ ਵੀ ਹੁਣ ਉਡਾਣਾਂ ਸੰਬਧੀ ਰੋਕ ਲਗਾਈ ਹੈ। ਸਾਊਥ ਅਫ਼ਰੀਕਾ ਤੋਂ ਆਉਣ ਵਾਲੇ ਯਾਤਰੀਆਂ ਲਈ ਕੈਨੇਡਾ ਦਾ ਕਹਿਣਾ ਹੈ ਕਿ ਉਨ੍ਹਾਂ ਵਾਸਤੇ ਕੈਨੇਡਾ ਆਉਣ ‘ਤੇ ਇਕਾਂਤਵਾਸ ਜ਼ਰੂਰੀ ਹੈ ਹੋਵੇਗਾ। ਇਹ ਉਨ੍ਹਾਂ ਵਾਸਤੇ ਹੈ ਜੋ ਪਿਛਲੇ 14 ਦਿਨਾਂ ਦੌਰਾਨ ਸਾਊਥ ਅਫ਼ਰੀਕਾ ਤੋਂ ਕੈਨੇਡਾ ਆਏ ਹਨ।