200 ਔਰਤਾਂ ਸਿਖਾਉਣਗੀਆਂ ਸਰਕਾਰ ਨੂੰ ਸੰਸਦ ਚਲਾਉਣ ਦਾ ਤਰੀਕਾ

ਅੱਜ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਨੂੰ 8 ਮਹੀਨੇ ਪੂਰੇ ਹੋ ਗਏ ਹਨ | ਜਿਸ ਦੇ ਚਲਦਿਆਂ ਅੱਜ ਸਿੰਘੁ ਬਾਰਡਰ ਤੋਂ 200 ਮਹਿਲਾ ਕਿਸਾਨ 5 ਬੱਸਾਂ ਵਿੱਚ ਦਿੱਲੀ ਦੇ ਸੰਸਦ ਮਾਰਗ ਉੱਤੇ ਸਥਿਤ ਜੰਤਰ ਮੰਤਰ ਵੱਲ ਰਵਾਨਾ ਹੋਈਆਂ। ਇਨ੍ਹਾਂ ਮਹਿਲਾ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਨੂੰ ਦਿਖਾਉਣਗੀਆਂ ਕਿ ਕਿਸ ਤਰ੍ਹਾਂ ਔਰਤਾਂ ਕਿਸਾਨੀ ਸੰਸਦ ਨੂੰ ਚਲਾਉਂਦੀਆਂ ਹਨ।ਅੰਦੋਲਨਕਾਰੀ ਕਿਸਾਨ ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਤੇ ਮੰਗ ਕਰਦੇ ਹਨ ਕਿ ਸਰਕਾਰ ਜਿੰਨੀ ਜਲਦੀ ਹੋ ਸਕੇ ਉਨ੍ਹਾਂ ਨੂੰ ਰੱਦ ਕਰ ਦੇਵੇ।

ਸੰਯੁਕਤ ਕਿਸਾਨ ਮੋਰਚਾ 22 ਜੁਲਾਈ ਤੋਂ ਰੋਜ਼ਾਨਾ 200 ਕਿਸਾਨਾਂ ਨੂੰ ਕਿਸਾਨ ਸੰਸਦ ਚਲਾਉਣ ਲਈ ਜੰਤਰ ਮੰਤਰ ਭੇਜ ਰਿਹਾ ਹੈ। ਉਸੇ ਲੜੀ ਵਿਚ ਅੱਜ 200 ਔਰਤਾਂ ਕਿਸਾਨ ਸੰਸਦ ਚਲਾਉਣ ਸਿੰਘੂ ਬਾਰਡਰ ਤੋਂ ਰਵਾਨਾ ਹੋਇਆਂ | ਔਰਤਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਕਿਸਾਨਾਂ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹ ਕੈਬਨਿਟ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਕਿਸਾਨਾਂ ਨੂੰ ‘ਮਵਾਲੀ’ ਕਹਿਣ ਤੋਂ ਵੀ ਨਾਰਾਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਗੱਲਾਂ ਨਾਲ ਸਰਕਾਰ ਨੂੰ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।