PAU ਦੇ ਸਾਬਕਾ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਤੇਜਿੰਦਰ ਹਰਪਾਲ ਸਿੰਘ ਦਾ ਦੇਹਾਂਤ

ਲੁਧਿਆਣਾ : ਪੀ.ਏ.ਯੂ. ਦੇ ਵਿਗਿਆਨੀ ਅਤੇ ਸਾਬਕਾ ਡੀਨ ਪੋਸਟ ਗ੍ਰੈਜੁਏਟ ਸਟੱਡੀਜ਼ ਡਾ. ਤੇਜਿੰਦਰ ਹਰਪਾਲ ਸਿੰਘ ਦਾ ਦੇਹਾਂਤ ਹੋ ਗਿਆ ਹੈ । ਉਹ ਜਾਣੇ ਪਛਾਣੇ ਨਰਮਾ ਵਿਗਿਆਨੀ ਸਨ । 28 ਜੂਨ 1935 ਨੂੰ ਲੁਧਿਆਣਾ ਜ਼ਿਲੇ ਦੇ ਪਿੰਡ ਭੈਣੀ ਦਰੇਸਾ ਵਿੱਚ ਪੈਦਾ ਹੋਏ ਡਾ. ਤੇਜਿੰਦਰ ਹਰਪਾਲ ਸਿੰਘ ਨੇ 1969 ਵਿਚ ਉਹਨਾਂ ਪੀ.ਏ.ਯੂ. ਦੇ ਸਹਾਇਕ ਨਰਮਾ ਵਿਗਿਆਨੀ ਵਜੋਂ ਕਾਰਜ ਭਾਰ ਸੰਭਾਲਿਆ ।

ਤਿੰਨ ਦਹਾਕੇ ਤੋਂ ਵੱਧ ਉਹ ਨਰਮੇ ਦੀਆਂ ਨਵੀਆਂ ਕਿਸਮਾਂ ਦੀ ਖੋਜ ਅਤੇ ਵਿਕਾਸ ਨਾਲ ਸੰਬੰਧਿਤ ਰਹੇ । ਉਹ ਆਲ ਇੰਡੀਆ ਕੁਆਰਡਨੇਟਿਡ ਇੰਪਰੂਵਮੈਂਟ ਪ੍ਰੋਜੈਕਟ ਤਹਿਤ ਨਰਮੇ ਦੀ ਖੋਜ ਕਰਨ ਵਾਲੀ ਟੀਮ ਦਾ ਹਿੱਸਾ ਰਹੇ ।

ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਵਜੋਂ ਸੇਵਾ ਦੌਰਾਨ ਉਹਨਾਂ ਦੀ ਅਗਵਾਈ ਵਿਚ ਨਰਮੇ ਦੀਆਂ ਕਈ ਕਿਸਮਾਂ ਦੀ ਖੋਜ ਅਤੇ ਵਿਕਾਸ ਦਾ ਕੰਮ ਨੇਪਰੇ ਚੜਿਆ ।

ਵਧੇਰੇ ਝਾੜ ਅਤੇ ਘੱਟ ਮਿਆਦ ਵਾਲੀਆਂ ਦੇਸੀ ਅਤੇ ਅਮਰੀਕਨ ਨਰਮੇ ਦੀਆਂ 18 ਦੇ ਕਰੀਬ ਕਿਸਮਾਂ ਉਹਨਾਂ ਦੀ ਨਿਗਰਾਨੀ ਹੇਠ ਵਿਕਸਿਤ ਹੋਈਆਂ ਜੋ ਪੂਰੇ ਦੇਸ਼ ਵਿਚ ਪ੍ਰਵਾਨ ਚੜੀਆ ।

ਨਰਮਾ ਉਤਪਾਦਕਾਂ ਅਤੇ ਨਰਮਾ ਵਿਗਿਆਨੀਆਂ ਵਿੱਚ ਉਹਨਾਂ ਨੂੰ ਵਿਸ਼ੇਸ਼ ਇੱਜ਼ਤ ਨਾਲ ਦੇਖਿਆ ਜਾਂਦਾ ਸੀ । ਡਾ. ਜੀ ਐੱਸ ਖੁਸ਼ ਵਿਸ਼ੇਸ਼ ਪ੍ਰੋਫੈਸਰ ਐਵਾਰਡ ਤੋਂ ਇਲਾਵਾ ਉਹਨਾਂ ਨੂੰ ਇਸ ਖੇਤਰ ਦੀ ਸੇਵਾ ਬਦਲੇ 9 ਐਵਾਰਡ ਹਾਸਲ ਹੋਏ ।

1984 ਵਿਚ ਪੰਜਾਬ ਦੇ ਮਾਣਯੋਗ ਰਾਜਪਾਲ ਨੇ ਡਾ. ਟੀ ਐੱਚ ਸਿੰਘ ਨੂੰ ਸਰਵੇ ਟੀਮ ਦੇ ਆਗੂ ਵਜੋਂ ਮਾਣ ਦਿੱਤਾ । ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਨੇ ਉਹਨਾਂ ਦੀ ਟੀਮ ਵੱਲੋਂ ਵਿਕਸਿਤ ਕੀਤੀ ਨਰਮੇ ਦੀ ਕਿਸਮ ਐੱਲ ਐੱਚ-900 ਲਈ ਉਹਨਾਂ ਦੀ ਖਾਸ ਤੌਰ ਤੇ ਸ਼ਲਾਘਾ ਕੀਤੀ ।

ਡਾ. ਟੀ ਐੱਚ ਸਿੰਘ ਪੀ.ਏ.ਯੂ. ਦੇ ਮਾਣ ਕਰਨ ਯੋਗ ਵਿਗਿਆਨੀਆਂ ਦੀ ਪੀੜੀ ਵਿੱਚੋਂ ਸਨ । ਉਹਨਾਂ ਦੇ ਦੇਹਾਂਤ ਨਾਲ ਨਰਮਾ ਖੇਤਰ ਅਤੇ ਪੀ.ਏ.ਯੂ. ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਇਸ ਦੁਖਦਾਈ ਘੜੀ ਵਿਚ ਇਕ ਸ਼ੋਕ ਸਭਾ ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿਚ ਕਰਵਾਈ ਗਈ ਜਿਸ ਵਿਚ ਯੂਨੀਵਰਸਿਟੀ ਅਧਿਕਾਰੀਆਂ, ਅਧਿਆਪਕਾਂ, ਗੈਰ ਅਧਿਆਪਨ ਅਮਲੇ ਅਤੇ ਸਮੂਹ ਕਰਮਚਾਰੀਆਂ ਵੱਲੋਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।

ਟੀਵੀ ਪੰਜਾਬ ਬਿਊਰੋ