ਲਵਪ੍ਰੀਤ ਖ਼ੁਦਕੁਸ਼ੀ ਮਾਮਲੇ ‘ਚ ਕੈਨੇਡਾ ਗਈ ਕੁੜੀ ਤੇ ਹੋਈ ਐਫ. ਆਈ. ਆਰ

ਬਰਨਾਲਾ : ਕਸਬਾ ਧਨੌਲਾ ਦੇ ਬਹੁਚਰਚਿਤ ਲਵਪ੍ਰੀਤ ਖੁਦਕੁਸ਼ੀ ਮਾਮਲੇ ਵਿਚ ਬਰਨਾਲਾ ਪੁਲਿਸ ਨੇ ਮ੍ਰਿਤਕ ਨੌਜਵਾਨ ਲਵਪ੍ਰੀਤ ਦੀ ਕੈਨੇਡਾ ਗਈ ਪਤਨੀ ਬੇਅੰਤ ਕੌਰ ਖ਼ਿਲਾਫ਼ ਥਾਣਾ ਧਨੌਲਾ ਵਿਖੇ ਧਾਰਾ 420 ਤਹਿਤ ਮਾਮਲਾ ਦਰਜ ਕਰ ਲਿਆ ਹੈ। ਬੇਅੰਤ ਕੌਰ ਖ਼ਿਲਾਫ਼ ਇਹ ਪਰਚਾ ਦਰਜ ਹੋਣ ਤੋਂ ਬਾਅਦ ਵੀ ਪਿੰਡ ਕੋਠੇ ਗੋਬਿੰਦਪੁਰਾ ਦੇ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਉਨ੍ਹਾਂ ਮੁੱਖ ਮਾਰਗ ਉੱਤੇ ਧਰਨਾ ਲਗਾਉਂਦੇ ਹੋਏ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਇਸ ਰੋਸ ਪ੍ਰਦਰਸ਼ਨ ‘ਚ ਕਿਸਾਨ ਜਥੇਬੰਦੀਆਂ ਨਾਲ ਜੁੜੇ ਲੋਕ ਵੀ ਸ਼ਾਮਲ ਸਨ, ਜਿਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਨੇ ਬੇਅੰਤ ਕੌਰ ‘ਤੇ ਸਿਰਫ 420 ਦਾ ਪਰਚਾ ਦਰਜ ਕੀਤਾ ਹੈ, ਜਦਕਿ ਇਸ ਮਾਮਲੇ ‘ਚ ਧਾਰਾ 306 ਦੇ ਤਹਿਤ ਖ਼ੁਦਕੁਸ਼ੀ ਲਈ ਉਕਸਾਉਣ ਦਾ ਪਰਚਾ ਦਰਜ ਹੋਣਾ ਚਾਹੀਦਾ ਸੀ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਮ੍ਰਿਤਕ ਨੌਜਵਾਨ ਲਵਪ੍ਰੀਤ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਦੀ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਗਈ ਸੀ ਅਤੇ ਡੀ.ਏ. ਲੀਗਲ ਦੀ ਵੀ ਸਲਾਹ ਲਈ ਗਈ ਸੀ। ਮ੍ਰਿਤਕ ਨੌਜਵਾਨ ਲਵਪ੍ਰੀਤ ਦੀ ਪੋਸਟਮਾਰਟਮ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਮ੍ਰਿਤਕ ਨੌਜਵਾਨ ਦੇ ਵਿਸਰਾ ਨੂੰ ਪੁਲਿਸ ਨੇ ਜਾਂਚ ਲਈ ਭੇਜਿਆ ਹੈ।

ਦਰਜ ਕੀਤੀ ਗਈ ਐਫ ਆਈ ਆਰ ਵਿਚ ਦੱਸਿਆ ਗਿਆ ਕਿ ਲਵਪ੍ਰੀਤ ਦਾ ਵਿਆਹ 2 ਅਗਸਤ 2019 ਨੂੰ ਬੇਅੰਤ ਕੌਰ ਨਾਲ ਹੋਇਆ ਸੀ। 17 ਅਗਸਤ 2019 ਨੂੰ ਬੇਅੰਤ ਕੌਰ ਕੈਨੇਡਾ ਚਲੀ ਗਈ ਜਿਸਦੇ ਜਾਣ ’ਤੇ ਲਵਪ੍ਰੀਤ ਦੇ ਪਰਿਵਾਰ  ਨੇ 24 ਤੋਂ 25 ਲੱਖ ਰੁਪਏ ਖਰਚ ਕੀਤੇ। ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਬੇਅੰਤ ਕੌਰ ਨੇ ਲਵਪ੍ਰੀਤ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਤੇ ਉਸ ਨੁੰ ਬਾਹਰ ਵੀ ਨਹੀਂ ਬੁਲਾਇਆ ਜਿਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ ਤੇ ਅਖੀਰ ਉਸਦੀ ਖੇਤ ਵਿਚ ਮੌਤ ਹੋ ਗਈ।

ਉਸ ਵੇਲੇ ਇਹ ਕਿਹਾ ਗਿਆ ਸੀ ਕਿ ਮੌਤ ਦਵਾਈ ਚੜ੍ਹਨ ਕਾਰਨ ਹੋਈ ਹੈ। ਬਾਅਦ ਵਿਚ ਇਹ ਸਾਹਮਣੇ ਆਇਆ ਕਿ ਉਸਨੇ ਖੁਦਕੁਸ਼ੀ ਕੀਤੀ ਹੈ। ਇਸ ਮਾਮਲੇ ਵਿਚ ਬੇਅੰਤ ਕੌਰ ਵੱਲੋਂ ਵਿਦੇਸ਼ ਜਾਣ ਵਾਸਤੇ ਲਵਪ੍ਰੀਤ ਨਾਲ ਵਿਆਹ ਕਰ ਕੇ ਠੱਗੀ ਮਾਰਨ ਦੇ ਦੋਸ਼ ਵਿਚ ਉਸਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

ਟੀਵੀ ਪੰਜਾਬ ਬਿਊਰੋ