ਬਠਿੰਡਾ ‘ਚ ਕਰੀਬ 20 ਝੁੱਗੀਆਂ ‘ਚ ਲੱਗੀ ਭਿਆਨਕ ਅੱਗ, ਦੋ ਦੀ ਮੌਤ ,ਕਈ ਫੱਟੜ

ਡੈਸਕ- ਪੰਜਾਬ ਵਿੱਚ ਅੱਜ ਮੰਗਲਵਾਰ ਸਵੇਰੇ ਦਰਦਨਾਕ ਹਾਦਸਾ ਵਾਪਰਣ ਦੀ ਖਬਰ ਸਾਹਮਣੇ ਆਈ ਹੈ। ਬਠਿੰਡਾ ‘ਚ ਕਰੀਬ 20 ਝੁੱਗੀਆਂ ‘ਚ ਭਿਆਨਕ ਅੱਗ ਲੱਗ ਗਈ, ਜਿਸ ‘ਚ ਦੋ ਸਕੀਆਂ ਭੈਣਾਂ ਦੀ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ। ਇਨ੍ਹਾਂ ਤੋਂ ਇਲਾਵਾ ਕਈ ਲੋਕ ਝੁਲਸ ਗਏ ਹਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਜੁਟੀਆਂ ਹੋਈਆਂ ਹਨ।

ਇਹ ਘਟਨਾ ਉੜੀਆ ਕਾਲੋਨੀ ‘ਚ ਵਾਪਰੀ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਸਥਾਨਕ ਵਿਅਕਤੀ ਦਯਾਨੰਦ ਨੇ ਦੱਸਿਆ ਕਿ ਤੜਕੇ 4 ਵਜੇ ਦੇ ਕਰੀਬ ਅੱਗ ਲੱਗਣ ਤੋਂ ਬਾਅਦ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ। ਜ਼ਿਆਦਾਤਰ ਲੋਕ ਸੁੱਤੇ ਹੋਏ ਸਨ, ਜਿਸ ਕਾਰਨ ਉਹ ਅੱਗ ਦੀ ਲਪੇਟ ‘ਚ ਆ ਗਏ। ਕੁਝ ਹੀ ਸਮੇਂ ਵਿੱਚ ਅੱਗ ਚਾਰੇ ਪਾਸੇ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਖਾਣਾ ਬਣਾਉਣ ਦੌਰਾਨ ਲੱਗੀ।

ਮ੍ਰਿਤਕ ਲੜਕੀਆਂ ਦੇ ਪਿਤਾ ਨੇ ਦੱਸਿਆ ਕਿ ਝੁੱਗੀਆਂ ਵਿੱਚ ਰਹਿਣ ਵਾਲਾ ਇੱਕ ਪਰਿਵਾਰ ਖਾਣਾ ਬਣਾ ਰਿਹਾ ਸੀ। ਅਚਾਨਕ ਅੱਗ ਲੱਗ ਗਈ। ਤੇਜ਼ ਹਵਾ ਕਾਰਨ ਅੱਗ ਝੁੱਗੀਆਂ ਵਿੱਚ ਫੈਲ ਗਈ। ਲੋਕ ਆਪਣੇ ਆਪ ਨੂੰ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਉਸ ਦੀਆਂ ਦੋ ਧੀਆਂ ਵੀ ਅੱਗ ਤੋਂ ਬਚਣ ਲਈ ਦੂਜੇ ਕਮਰੇ ਵਿੱਚ ਲੁਕ ਗਈਆਂ। ਉਸੇ ਕਮਰੇ ਵਿੱਚ ਰੱਖੇ ਸਿਲੰਡਰ ਫਟ ਗਿਆ। ਜਦੋਂ ਦੋਵੇਂ ਧੀਆਂ ਕਿਤੇ ਨਜ਼ਰ ਨਹੀਂ ਆਈਆਂ ਤਾਂ ਉਹ ਉਨ੍ਹਾਂ ਦੀ ਭਾਲ ਵਿਚ ਕਮਰੇ ਵਿਚ ਪਹੁੰਚਿਆ। ਉਥੇ ਦੋਵੇਂ ਬੁਰੀ ਤਰ੍ਹਾਂ ਸੜ ਗਈਆਂ ਸਨ। ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਫਾਇਰ ਬ੍ਰਿਗੇਡ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ। ਨੇੜਲੀ ਨਹਿਰ ਤੋਂ ਪਾਣੀ ਲਿਆਇਆ ਜਾ ਰਿਹਾ ਹੈ। ਰਸਤਾ ਮਾ ਮਿਲਣ ਕਾਰਨ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਝੁੱਗੀਆਂ ਤੱਕ ਪਹੁੰਚਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਪਾਈਪਾਂ ਨੂੰ ਜੋੜ ਕੇ ਮੁਸ਼ਕਲ ਨਾਲ ਝੁੱਗੀਆਂ ਵਿੱਚ ਪਾਣੀ ਪਹੁੰਚਾਇਆ ਗਿਆ।