ਸਿੱਕਮ ਵਿਚ ਹੜ੍ਹ ਕਾਰਨ ਫ਼ੌਜ ਦੇ 23 ਜਵਾਨ ਲਾਪਤਾ; ਤਲਾਸ਼ੀ ਮੁਹਿੰਮ ਜਾਰੀ

ਡੈਸਕ- ਸਿੱਕਮ ਵਿਚ ਬੱਦਲ ਫਟਣ ਕਾਰਨ ਤੀਸਤਾ ਨਦੀ ਵਿਚ ਭਿਆਨਕ ਹੜ੍ਹ ਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉੱਤਰੀ ਸਿੱਕਮ ਦੀ ਹੈ। ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਫ਼ੌਜ ਦੇ 20 ਤੋਂ ਵੱਧ ਜਵਾਨ ਵੀ ਲਾਪਤਾ ਦੱਸੇ ਜਾ ਰਹੇ ਹਨ। ਫ਼ੌਜ ਨੇ ਲਾਪਤਾ ਫ਼ੌਜੀਆਂ ਦੀ ਭਾਲ ਲਈ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿਤੇ ਹਨ। ਤੀਸਤਾ ਨਦੀ ਵਿਚ ਹੜ੍ਹ ਆਉਣ ਦਾ ਮੁੱਖ ਕਾਰਨ ਚੁੰਗਥਾਂਗ ਡੈਮ ਤੋਂ ਪਾਣੀ ਛੱਡਣਾ ਦਸਿਆ ਜਾ ਰਿਹਾ ਹੈ।

ਫ਼ੌਜ ਨਾਲ ਜੁੜੇ ਸੂਤਰਾਂ ਮੁਤਾਬਕ ਤੀਸਤਾ ਨਦੀ ਦੇ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਫ਼ੌਜ ਦੇ ਕਈ ਵਾਹਨ ਇਸ ਦੀ ਲਪੇਟ ‘ਚ ਆ ਗਏ। ਦਸਿਆ ਜਾ ਰਿਹਾ ਹੈ ਕਿ ਕੁੱਝ ਹੀ ਮਿੰਟਾਂ ‘ਚ ਤੀਸਤਾ ਨਦੀ ਦਾ ਜਲ ਪੱਧਰ 15 ਤੋਂ 20 ਫੁੱਟ ਵਧ ਗਿਆ ਹੈ। ਇਸ ਕਾਰਨ ਫ਼ੌਜ ਦੀਆਂ ਗੱਡੀਆਂ ਉਸ ਦੇ ਪ੍ਰਭਾਵ ਹੇਠ ਆ ਗਈਆਂ। ਗੁਹਾਟੀ ਦੇ ਰੱਖਿਆ ਪੀਆਰਓ ਨੇ ਦਸਿਆ ਕਿ ਹਾਦਸੇ ਤੋਂ ਬਾਅਦ ਲਾਪਤਾ ਫ਼ੌਜੀ ਜਵਾਨਾਂ ਦੀ ਭਾਲ ਲਈ ਬਚਾਅ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ। ਸਥਾਨਕ ਪ੍ਰਸ਼ਾਸਨ ਵੀ ਅਪਣੇ ਪੱਧਰ ‘ਤੇ ਬਚਾਅ ਕਾਰਜ ਚਲਾ ਰਿਹਾ ਹੈ। ਹਾਲਾਂਕਿ ਅਜੇ ਤਕ ਜਾਨ-ਮਾਲ ਦੇ ਨੁਕਸਾਨ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ 16 ਜੂਨ ਨੂੰ ਵੀ ਸਿੱਕਮ ਵਿਚ ਬੱਦਲ ਫਟ ਗਏ ਸਨ। ਇਥੇ ਪਾਕਯੋਂਗ ਵਿਚ ਜ਼ਮੀਨ ਖਿਸਕਣ ਅਤੇ ਫਿਰ ਬੱਦਲ ਫਟਣ ਕਾਰਨ ਘਰਾਂ ਵਿਚ ਪਾਣੀ ਭਰ ਗਿਆ। ਇਸ ਨਾਲ ਕਈ ਲੋਕ ਪ੍ਰਭਾਵਤ ਹੋਏ ਹਨ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਸਿੱਕਮ ਵਿਚ ਅਗਲੇ 3-4 ਦਿਨਾਂ ਦੌਰਾਨ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ।