ਅਮਰੀਕਾ ਦੇ ਫਿਲਾਡੇਲਫੀਆ ‘ਚ ਈਦ ਦੇ ਜਸ਼ਨਾਂ ਦੌਰਾਨ ਹੋਈ ਗੋਲੀਬਾਰੀ

ਡੈਸਕ- ਅਮਰੀਕਾ ਦੇ ਫਿਲਾਡੇਲਫੀਆ ਸ਼ਹਿਰ ਵਿਚ ਈਦ ਦੇ ਜਸ਼ਨ ਦੌਰਾਨ ਹਿੰਸਾ ਦੀ ਇਕ ਘਟਨਾ ਸਾਹਮਣੇ ਆਈ ਹੈ। ਈਦ ਦੇ ਜਸ਼ਨ ਦੌਰਾਨ ਦੋ ਗੁੱਟਾਂ ਵਿਚਾਲੇ ਹੋਈ ਗੋਲੀਬਾਰੀ ਦੀ ਘਟਨਾ ਵਿਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪੁਲਿਸ ਨੇ ਦਿਤੀ ਹੈ।

ਘਟਨਾ ਦੇ ਸਮੇਂ ਹਰ ਕੋਈ ਰਮਜ਼ਾਨ ਦੇ ਅੰਤ (ਈਦ ਉਲ ਫਿਤਰ ਦਾ ਜਸ਼ਨ) ਦਾ ਜਸ਼ਨ ਮਨਾ ਰਿਹਾ ਸੀ। ਹਾਲਾਂਕਿ ਪੁਲਿਸ ਵਲੋਂ ਇਹ ਨਹੀਂ ਕਿਹਾ ਗਿਆ ਹੈ ਕਿ ਗੋਲੀਬਾਰੀ ਦੀ ਇਹ ਘਟਨਾ ਸਿਰਫ਼ ਈਦ-ਉਲ-ਫਿਤਰ ਪਾਰਟੀ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਗਈ ਹੈ।

ਪੁਲਿਸ ਕਮਿਸ਼ਨਰ ਕੇਵਿਨ ਬੇਥਲ ਨੇ ਮੀਡੀਆ ਨੂੰ ਦਸਿਆ, ”ਖੁਸ਼ਕਿਸਮਤੀ ਨਾਲ ਇਸ ਘਟਨਾ ‘ਚ ਜ਼ਿਆਦਾ ਲੋਕਾਂ ਨੂ ਗੋਲੀ ਨਹੀਂ ਲੱਗੀ ਅਤੇ ਨਾ ਹੀ ਕਿਸੇ ਦੀ ਜਾਨ ਗਈ”। ਬੈਥਲ ਨੇ ਦਸਿਆ, ਦੁਪਹਿਰ ਕਰੀਬ 1,000 ਲੋਕ ਜਦੋਂ ਰਮਜ਼ਾਨ ਦੇ ਆਖਰੀ ਦਿਨ ਇਕ ਪਾਰਕ ਵਿਚ ਇਕੱਠੇ ਹੋਏ ਸਨ, ਤਾਂ 30 ਦੇ ਕਰੀਬ ਗੋਲੀਆਂ ਦੀ ਆਵਾਜ਼ ਸੁਣਾਈ ਦਿਤੀ।

ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਪਾਰਕ ਦੇ ਅੰਦਰ ਦੋ ਗੁੱਟ ਸਨ, ਜਿਨ੍ਹਾਂ ਦਰਮਿਆਨ ਗੋਲੀਬਾਰੀ ਦੀ ਇਹ ਘਟਨਾ ਵਾਪਰੀ। ਪੁਲਿਸ ਅਧਿਕਾਰੀ ਨੇ ਦਸਿਆ ਕਿ ਇਸ ਘਟਨਾ ‘ਚ ਤਿੰਨ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚ ਇਕ 15 ਸਾਲਾ ਹਥਿਆਰਬੰਦ ਲੜਕਾ ਵੀ ਸ਼ਾਮਲ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਲੜਕੇ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜ ਬੰਦੂਕਾਂ ਵੀ ਬਰਾਮਦ ਹੋਈਆਂ ਹਨ। ਪੈਨਸਿਲਵੇਨੀਆ ਦੇ ਗਵਰਨਰ ਜੋਸ਼ ਸ਼ਾਪੀਰੋ ਨੇ ਇਕ ਪੋਸਟ ਵਿਚ ਇਸ ਘਟਨਾ ਉਤੇ ਦੁੱਖ ਜ਼ਾਹਰ ਕੀਤਾ ਹੈ।