VANCOUVER: ਮੈਨੀਟੋਬਾ ਸੂਬੇ ਵਿੱਚ ਰਹਿੰਦੇ ਹਜ਼ਾਰਾਂ ਲੋਕਾਂ ਲਈ ਬਹੁਤ ਵੱਡੀ ਖ਼ਬਰ ਆਈ ਹੈ। ਇੱਥੇ 2700 ਅਸਥਾਈ ਵਿਦੇਸ਼ੀ ਕਾਮਿਆਂ ਨੂੰ ਓਪਨ ਵਰਕ ਪਰਮਿਟ ਦਿੱਤਾ ਜਾਵੇਗਾ। ਇਮੀਗ੍ਰੇਸ਼ਨ, ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਮੁਤਾਬਕ, ਇਸ ਨਿਯਮ ਵਿੱਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦਾ ਵਰਕ ਸਟੇਟਸ ਖ਼ਤਮ ਹੋ ਚੁੱਕਾ ਹੈ ਜਾਂ ਜਲਦੀ ਖ਼ਤਮ ਹੋਣ ਵਾਲਾ ਹੈ। ਮੈਨੀਟੋਬਾ ਵਿੱਚ ਰਹਿਣ ਵਾਲੇ ਭਾਰਤੀ ਵੀ ਇਸ ਸਕੀਮ ਦਾ ਫ਼ਾਇਦਾ ਚੁੱਕ ਸਕਦੇ ਹਨ। ਇਹ ਓਪਨ ਵਰਕ ਪਰਮਿਟ ‘ਮੈਨੀਟੋਬਾ ਵਰਕਫੋਰਸ ਟ੍ਰਾਂਜ਼ਿਸ਼ਨ ਬ੍ਰਿਜ’ ਪਬਲਿਕ ਪਾਲਿਸੀ ਦੇ ਤਹਿਤ ਦਿੱਤਾ ਜਾਵੇਗਾ। ਓਪਨ ਵਰਕ ਪਰਮਿਟ ਮਿਲਣ ਤੋਂ ਬਾਅਦ ਕੋਈ ਵੀ ਵਰਕਰ ਕੈਨੇਡਾ ਦੀ ਕਿਸੇ ਵੀ ਕੰਪਨੀ ਵਿੱਚ ਆਸਾਨੀ ਨਾਲ ਕੰਮ ਕਰ ਸਕਦਾ ਹੈ। ਬਿਨੈਕਾਰਾਂ ਕੋਲ 31 ਦਸੰਬਰ 2025 ਜਾਂ ਉਸ ਤੋਂ ਪਹਿਲਾਂ ਜਾਰੀ ਕੀਤਾ ਗਿਆ ਮੈਨੀਟੋਬਾ ਸਪੋਰਟ ਲੈਟਰ ਹੋਣਾ ਚਾਹੀਦਾ ਹੈ। ਬਿਨੈਕਾਰਾਂ ਨੂੰ ਆਪਣੀ ਮੌਜੂਦਾ ਕੰਪਨੀ ਤੋਂ ਲੈਟਰ ਆਫ਼ ਐਂਪਲਾਇਮੈਂਟ ਵੀ ਪ੍ਰਾਪਤ ਕਰਨਾ ਹੋਵੇਗਾ। ਇਸ ਪਾਲਿਸੀ ਵਿੱਚ 3 ਤਰ੍ਹਾਂ ਦੇ ਵਰਕਰ ਆਉਂਦੇ ਹਨ। ਪਹਿਲੇ ਜਿਨ੍ਹਾਂ ਕੋਲ ਫਿਲਹਾਲ ਵੈਧ ਵਰਕ ਪਰਮਿਟ ਹੈ। ਦੂਜੇ ਜਿਨ੍ਹਾਂ ਦਾ ਵਰਕ ਪਰਮਿਟ 7 ਮਈ 2024 ਨੂੰ ਵੈਧ ਸੀ, ਪਰ ਉਸ ਤੋਂ ਬਾਅਦ ਐਕਸਪਾਇਰ ਹੋ ਗਿਆ ਹੈ। ਤੀਜੇ ਜਿਨ੍ਹਾਂ ਨੇ 7 ਮਈ 2024 ਨੂੰ ਜਾਂ ਉਸ ਤੋਂ ਪਹਿਲਾਂ ਆਪਣੇ ਪਰਮਿਟ ਨੂੰ ਰਿਨਿਊ ਕਰਨ ਲਈ ਅਪਲਾਈ ਕੀਤਾ ਸੀ ਅਤੇ ਆਪਣਾ ਸਟੇਟਸ ਬਣਾਏ ਰੱਖਿਆ ਹੈ। ਇਸ ਨਵੀਂ ਪਾਲਿਸੀ ਦੇ ਤਹਿਤ ਕਈ ਪੁਰਾਣੇ ਸਖ਼ਤ ਨਿਯਮ ਹਟਾ ਦਿੱਤੇ ਗਏ ਹਨ। ਜੇਕਰ ਕਿਸੇ ਵਰਕਰ ਨੇ ਪਹਿਲਾਂ ਬਿਨਾਂ ਇਜਾਜ਼ਤ ਕੰਮ ਜਾਂ ਪੜ੍ਹਾਈ ਕੀਤੀ ਸੀ, ਜਾਂ ਪਰਮਿਟ ਦੀਆਂ ਸ਼ਰਤਾਂ ਉਲੰਘੀਆਂ ਸਨ, ਤਾਂ ਵੀ ਉਹ ਯੋਗ ਹੋਵੇਗਾ। ਇਸ ਤੋਂ ਇਲਾਵਾ, 90 ਦਿਨਾਂ ਦੀ ਆਮ ਸਮਾਂ-ਸੀਮਾ ਲੰਘਣ ਵਾਲੇ ਲੋਕ ਵੀ ਅਪਲਾਈ ਕਰ ਸਕਦੇ ਹਨ।
ਦੇਸ਼ ਵਿੱਚ ਮਹਿੰਗਾਈ, ਉੱਚੀਆਂ ਵਿਆਜ ਦਰਾਂ ਅਤੇ ਆਰਥਿਕ ਸੁਸਤੀ ਨੇ ਆਮ ਲੋਕਾਂ ਦੇ ਨਾਲ-ਨਾਲ ਛੋਟੇ ਕਾਰੋਬਾਰਾਂ ’ਤੇ ਵੀ ਵਿੱਤੀ ਦਬਾਅ ਵਧਾ ਦਿੱਤਾ ਹੈ। ਦੇਸ਼ ਦਾ ਟਰੱਕਿੰਗ ਖੇਤਰ ਵੀ ਲੰਮੇ ਸਮੇਂ ਤੋਂ ਵਧ ਰਹੀਆਂ ਲਾਗਤਾਂ ਅਤੇ ਘਟਦੇ ਮਾਰਜਿਨਾਂ ਨਾਲ ਜੂਝ ਰਿਹਾ ਹੈ। ਡੀਜ਼ਲ, ਵਪਾਰਕ ਬੀਮਾ, ਟਰੱਕਾਂ ਦੀਆਂ ਕਿਸ਼ਤਾਂ, ਮੁਰੰਮਤ, ਪਾਰਟਸ ਅਤੇ ਮਜ਼ਦੂਰੀ ਦੇ ਖ਼ਰਚੇ ਵਧੇ ਹਨ, ਜਦਕਿ ਮਾਲ ਢੋਆ-ਢੁਆਈ ਦੇ ਰੇਟਾਂ ’ਤੇ ਦਬਾਅ ਬਣਿਆ ਹੋਇਆ ਹੈ। ਇਸ ਕਾਰਨ ਕਈ ਕੰਪਨੀਆਂ ਦੀ ਨਕਦੀ ਦੀ ਸਥਿਤੀ ਕਮਜ਼ੋਰ ਹੋਈ ਹੈ। ਇਸ ਦੀ ਇੱਕ ਵੱਡੀ ਮਿਸਾਲ ਮਿਸੀਸਾਗਾ ਸਥਿਤ ਪ੍ਰਾਈਡ ਗਰੁੱਪ ਹੋਲਡਿੰਗਜ਼ ਹੈ। ਕੰਪਨੀ ਨੇ 2024 ਵਿੱਚ ‘ਸੀਸੀਏਏ’ ਤਹਿਤ ਕਰਜ਼ਦਾਤਿਆਂ ਤੋਂ ਸੁਰੱਖਿਆ ਮੰਗੀ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਸ ਨਾਲ ਜੁੜੇ ਕਰਜ਼ਦਾਤਿਆਂ ਦੇ ਦਾਅਵੇ ਲਗਪਗ 1.6 ਅਰਬ ਕੈਨੇਡੀਅਨ ਡਾਲਰ ਅਤੇ 637 ਮਿਲੀਅਨ ਅਮਰੀਕੀ ਡਾਲਰ ਤੱਕ ਸਨ। ਕੰਪਨੀ ਦਾ ਕਾਰੋਬਾਰ ਕੈਨੇਡਾ ਅਤੇ ਅਮਰੀਕਾ ਵਿੱਚ ਟਰੱਕਿੰਗ, ਲੀਜ਼ਿੰਗ ਅਤੇ ਹੋਰ ਆਵਾਜਾਈ ਸੇਵਾਵਾਂ ਤੱਕ ਫੈਲਿਆ ਹੋਇਆ ਸੀ। ਓਕਵਿਲ ਸਥਿਤ ਪੰਜਾਬ ਟਰਾਂਸਪੋਰਟ, ਜਿਸ ਕੋਲ 117 ਟਰੱਕਾਂ ਦਾ ਬੇੜਾ ਸੀ, 2025 ਵਿੱਚ ਰਿਸੀਵਰਸ਼ਿਪ ਹੇਠ ਆ ਗਈ। ਰਾਇਲ ਬੈਂਕ ਆਫ਼ ਕੈਨੇਡਾ ਨੇ ਕੰਪਨੀ ਵੱਲੋਂ 12 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਬਕਾਇਆ ਹੋਣ ਦਾ ਦਾਅਵਾ ਕੀਤਾ ਸੀ। ਕੰਪਨੀ ਦੇ ਮਾਲਕ ਨੇ ਕੁਝ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਾਰੋਬਾਰ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਮੁੜ-ਵਿੱਤੀ ਕਰਨ ਦੀ ਯੋਜਨਾ ਦਾ ਹਵਾਲਾ ਦਿੱਤਾ ਸੀ। ਬ੍ਰਿਟਿਸ਼ ਕੋਲੰਬੀਆ ਦੀ ਰਿਲਾਇੰਸ ਲੌਜਿਸਟਿਕਸ ਵੀ ਪਹਿਲਾਂ ਕਰਜ਼ੇ ਦੇ ਪੁਨਰਗਠਨ ਦੀ ਪ੍ਰਕਿਰਿਆ ਵਿੱਚੋਂ ਲੰਘੀ ਅਤੇ ਬਾਅਦ ਵਿੱਚ ਮਾਰਚ 2026 ਵਿੱਚ ਦੀਵਾਲੀਆ ਹੋ ਗਈ। ਕੰਪਨੀ ਦੀਆਂ ਦੇਣਦਾਰੀਆਂ ਲਗਪਗ 12.7 ਮਿਲੀਅਨ ਡਾਲਰ ਦੱਸੀਆਂ ਗਈਆਂ ਹਨ। ਮੈਨੀਟੋਬਾ ਵਿੱਚ ਵੀ 2025 ਤੋਂ ਹੁਣ ਤੱਕ ਘੱਟੋ-ਘੱਟ ਤਿੰਨ ਟਰੱਕਿੰਗ ਕੰਪਨੀਆਂ ਵਿੱਤੀ ਸੰਕਟ ਦਾ ਸਾਹਮਣਾ ਕਰ ਚੁੱਕੀਆਂ ਹਨ। ਟਰੱਕਿੰਗ ਖੇਤਰ ਵਿੱਚ ਪੰਜਾਬੀ ਭਾਈਚਾਰੇ ਦੀ ਵੱਡੀ ਹਿੱਸੇਦਾਰੀ ਹੋਣ ਕਾਰਨ ਇਸ ਸੰਕਟ ਦਾ ਅਸਰ ਮਾਲਕਾਂ ਦੇ ਨਾਲ-ਨਾਲ ਡਰਾਈਵਰਾਂ ਅਤੇ ਓਨਰ-ਓਪਰੇਟਰਾਂ ’ਤੇ ਵੀ ਪੈ ਰਿਹਾ ਹੈ। ਟਰੱਕ ਦੀ ਕਿਸ਼ਤ, ਬੀਮਾ ਅਤੇ ਮੁਰੰਮਤ ਵਰਗੇ ਖ਼ਰਚੇ ਲਗਾਤਾਰ ਜਾਰੀ ਰਹਿੰਦੇ ਹਨ, ਪਰ ਮਾਲ ਘਟਣ ਜਾਂ ਭਾੜੇ ਦੇ ਰੇਟ ਡਿੱਗਣ ਨਾਲ ਆਮਦਨ ਵਿੱਚ ਤੁਰੰਤ ਕਮੀ ਆ ਸਕਦੀ ਹੈ।
ਦੇਸ਼ ਵਿਚ ਥਾਂ-ਥਾਂ ਕੂੜਾ ਸੁੱਟਣ ਦੀ ਸਮੱਸਿਆ ਨੇ ਕਈ ਸ਼ਹਿਰਾਂ ਨੂੰ ਆਪਣੀ ਜਕੜ ਵਿਚ ਲੈ ਲਿਆ ਹੈ ਅਤੇ ਪੇਂਡੂ ਇਲਾਕਿਆਂ ਵਿਚ ਕਿਸਾਨ ਵੱਖਰੀ ਹਾਲ-ਦੁਹਾਈ ਪਾ ਰਹੇ ਹਨ। ਮੀਡੀਆ ਰਿਪੋਰਟ ਮੁਤਾਬਕ ਬਰੈਂਪਟਨ ਵਿਖੇ 2020 ਦੌਰਾਨ ਮਨਮਰਜ਼ੀ ਨਾਲ ਕਿਸੇ ਵੀ ਥਾਂ ਕੂੜਾ ਸੁੱਟਣ ਦੇ 2,117 ਮਾਮਲੇ ਦਰਜ ਕੀਤੇ ਗਏ ਪਰ 2024 ਤੱਕ ਇਹ ਅੰਕੜਾ 5,568 ’ਤੇ ਪੁੱਜ ਗਿਆ। ਇਸੇ ਤਰ੍ਹਾਂ ਸਰੀ ਵਿਖੇ ਸਫ਼ਾਈ ਕਾਮਿਆਂ ਨੂੰ 7,459 ਥਾਵਾਂ ’ਤੇ ਸੁੱਟਿਆ ਕੂੜਾ ਸਾਫ਼ ਕਰਨਾ ਪਿਆ। ਹੈਮਿਲਟਨ ਵਿਖੇ 1,407 ਥਾਵਾਂ ’ਤੇ ਕੂੜਾ ਸੁੱਟਿਆ ਮਿਲਿਆ ਅਤੇ ਜ਼ਿਆਦਾਤਰ ਮਾਮਲਿਆਂ ਵਿਚ ਘਰੇਲੂ ਗਾਰਬੇਜ ਨੂੰ ਸੁੰਨਸਾਨ ਇਲਾਕਿਆਂ ਵਿਚ ਡੰਪ ਕੀਤਾ ਗਿਆ। ਹੈਮਿਲਟਨ ਵਿਖੇ ਮੌਜੂਦਾ ਵਰ੍ਹੇ ਦੌਰਾਨ 265 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਗਾਰਬੇਜ ਵਿਚ ਆਮ ਤੌਰ ’ਤੇ ਵੱਡੇ ਵੱਡੇ ਬੈਗ, ਰੱਦੀ, ਫ਼ਰਨੀਚਰ, ਕੰਸਟ੍ਰਕਸ਼ਨ ਵੇਸਟ ਜਾਂ ਵਿਹੜੇ ਵਿਚ ਖਿਲਰਿਆ ਗੰਦ ਹੁੰਦਾ ਹੈ। ਸ਼ਹਿਰ ਦੀ ਵੇਸਟ ਮੈਨੇਜਮੈਂਟ ਡਾਇਰੈਕਟਰ ਐਂਜਲਾ ਸਟੋਰੀ ਨੇ ਦੱਸਿਆ ਕਿ ਹਰ ਸਾਲ ਜਦੋਂ ਬਰਫ਼ ਪਿਘਲਣ ਲਗਦੀ ਹੈ ਤਾਂ ਵੱਖ ਵੱਖ ਇਲਾਕਿਆਂ ਵਿਚ ਕੂੜਾ ਸੁੱਟੇ ਹੋਣ ਦੀਆਂ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੁਣ ਸਿਟੀ ਵੱਲੋਂ ਸਖ਼ਤ ਨਿਯਮ ਲਾਗੂ ਕੀਤੇ ਜਾ ਰਹੇ ਹਨ ਅਤੇ ਗੈਰਕਾਨੂੰਨੀ ਤਰੀਕੇ ਨਾਲ ਕੂੜਾ ਸੁੱਟਣ ਵਾਲਿਆਂ ਨੂੰ 10 ਹਜ਼ਾਰ ਡਾਲਰ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ। 2026 ਵਿਚ 110 ਜਣਿਆਂ ਨੂੰ ਜੁਰਮਾਨੇ ਕੀਤੇ ਜਾ ਚੁੱਕੇ ਹਨ ਅਤੇ ਨਿਗਰਾਨੀ ਤੇਜ਼ ਕੀਤੀ ਜਾ ਰਹੀ ਹੈ। ਐਂਜਲਾ ਨੇ ਦੱਸਿਆ ਕਿ ਸਿਟੀ ਦੀ ਮਾਲਕੀ ਵਾਲੀਆਂ ਪ੍ਰੌਪਰਟੀਜ਼ ਨੂੰ ਹੀ ਗੰਦਾ ਨਹੀਂ ਕੀਤਾ ਜਾ ਰਿਹਾ ਬਲਕਿ ਕਿਸਾਨ ਵੀ ਤੰਗ ਆ ਚੁੱਕੇ ਹਨ, ਜਿਨ੍ਹਾਂ ਨੂੰ ਫ਼ਸਲ ਦੀ ਵਾਢੀ ਮਗਰੋਂ ਨਵੇਂ ਸਿਰੇ ਤੋਂ ਬਿਜਾਈ ਕਰਦਿਆਂ ਕੂੜਾ ਸਾਫ਼ ਕਰਵਾਉਣਾ ਪੈਂਦਾ ਹੈ। ਉਨਟਾਰੀਓ ਦੇ ਮਾਊਂਟ ਹੋਪ ਇਲਾਕੇ ਵਿਚ ਰਹਿੰਦੇ ਕਿਸਾਨਾਂ ਦਾ ਕਹਿਣਾ ਸੀ ਕਿ ਬਸੰਤ ਰੁੱਤ ਅਤੇ ਗਰਮੀਆਂ ਦੌਰਾਨ ਇਹ ਸਮੱਸਿਆ ਕੁਝ ਜ਼ਿਆਦਾ ਹੀ ਵਧ ਜਾਂਦੀ ਹੈ। ਸੁੰਨਸਾਨ ਇਲਾਕਿਆ ਵਿਚ ਖਿਲਰਿਆ ਗੰਦ ਚੁਕਦਿਆਂ ਕਈ ਕਈ ਘੰਟੇ ਲੱਗ ਜਾਂਦੇ ਹਨ। ਇਸੇ ਤਰ੍ਹਾਂ ਉਨਟਾਰੀਓ ਦੇ ਬਿਨਬਰੂਕ ਇਲਾਕੇ ਵਿਚ ਐਗਰੀਕਲਚਰ ਫੈਡਰੇਸ਼ਨ ਦੇ ਪ੍ਰਧਾਨ ਡਰੂ ਸਪੌਇਲਸਟ੍ਰਾ ਨੇ ਦੱਸਿਆ ਕਿ ਫ਼ਾਰਮ ਹਾਊਸ ਦੇ ਦਾਖਲੇ ਅਤੇ ਖੇਤਾਂ ਦੇ ਨਾਲ ਗਾਰਬੇਜ ਮਿਲਣਾ ਆਮ ਗੱਲ ਹੈ ਅਤੇ ਕਈ ਵਾਰ ਮਿਊਂਸਪੈਲਿਟੀਜ਼ ਸਫ਼ਾਈ ਵਿਚ ਮਦਦ ਕਰ ਦਿੰਦੀਆਂ ਜਦਕਿ ਜ਼ਿਆਦਾਤਰ ਮੌਕਿਆਂ ’ਤੇ ਜ਼ਮੀਨ ਮਾਲਕ ਨੂੰ ਹੀ ਖਰਚਾ ਕਰਨਾ ਪੈਂਦਾ ਹੈ।
ਕੈਨੇਡੀਅਨ ਵਸਤੂਆਂ ‘ਤੇ ਅਮਰੀਕਾ ਵੱਲੋਂ ਨਵੇਂ ਟੈਰਿਫ ਲਗਾਉਣ ‘ਚ ਸਿਰਫ਼ ਛੇ ਦਿਨ ਬਾਕੀ ਰਹਿ ਗਏ ਹਨ। ਇਸ ਦੌਰਾਨ ਕੈਨੇਡਾ ਦੇ ਵਪਾਰ ਮੰਤਰੀ ਡੋਮਿਨਿਕ ਲੇਬਲਾਂਕ ਅਤੇ ਮੁੱਖ ਵਪਾਰਕ ਗੱਲਬਾਤਕਾਰ ਜੈਨਿਸ ਚਾਰੇਟ ਨੇ ਅਮਰੀਕੀ ਵਪਾਰ ਪ੍ਰਤੀਨਿਧ ਜੈਮੀਸਨ ਗ੍ਰੀਅਰ ਨਾਲ ਵਾਸ਼ਿੰਗਟਨ ਵਿੱਚ 90 ਮਿੰਟ ਤੱਕ ਅਹਿਮ ਮੁਲਾਕਾਤ ਕੀਤੀ। ਮੰਤਰੀ ਲੇਬਲਾਂਕ ਨੇ ਕਿਹਾ ਕਿ ਮਸਲੇ ਦੇ ਹੱਲ ਲਈ ਜਿੰਨੀਆਂ ਵੀ ਬੈਠਕਾਂ ਦੀ ਲੋੜ ਪਵੇਗੀ, ਉਹ ਕਰਨਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 19 ਅਗਸਤ ਤੋਂ ਕੈਨੇਡੀਅਨ ਉਤਪਾਦਾਂ ‘ਤੇ 50 ਫੀਸਦੀ ਤੱਕ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਟਰੰਪ ਪਹਿਲਾਂ ਹੀ ਸਟੀਲ, ਐਲੂਮੀਨੀਅਮ, ਗੱਡੀਆਂ ਅਤੇ ਲੱਕੜ ‘ਤੇ ਭਾਰੀ ਟੈਰਿਫ ਲਗਾ ਚੁੱਕੇ ਹਨ। ਕੈਨੇਡੀਅਨ ਟੀਮ ਅਗਲੇ ਬੁੱਧਵਾਰ ਤੋਂ ਪਹਿਲਾਂ ਟਰੰਪ ਦੇ ਸਾਹਮਣੇ ਸਮਝੌਤੇ ਦਾ ਪ੍ਰਸਤਾਵ ਰੱਖਣਾ ਚਾਹੁੰਦੀ ਹੈ। ਦੂਜੇ ਪਾਸੇ, ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨਵੇਂ ਟੈਰਿਫ ਲਾਗੂ ਕਰਦਾ ਹੈ, ਤਾਂ ਅੱਗੇ ਦੀ ਵਪਾਰਕ ਗੱਲਬਾਤ ਖਤਰੇ ਵਿੱਚ ਪੈ ਸਕਦੀ ਹੈ। ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਦੇ ਮੁੱਖ ਕਾਰਨ ਆਟੋਮੋਬਾਈਲ ਖੇਤਰ, ਡੇਅਰੀ ਉਤਪਾਦ ਅਤੇ ਅਮਰੀਕੀ ਸ਼ਰਾਬ ‘ਤੇ ਲਗਾਈ ਗਈ ਰੋਕ ਹਨ। ਟਰੰਪ ਦੇ ਟੈਰਿਫਾਂ ਦੇ ਜਵਾਬ ਵਿੱਚ ਅਲਬਰਟਾ ਅਤੇ ਸਾਸਕੈਚਵਨ ਨੂੰ ਛੱਡ ਕੇ ਬਾਕੀ ਕੈਨੇਡੀਅਨ ਸੂਬਿਆਂ ਨੇ ਅਮਰੀਕੀ ਸ਼ਰਾਬ ਦੀ ਵਿਕਰੀ ‘ਤੇ ਰੋਕ ਲਗਾਈ ਹੋਈ ਹੈ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸਾਫ਼ ਕੀਤਾ ਹੈ ਕਿ ਜਦੋਂ ਤੱਕ ਪੂਰੀ ਰਾਹਤ ਨਹੀਂ ਮਿਲਦੀ, ਅਮਰੀਕੀ ਸ਼ਰਾਬ ਦੀ ਵਿਕਰੀ ਦੁਬਾਰਾ ਸ਼ੁਰੂ ਨਹੀਂ ਹੋਵੇਗੀ। ਇਸੇ ਦੌਰਾਨ, ਕਿਊਬੈਕ ਦੀ ਪ੍ਰੀਮੀਅਰ ਕ੍ਰਿਸਟੀਨ ਫ੍ਰੇਚੇਟ ਨੇ ਵੀ ਨਵੇਂ ਟੈਰਿਫਾਂ ਦੇ ਖਤਰੇ ਨੂੰ ਦੇਖਦਿਆਂ ਹੰਗਾਮੀ ਬੈਠਕਾਂ ਸੱਦੀਆਂ ਹਨ।
ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਉਸ ਫੈਸਲੇ ਦਾ ਬਚਾਅ ਕੀਤਾ ਹੈ, ਜਿਸ ਤਹਿਤ ਉਸ ਵੇਲੇ ਦੀ ਲਿਬਰਲ ਆਗੂ ਬੋਨੀ ਕ੍ਰੋਮਬੀ ਦੀ ਜਮਾਇਕਾ ਛੁੱਟੀਆਂ ਦੌਰਾਨ ਨਿਗਰਾਨੀ ਕਰਨ ਲਈ ਇੱਕ ਖੋਜਕਰਤਾ ਭੇਜਿਆ ਗਿਆ ਸੀ। ਪਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੋਰ ਰਾਜਨੀਤਿਕ ਪਾਰਟੀਆਂ ਵਾਂਗ ਉਹ ਵੀ ਵਿਰੋਧੀ ਆਗੂਆਂ ਬਾਰੇ ਜਾਣਕਾਰੀ ਇਕੱਠੀ ਕਰਦੇ ਹਨ। ਇਸੇ ਕੰਮ ਲਈ ਦਸੰਬਰ 2023 ਵਿੱਚ ਇੱਕ ਖੋਜਕਰਤਾ ਨੂੰ ਜਮਾਇਕਾ ਭੇਜਿਆ ਗਿਆ ਸੀ। ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਪ੍ਰੀਮੀਅਰ ਡੱਗ ਫੋਰਡ ਨੇ ਇਸ ਕਦਮ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਇਹ ਸਿਆਸਤ ਹੈ ਅਤੇ ਚੋਣਾਂ ਦੌਰਾਨ ਅਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਹਾਲਾਂਕਿ ਫੋਰਡ ਨੇ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਨੂੰ ਇਸ ਬਾਰੇ ਬਾਅਦ ਵਿੱਚ ਪਤਾ ਲੱਗਾ ਅਤੇ ਉਹ ਇਸ ਤਰੀਕੇ ਨੂੰ ਪੂਰੀ ਤਰ੍ਹਾਂ ਪਸੰਦ ਨਹੀਂ ਕਰਦੇ। ਫੋਰਡ ਨੇ ਸਪੱਸ਼ਟ ਕੀਤਾ ਕਿ ਇਸ ਦੌਰੇ ‘ਤੇ ਲਗਭਗ 3,000 ਡਾਲਰ ਖਰਚ ਹੋਏ ਸਨ, ਜੋ ਪਾਰਟੀ ਦੇ ਫੰਡ ਵਿੱਚੋਂ ਦਿੱਤੇ ਗਏ ਸਨ, ਨਾ ਕਿ ਸਰਕਾਰੀ ਖਜ਼ਾਨੇ ਵਿੱਚੋਂ। ਪਰ ਆਲੋਚਕਾਂ ਦਾ ਮੰਨਣਾ ਹੈ ਕਿ ਰਾਜਨੀਤਿਕ ਪਾਰਟੀਆਂ ਨੂੰ ਮਿਲਣ ਵਾਲੇ ਫੰਡ ਵਿੱਚ ਕਰਦਾਤਾਵਾਂ ਦਾ ਪੈਸਾ ਵੀ ਸ਼ਾਮਲ ਹੁੰਦਾ ਹੈ। ਇਸ ਮਾਮਲੇ ‘ਤੇ ਵਿਰੋਧੀ ਧਿਰਾਂ ਨੇ ਡੱਗ ਫੋਰਡ ਸਰਕਾਰ ‘ਤੇ ਤਿੱਖੇ ਹਮਲੇ ਕੀਤੇ ਹਨ। ਅੰਤਰਿਮ ਲਿਬਰਲ ਆਗੂ ਜੌਨ ਫ੍ਰੇਜ਼ਰ ਨੇ ਫੋਰਡ ਦੇ ਬਿਆਨ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਆਮ ਰਾਜਨੀਤੀ ਨਹੀਂ ਹੈ। ਜੇਕਰ ਫੋਰਡ ਪਾਰਟੀ ਦੇ ਮੁਖੀ ਹਨ, ਤਾਂ ਉਹਨਾਂ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਰਿਪੋਰਟਾਂ ਅਨੁਸਾਰ, ਦਸੰਬਰ 2023 ਵਿੱਚ ਕ੍ਰੋਮਬੀ ਦੇ ਜਮਾਇਕਾ ਦੌਰੇ ਦੌਰਾਨ ਪਾਰਟੀ ਦੇ ਵਿੱਤੀ ਰਿਕਾਰਡ ਵਿੱਚ ਜਮਾਇਕਾ ਦੇ ਦੋ ਰਿਜ਼ੌਰਟਾਂ ਦੇ ਖਰਚੇ ਦਰਜ ਹਨ। ਸਿਆਸੀ ਪਾਰਟੀਆਂ ਅਕਸਰ ਆਪਣੇ ਵਿਰੋਧੀਆਂ ਦੀਆਂ ਖਾਮੀਆਂ ਲੱਭਣ ਲਈ ਅਜਿਹੀ ਰਿਸਰਚ ਕਰਦੀਆਂ ਹਨ। ਪੀ.ਸੀ. ਪਾਰਟੀ ਪਹਿਲਾਂ ਵੀ ਬੋਨੀ ਕ੍ਰੋਮਬੀ ਨੂੰ ਇੱਕ ਆਮ ਜਨਤਾ ਤੋਂ ਦੂਰ ਅਤੇ ਮਹਿੰਗੀ ਜੀਵਨ ਸ਼ੈਲੀ ਜਿਊਣ ਵਾਲੀ ਨੇਤਾ ਵਜੋਂ ਦਿਖਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ।
ਓਨਟਾਰੀਓ ਸਰਕਾਰ ਨੇ ਸੂਬੇ ਵਿੱਚ ਡਾਟਾ ਸੈਂਟਰ ਲਗਾਉਣ ਦੀਆਂ ਇੱਛੁਕ ਕੰਪਨੀਆਂ ਲਈ ਇੱਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਹ ਕਦਮ ਉਸ ਵੇਲੇ ਚੁੱਕਿਆ ਗਿਆ ਹੈ ਜਦੋਂ ਸੂਬੇ ਦੀਆਂ ਕਈ ਮਿਉਂਸਪੈਲਟੀਆਂ ਨੇ ਵਾਤਾਵਰਣ, ਪ੍ਰਦੂਸ਼ਣ ਅਤੇ ਪਾਣੀ ਦੀ ਖਪਤ ਵਰਗੀਆਂ ਚਿੰਤਾਵਾਂ ਕਰਕੇ ਡਾਟਾ ਸੈਂਟਰਾਂ ਦੇ ਨਿਰਮਾਣ ‘ਤੇ ਰੋਕ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਗੁਏਲਫ਼ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਲੋਕਾਂ ਨੂੰ ਡਾਟਾ ਸੈਂਟਰਾਂ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਉਨ੍ਹਾਂ ਮੁਤਾਬਕ, ਡਾਟਾ ਸੁਰੱਖਿਆ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਆਤਮ-ਨਿਰਭਰ ਰਹਿਣ ਲਈ ਇਹ ਸੈਂਟਰ ਬਹੁਤ ਜ਼ਰੂਰੀ ਹਨ, ਨਹੀਂ ਤਾਂ ਸਾਨੂੰ ਅਮਰੀਕਾ ‘ਤੇ ਨਿਰਭਰ ਰਹਿਣਾ ਪਵੇਗਾ। ਫੋਰਡ ਨੇ ਸਾਫ਼ ਕੀਤਾ ਕਿ ਕੰਪਨੀਆਂ ਨੂੰ ਕੋਈ ਖਾਸ ਛੋਟ ਨਹੀਂ ਦਿੱਤੀ ਜਾਵੇਗੀ, ਸਗੋਂ ਉਨ੍ਹਾਂ ਨੂੰ ਸਖ਼ਤ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ ਅਤੇ ਸਥਾਨਕ ਭਾਈਚਾਰੇ ਨੂੰ ਲਾਭ ਪਹੁੰਚਾਉਣਾ ਪਵੇਗਾ। ਦੂਜੇ ਪਾਸੇ, ਵਿਰੋਧੀ ਧਿਰ ਐੱਨਡੀਪੀ ਦੇ ਆਗੂ ਕ੍ਰਿਸ ਗਲੋਵਰ ਨੇ ਲੋਕਾਂ ਦੀਆਂ ਚਿੰਤਾਵਾਂ ਨੂੰ ਜਾਇਜ਼ ਠਹਿਰਾਇਆ। ਉਨ੍ਹਾਂ ਕਿਹਾ ਕਿ ਲੋਕ ਰੁਜ਼ਗਾਰ ਤਾਂ ਚਾਹੁੰਦੇ ਹਨ, ਪਰ ਉਹ ਪਾਣੀ ਅਤੇ ਬਿਜਲੀ ਦੇ ਵੱਧਦੇ ਬਿੱਲ ਜਾਂ ਵਾਤਾਵਰਣ ਦਾ ਨੁਕਸਾਨ ਨਹੀਂ ਸਹਿ ਸਕਦੇ। ਤਕਨਾਲੋਜੀ ਮਾਹਰਾਂ ਦਾ ਕਹਿਣਾ ਹੈ ਕਿ ਡਾਟਾ ਸੈਂਟਰਾਂ ਨਾਲ ਲੰਬੇ ਸਮੇਂ ਲਈ ਬਹੁਤ ਘੱਟ ਪੱਕੇ ਰੋਜ਼ਗਾਰ ਪੈਦਾ ਹੁੰਦੇ ਹਨ, ਕਿਉਂਕਿ ਨਿਰਮਾਣ ਤੋਂ ਬਾਅਦ ਇਹ ਜ਼ਿਆਦਾਤਰ ਕੰਪਿਊਟਰਾਂ ਰਾਹੀਂ ਹੀ ਚੱਲਦੇ ਹਨ। ਇਸ ਤੋਂ ਇਲਾਵਾ, ਅਮਰੀਕੀ ਕੰਪਨੀਆਂ ਦੇ ਡਾਟਾ ਸੈਂਟਰ ਹੋਣ ਕਾਰਨ ਅਮਰੀਕੀ ਕਾਨੂੰਨਾਂ ਤਹਿਤ ਡਾਟਾ ਦੀ ਗੋਪਨੀਯਤਾ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਹ ਅਜਿਹੇ ਪ੍ਰੋਜੈਕਟਾਂ ਨੂੰ ਪਹਿਲ ਦੇਵੇਗੀ ਜੋ ਪਾਣੀ ਨੂੰ ਮੁੜ ਵਰਤੋਂ ਵਿੱਚ ਲਿਆਉਂਦੇ ਹਨ। ਹਾਲ ਹੀ ਵਿੱਚ ਓਕਵਿਲ ਅਤੇ ਮਿਸੀਸਾਗਾ ਵਰਗੇ ਸ਼ਹਿਰਾਂ ਨੇ ਡਾਟਾ ਸੈਂਟਰਾਂ ਦੇ ਨਿਰਮਾਣ ‘ਤੇ ਰੋਕ ਲਗਾਉਣ ਲਈ ਵੋਟਿੰਗ ਕੀਤੀ ਹੈ, ਜਦਕਿ ਹੈਮਿਲਟਨ ਅਤੇ ਵੌਨ ਵਰਗੇ ਇਲਾਕਿਆਂ ਵਿੱਚ ਪ੍ਰੋਜੈਕਟਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਪ੍ਰੀਮੀਅਰ ਫੋਰਡ ਨੇ ਕਿਹਾ ਕਿ ਉਹ ਇਨ੍ਹਾਂ ਪ੍ਰੋਜੈਕਟਾਂ ਲਈ ਸਥਾਨਕ ਮੇਅਰਾਂ ਅਤੇ ਕੌਂਸਲਾਂ ਨਾਲ ਮਿਲ ਕੇ ਗੱਲਬਾਤ ਕਰਨਗੇ।
ਮਾਂਟਰੀਅਲ ਦੇ ਅਹੰਟਸਿਕ-ਕਾਰਟੀਅਰਵਿਲ ਖੇਤਰ ਵਿੱਚ ਸਥਿਤ ਇੱਕ ਡੇਅ ਕੈਂਪ ਵਿੱਚ ਕੰਮ ਕਰਨ ਵਾਲੇ 16 ਸਾਲਾ ਮੁੰਡੇ ਨੂੰ ਤਿੰਨ ਨਾਬਾਲਗ ਬੱਚੀਆਂ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਂਟਰੀਅਲ ਪੁਲਿਸ ਦੀ ਜਿਨਸੀ ਹਮਲੇ ਸਬੰਧੀ ਜਾਂਚ ਟੀਮ ਨੇ 31 ਜੁਲਾਈ ਨੂੰ ਇੱਕ ਬੱਚੀ ਦੀ ਸ਼ਿਕਾਇਤ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਪੁਲਿਸ ਨੇ ਦੱਸਿਆ ਕਿ ਸ਼ੱਕੀ ਮੁੰਡੇ ਨੂੰ ਪੁੱਛਗਿੱਛ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ। ਉਸ ‘ਤੇ ਯੂਥ ਅਦਾਲਤ ਵਿੱਚ ਜਿਨਸੀ ਹਮਲਾ ਕਰਨ, ਗਲਤ ਤਰੀਕੇ ਨਾਲ ਛੂਹਣ, ਅਸ਼ਲੀਲ ਵੀਡੀਓ ਬਣਾਉਣ ਅਤੇ ਬੱਚਿਆਂ ਦੇ ਸ਼ੋਸ਼ਣ ਨਾਲ ਸਬੰਧਤ ਸਮੱਗਰੀ ਰੱਖਣ ਅਤੇ ਵੰਡਣ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਜਾਂਚ ਦੌਰਾਨ ਪੁਲਿਸ ਨੂੰ ਦੋ ਹੋਰ ਨਾਬਾਲਗ ਪੀੜਤ ਬੱਚੀਆਂ ਬਾਰੇ ਵੀ ਪਤਾ ਲੱਗਾ ਹੈ। ਮਾਮਲਾ ਸਾਹਮਣੇ ਆਉਂਦੇ ਹੀ ‘ਲੋਇਸਿਰਸ ਸੋਫੀ-ਬਾਰਾਟ’ ਡੇਅ ਕੈਂਪ ਦੀ ਅੰਤਰਿਮ ਡਾਇਰੈਕਟਰ ਜਨਰਲ ਘਿਤਾ ਬੋਲੈਚ ਨੇ ਦੋਸ਼ੀ ਕਰਮਚਾਰੀ ਨੂੰ ਤੁਰੰਤ ਕੰਮ ਤੋਂ ਹਟਾ ਦਿੱਤਾ। ਉਨ੍ਹਾਂ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਅਸੀਂ ਇਹ ਗੰਭੀਰ ਇਲਜ਼ਾਮ ਸੁਣ ਕੇ ਬਹੁਤ ਦੁਖੀ ਅਤੇ ਹੈਰਾਨ ਹਾਂ। ਸਾਡਾ ਕੈਂਪ ਹਮੇਸ਼ਾ ਬੱਚਿਆਂ ਨੂੰ ਇੱਕ ਸੁਰੱਖਿਅਤ ਅਤੇ ਵਧੀਆ ਮਾਹੌਲ ਦੇਣ ਲਈ ਵਚਨਬੱਧ ਰਿਹਾ ਹੈ ਅਤੇ ਅਸੀਂ ਮਾਪਿਆਂ ਦੀ ਚਿੰਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਕੈਂਪ ਪ੍ਰਬੰਧਕਾਂ ਨੇ ਮਾਪਿਆਂ ਨੂੰ ਇੱਕ ਪੱਤਰ ਭੇਜ ਕੇ ਕਿਸੇ ਵੀ ਸਵਾਲ ਲਈ ਸਿੱਧਾ ਸੰਪਰਕ ਕਰਨ ਲਈ ਕਿਹਾ ਹੈ। ਪੁਲਿਸ ਨੇ ਵੀ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਇਸ ਘਟਨਾ ਸਬੰਧੀ ਕੋਈ ਹੋਰ ਜਾਣਕਾਰੀ ਹੈ, ਤਾਂ ਉਹ 514-280-8502 ‘ਤੇ ਪੁਲਿਸ ਨਾਲ ਸੰਪਰਕ ਕਰਨ। ਕਿਸੇ ਵੀ ਐਮਰਜੈਂਸੀ ਜਾਂ ਖਤਰੇ ਦੀ ਸਥਿਤੀ ਵਿੱਚ ਤੁਰੰਤ 911 ‘ਤੇ ਕਾਲ ਕਰਨ ਦੀ ਸਲਾਹ ਦਿੱਤੀ ਗਈ ਹੈ।
ਵੀਰਵਾਰ ਦੁਪਹਿਰ ਨੂੰ ਐਬਟਸਫੋਰਡ ਵਿੱਚ ਇੱਕ ਦੁਖਦਾਈ ਹਾਦਸਾ ਵਾਪਰਿਆ, ਜਿੱਥੇ ਇੱਕ ਪਾਰਕਿੰਗ ਲਾਟ ਵਿੱਚ ਗੱਡੀ ਦੀ ਟੱਕਰ ਲੱਗਣ ਕਾਰਨ ਛੇ ਸਾਲ ਦੇ ਬੱਚੇ ਦੀ ਮੌਤ ਹੋ ਗਈ। ਐਬਟਸਫੋਰਡ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ ਲਗਭਗ 12:45 ਵਜੇ ਆਲਵੁੱਡ ਪਲੇਸ ਟਾਊਨਹਾਊਸ ਕੰਪਲੈਕਸ ਦੀ ਪਾਰਕਿੰਗ ਵਿੱਚ ਵਾਪਰਿਆ। ਮਿਲੀ ਜਾਣਕਾਰੀ ਮੁਤਾਬਕ, ਬੱਚੇ ਨੂੰ ਇੱਕ SUV ਗੱਡੀ ਨੇ ਟੱਕਰ ਮਾਰ ਦਿੱਤੀ ਸੀ। ਮੌਕੇ ‘ਤੇ ਮੌਜੂਦ ਲੋਕਾਂ ਅਤੇ ਇਲਾਜ ਟੀਮਾਂ ਨੇ ਬੱਚੇ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਹਾਦਸੇ ਤੋਂ ਬਾਅਦ ਗੱਡੀ ਚਲਾ ਰਿਹਾ ਡਰਾਈਵਰ ਮੌਕੇ ‘ਤੇ ਹੀ ਰਿਹਾ ਅਤੇ ਉਹ ਪੁਲਿਸ ਦੀ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹਾ ਹੈ। ਜਾਂਚ ਚੱਲ ਰਹੀ ਹੋਣ ਕਰਕੇ ਫਿਲਹਾਲ ਟਾਊਨਹਾਊਸ ਕੰਪਲੈਕਸ ਦਾ ਮੁੱਖ ਰਸਤਾ ਬੰਦ ਕੀਤਾ ਗਿਆ ਹੈ। ਐਬਟਸਫੋਰਡ ਪੁਲਿਸ ਦੇ ਮੀਡੀਆ ਅਧਿਕਾਰੀ ਸਾਰਜੈਂਟ ਪਾਲ ਵਾਕਰ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਇਸ ਦੁਖਦਾਈ ਘਟਨਾ ‘ਚ ਬੱਚੇ ਦੇ ਪਰਿਵਾਰ ਅਤੇ ਉਨ੍ਹਾਂ ਦੇ ਕਰੀਬੀਆਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਇਹ ਹਾਦਸਾ ਦੇਖਿਆ ਹੈ ਜਾਂ ਇਸ ਬਾਰੇ ਕੋਈ ਜਾਣਕਾਰੀ ਹੈ, ਤਾਂ ਉਹ 604-859-5225 ‘ਤੇ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।
ਯੌਰਕ ਰੀਜਨ ਵਿੱਚ ਏਟੀਐੱਮ ਮਸ਼ੀਨਾਂ ਨਾਲ ਛੇੜਛਾੜ ਕਰਕੇ ਪੈਸੇ ਚੋਰੀ ਕਰਨ ਦੇ ਦੋਸ਼ ਹੇਠ ਰੋਮਾਨੀਆ ਦੇ ਦੋ ਨਾਗਰਿਕਾਂ ‘ਤੇ 30 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਯੌਰਕ ਰੀਜਨਲ ਪੁਲਿਸ ਅਨੁਸਾਰ, ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੇ 17 ਜੂਨ ਤੋਂ 27 ਜੁਲਾਈ ਦੇ ਵਿਚਕਾਰ ਅਜਿਹੀਆਂ 14 ਘਟਨਾਵਾਂ ਦੀ ਰਿਪੋਰਟ ਦਿੱਤੀ ਸੀ। ਪੁਲਿਸ ਨੇ ਦੱਸਿਆ ਕਿ ਦੋਸ਼ੀ ਏਟੀਐੱਮ ਮਸ਼ੀਨਾਂ ਦੇ ਨਕਦੀ ਨਿਕਲਣ ਵਾਲੇ ਹਿੱਸੇ ਵਿੱਚ ਦੋਹਾਂ ਪਾਸਿਆਂ ਤੋਂ ਚਿਪਕਣ ਵਾਲੀ ਟੇਪ ਲਗਾ ਦਿੰਦੇ ਸਨ। ਇਸ ਨਾਲ ਜਦੋਂ ਲੋਕ ਪੈਸੇ ਕਢਵਾਉਂਦੇ ਸਨ, ਤਾਂ ਨਕਦੀ ਅੰਦਰ ਹੀ ਫਸ ਜਾਂਦੀ ਸੀ ਅਤੇ ਲੋਕਾਂ ਨੂੰ ਪੈਸੇ ਨਹੀਂ ਸੀ ਮਿਲਦੇ। ਇਸ ਤੋਂ ਬਾਅਦ ਦੋਸ਼ੀ ਮਸ਼ੀਨਾਂ ਕੋਲ ਵਾਪਸ ਆਉਂਦੇ ਸਨ ਅਤੇ ਉੱਥੇ ਫਸੀ ਹੋਈ ਨਕਦੀ ਕੱਢ ਕੇ ਫਰਾਰ ਹੋ ਜਾਂਦੇ ਸਨ। ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਪਿਛਲੇ ਹਫ਼ਤੇ ਦੋਵਾਂ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਦੌਰਾਨ ਪੁਲਿਸ ਨੂੰ ਭਾਰੀ ਮਾਤਰਾ ਵਿੱਚ ਟੇਪ ਅਤੇ ਧਾਤ ਦੇ ਬਣੇ ਪੱਤਰੇ ਮਿਲੇ ਹਨ, ਜੋ ਮਸ਼ੀਨਾਂ ਵਿੱਚ ਪੈਸੇ ਫਸਾਉਣ ਲਈ ਵਰਤੇ ਜਾਂਦੇ ਸਨ। ਫੜੇ ਗਏ ਵਿਅਕਤੀਆਂ ਦੀ ਪਛਾਣ 41 ਸਾਲਾ ਰਜ਼ਵਾਨ ਜ਼ੇਨਿਕਾ ਅਤੇ 52 ਸਾਲਾ ਵਾਸਿਲ ਸਟੋਏਨ ਵਜੋਂ ਹੋਈ ਹੈ। ਦੋਵਾਂ ‘ਤੇ ਚੋਰੀ ਅਤੇ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ 19-19 ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਦਾ ਮੰਨਣਾ ਹੈ ਕਿ ਇਹ ਦੋਸ਼ੀ ਪੂਰੇ ਸਾਊਥ-ਵੇਸਟਰਨ ਓਨਟਾਰੀਓ ਵਿੱਚ ਘੁੰਮਦੇ ਸਨ, ਇਸ ਲਈ ਹੋਰ ਲੋਕ ਵੀ ਇਸ ਠੱਗੀ ਦਾ ਸ਼ਿਕਾਰ ਹੋ ਸਕਦੇ ਹਨ। ਪੁਲਿਸ ਨੇ ਆਮ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਏਟੀਐੱਮ ਵਰਤਣ ਵੇਲੇ ਇਹ ਯਕੀਨੀ ਬਣਾਓ ਕਿ ਨਿਕਲੀ ਹੋਈ ਰਕਮ ਤੁਹਾਡੇ ਦੁਆਰਾ ਮੰਗੀ ਗਈ ਰਕਮ ਦੇ ਬਰਾਬਰ ਹੈ। ਜੇਕਰ ਪੈਸੇ ਬਾਹਰ ਨਾ ਨਿਕਲਣ, ਤਾਂ ਉਸ ਜਗ੍ਹਾ ਤੋਂ ਜਾਣ ਤੋਂ ਪਹਿਲਾਂ ਤੁਰੰਤ ਬੈਂਕ ਅਤੇ ਪੁਲਿਸ ਨਾਲ ਸੰਪਰਕ ਕਰੋ।
‘ਗ੍ਰੀਫੋਲਜ਼’ ਕੰਪਨੀ ਨੇ ਕੈਨੇਡਾ ਵਿੱਚ ਸਥਿਤ ਆਪਣੇ ਸਾਰੇ ਕਲੀਨਿਕਾਂ ਵਿੱਚ ਪਲਾਜ਼ਮਾ ਇਕੱਠਾ ਕਰਨ ਦਾ ਕੰਮ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ। ਕੰਪਨੀ ਨੇ ਦੱਸਿਆ ਕਿ ਉਸ ਨੇ ਇਹ ਫੈਸਲਾ ਖੁਦ ਲਿਆ ਹੈ ਅਤੇ ਇਸ ਦੀ ਜਾਣਕਾਰੀ ਦੇਸ਼ ਦੇ ਸਿਹਤ ਵਿਭਾਗ ਨੂੰ ਦੇ ਦਿੱਤੀ ਗਈ ਹੈ। ਇਹ ਫੈਸਲਾ ਉਸੇ ਦਿਨ ਆਇਆ ਜਦੋਂ ਸਿਹਤ ਵਿਭਾਗ ਨੇ ਆਪਣੀ ਜਾਂਚ ਰਿਪੋਰਟ ਜਨਤਕ ਕੀਤੀ। ਰਿਪੋਰਟ ਵਿੱਚ ਕੰਪਨੀ ਦੇ ਵਿਨਿਪੈਗ ਸਥਿਤ ਕਲੀਨਿਕ ਵਿੱਚ ਨਿਯਮਾਂ ਦੀ ਉਲੰਘਣਾ ਦੀ ਗੱਲ ਸਾਹਮਣੇ ਆਈ ਹੈ। ਜਾਂਚ ਵਿੱਚ ਪਾਇਆ ਗਿਆ ਕਿ ਜ਼ਰੂਰੀ ਮਸ਼ੀਨਾਂ ਦੀ ਸਫ਼ਾਈ, ਦੇਖਭਾਲ ਅਤੇ ਸਟਾਫ਼ ਦੀ ਯੋਗਤਾ ਦਾ ਰਿਕਾਰਡ ਪੂਰੀ ਤਰ੍ਹਾਂ ਠੀਕ ਨਹੀਂ ਸੀ। ਸਾਲ 2022 ਤੋਂ ਹੁਣ ਤੱਕ ਸਿਹਤ ਵਿਭਾਗ ਵੱਲੋਂ ਕੰਪਨੀ ਦੇ ਵੱਖ-ਵੱਖ ਸੂਬਿਆਂ ਵਿੱਚ ਸਥਿਤ ਕਲੀਨਿਕਾਂ ਨੂੰ ਨਿਯਮਾਂ ਦੀ ਅਣਦੇਖੀ ਲਈ 6 ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਦੂਜੇ ਪਾਸੇ, ਵਿਨਿਪੈਗ ਕਲੀਨਿਕ ਵਿੱਚ ਪਲਾਜ਼ਮਾ ਦਾਨ ਕਰਨ ਵਾਲੇ ਦੋ ਲੋਕਾਂ ਦੀ ਮੌਤ ਤੋਂ ਬਾਅਦ ਕੁਝ ਸਮਾਜਿਕ ਗਰੁੱਪਾਂ ਵੱਲੋਂ ਪੈਸੇ ਦੇ ਕੇ ਪਲਾਜ਼ਮਾ ਲੈਣ ਦੀ ਪ੍ਰਥਾ ਨੂੰ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ ਮੁਤਾਬਕ, ਇੱਕ ਮਹਿਲਾ ਦੇ ਦਿਲ ਦਾ ਆਕਾਰ ਵੱਡਾ ਸੀ ਅਤੇ ਪਲਾਜ਼ਮਾ ਦਾਨ ਕਰਨ ਵੇਲੇ ਦਿਲ ‘ਤੇ ਜ਼ਿਆਦਾ ਦਬਾਅ ਪੈਣ ਕਾਰਨ ਉਸ ਦੀ ਮੌਤ ਹੋ ਗਈ। ਹਾਲਾਂਕਿ, ਸਿਹਤ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਮੌਤਾਂ ਦਾ ਪਲਾਜ਼ਮਾ ਦਾਨ ਕਰਨ ਦੀ ਪ੍ਰਕਿਰਿਆ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਗ੍ਰੀਫੋਲਜ਼ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਲਈ ਦਾਨੀਆਂ ਦੀ ਸੁਰੱਖਿਆ ਹਮੇਸ਼ਾ ਪਹਿਲ ਰਹੀ ਹੈ ਅਤੇ ਇਸ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਗਿਆ। ਸਿਹਤ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਇਸ ਅਸਥਾਈ ਬੰਦ ਨਾਲ ਦੇਸ਼ ਦੀ ਖੂਨ ਦੀ ਸਪਲਾਈ ‘ਤੇ ਕੋਈ ਅਸਰ ਨਹੀਂ ਪਵੇਗਾ। ਵਿਭਾਗ ਇਹ ਯਕੀਨੀ ਬਣਾਏਗਾ ਕਿ ਸਾਰੀਆਂ ਖਾਮੀਆਂ ਨੂੰ ਦੂਰ ਕਰਨ ਤੋਂ ਬਾਅਦ ਹੀ ਕਲੀਨਿਕਾਂ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ।
