ਇਰਾਕ ਵਿੱਚ ਭਿਆਨਕ ਦੁਰਘਟਨਾ: ਹਸਪਤਾਲ ਦੇ ਕੋਰੋਨਾ ਵਾਰਡ ਵਿੱਚ ਲੱਗੀ ਅੱਗ, ਕਰੀਬ 50 ਲੋਕਾਂ ਦੀ ਮੌਤ

ਇਰਾਕ -ਦੱਖਣੀ ਇਰਾਕ ਦੇ ਅਲ ਹੁਸੈਨ ਟੀਚਿੰਗ ਹਸਪਤਾਲ ਦੇ ਕੋਰੋਨਾ ਵਾਰਡ ਵਿਚ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਅੱਗ ਲੱਗਣ ਨਾਲ ਘੱਟ ਤੋਂ ਘੱਟ 50 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਇਰਾਕ ਦੇ ਮੈਡੀਕਲ ਅਧਿਕਾਰੀਆਂ ਵੱਲੋਂ ਦਿੱਤੀ ਗਈ। ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਬਾਰੇ ਵਿਚ ਕੁੱਝ ਪਤਾ ਨਹੀਂ ਲੱਗ ਸਕਿਆ। ਮੈਡੀਕਲ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹਸਪਤਾਲ ਵਿਚ ਇਹ ਵਾਰਡ 3 ਮਹੀਨੇ ਪਹਿਲਾਂ ਹੀ ਖੋਲ੍ਹਿਆ ਗਿਆ ਸੀ ਅਤੇ ਇਸ ਵਿਚ 70 ਬੈੱਡ ਸਨ। ਸਿਹਤ ਵਿਭਾਗ ਦੇ ਬੁਲਾਰੇ ਅਮਾਰ ਅਲ ਜਾਮਿਲੀ ਨੇ ਦੱਸਿਆ ਕਿ ਜਦੋਂ ਅੱਗ ਲੱਗੀ ਉਦੋਂ ਘੱਟ ਤੋਂ ਘੱਟ 63 ਮਰੀਜ਼ ਵਾਰਡ ਦੇ ਅੰਦਰ ਸਨ। ਇਰਾਕ ਦੇ ਕਿਸੇ ਹਸਪਤਾਲ ਵਿਚ ਇਸ ਸਾਲ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ, ਅਪ੍ਰੈਲ ਵਿਚ ਬਗਦਾਦ ਦੇ ਇਕ ਹਸਪਤਾਲ ਵਿਚ ਆਕਸੀਜਨ ਟੈਂਕ ਫਟਣ ਕਾਰਨ ਅੱਗ ਲੱਗੀ ਸੀ ਜਿਸ ਵਿੱਚ 82 ਲੋਕਾਂ ਦੀ ਮੌਤ ਹੋ ਗਈ ਸੀ।