ਕੈਨੇਡਾ ਦੇ ਲਖਵੀਰ ਲੰਡਾ ਦੇ ਨਿਸ਼ਾਨੇ ‘ਤੇ ਸੀ ਸਬ- ਇੰਸਪੈਕਟਰ ਦਿਲਬਾਗ ਸਿੰਘ

ਜਲੰਧਰ- ਅੰਮ੍ਰਿਤਸਰ ਸੀ.ਆਈ.ਏ ਸਟਾਫ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਨੂੰ ਬੰਬ ਨਾਲ ਉਡਾਉਣ ਦੀ ਸਾਜਿਸ਼ ਕੈਨੇਡਾ ਤੋਂ ਰਚੀ ਗਈ ਸੀ । ਕੈਨੇਡਾ ਰਹਿੰਦੇ ਲਖਵੀਰ ਲੰਡਾ ਦਾ ਨਾਂ ਇਸ ਬੰਬ ਕਾਂਡ ਚ ਸਾਹਮਨੇ ਆ ਰਿਹਾ ਹੈ । ਬੀਤੀ ਰਾਤ ਪੁਲਿਸ ਨੇ ਬੰਬ ਇੰਪਲਾਂਟ ਕਰਨ ਵਾਲੇ ਦੋਹਾਂ ਮੁਲਜ਼ਮਾਂ ਹਰਪਾਲ ਸਿੰਘ ਅਤੇ ਫਤਿਹ ਦੀਪ ਸਿੰਘ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ । ਹਰਪਾਲ ਸਿੰਘ ਪੁਲਿਸ ਮੁਲਾਜ਼ਮ ਹੈ । ਉਹ ਪੰਜਾਬ ਹਰਿਆਣਾ ਹਾਈਕੋਰਟ ਦੇ ਇਕ ਵਕੀਲ ਦੇ ਨਾਲ ਤੈਨਾਤ ਸੀ ।

ਤੁਸੀਂ ਪੰਜਾਬ ਚ ਵਾਪਰੀਆਂ ਪਿਛਲੀ ਕੁੱਝ ਵੱਡੀ ਘਟਨਾਵਾਂ ;ਤੇ ਝਾਤ ਮਾਰ ਲਵੋ । ਹਰ ਕਰਾਇਮ ਚ ਤੁਹਾਨੂੰ ਕੈਨੇਡਾ ਐਂਗਲ ਮਿਲ ਹੀ ਜਾਵੇਗਾ । ਸੰਦੀਪ ਨੰਗਲ ਅੰਬੀਆਂ ਤੋਂ ਲੈ ਕੇ ਚੰਡੀਗੜ੍ਹ ਵਿਜੀਲੈਸ ਦਫਤਰ ‘ਤੇ ਅਟੈਕ , ਗਾਇਕ ਸਿੱਧੂ ਮੂਸੇਵਾਲਾ ਦੇ ਮਰਡਰ ਤੋਂ ਲੈ ਕੇ ਹੁਣ ਪੰਜਾਬ ਪੁਲਿਸ ਦੇ ਅਫਸਰ ਨੂੰ ਬੰਬ ਨਾਲ ਉਡਾਉਣ ਦੀ ਸਾਜਿਸ਼ ਦੇ ਤਾਰ ਵੀ ਕੈਨੇਡਾ ਨਾਲ ਹੀ ਜੂੜ ਰਹੇ ਹਨ ।

ਮਿਲੀ ਜਾਣਕਾਰੀ ਮੁਤਾਬਿਕ ਕੈਨੇਡਾ ਚ ਬੈਠਾ ਲਖਵੀਰ ਲੰਡਾ ਕਾਬੂ ਕੀਤੇ ਗਏ ਦੋਹਾਂ ਮੁਲਜ਼ਮਾਂ ਦਾ ਪੁਰਾਣਾ ਸਾਥੀ ਹੈ । ਤਿੰਨੋ ਇੱਕਠੇ ਪੜੇ ਹਨ ।ਲੰਡਾ ਦੇ ਕਹਿਣ ‘ਤੇ ਹੀ ਦੋਹਾਂ ਵਲੋਂ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਬੋਲੈਰੋ ਚ ਬੰਬ ਲਗਾਇਆ ਗਿਆ ਸੀ ।

ਇਹ ਵੀ ਪਤਾ ਲੱਗਿਆ ਹੈ ਕਿ ਇਸ ਬੰਬ ਕਾਂਡ ਦੀ ਸਾਜਿਸ਼ ਨੂੰ ਨਾਕਾਮ ਕਰਨ ਵਾਲਾ ਕੋਈ ਹੋਰ ਨਹੀ ਸਗੋਂ ਦਿਲਬਾਗ ਸਿੰਘ ਦੇ ਮੁਹੱਲੇ ਰਣਜੀਤ ਅੇਵਨਿਊ ਦੀ ਗਲੀ ਚ ਘੁੰਮਣ ਵਾਲਾ ਅਵਾਰਾ ਕੁੱਤਾ ਸੀ । ਸੀ.ਸੀ.ਟੀ.ਵੀ ਸਾਫ ਦਿਖਾਈ ਦਿੱਤਾ ਹੈ ਕਿ ਕੁੱਤੇ ਵਲੋਂ ਕਾਰ ਦੇ ਥੱਲੇ ਲਗੇ ਲਿਫਾਫੇ ਨੂੰ ਉਤਾਰ ਲਿਆ ਗਿਆ । ਬਾਅਦ ਚ ਗੱਡਰੀ ਧੋਣ ਆਏ ਮੁੰਡਿਆ ਨੇ ਇਸ ਨੂੰ ਖੋਲ੍ਹ ਦਿੱਤਾ ।

ਗ੍ਰਿਫਤਾਰ ਕੀਤੇ ਗਏ ਅੱਤਵਾਦੀ ਹਰਪਾਲ ਸਿੰਘ ਅਤੇ ਫਤਿਹ ਦੀਪ ਸਿੰਘ ਨੂੰ ਪੁਲਿਸ ਨੇ ਵੀਰਵਾਰ ਸਵੇਰੇ ਅਦਾਲਤ ‘ਚ ਪੇਸ਼ ਕੀਤਾ।ਜੱਜ ਨੇ ਦੋਵਾਂ ਤਸਕਰਾਂ ਨੂੰ 8 ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ।ਦੋਸ਼ੀਆਂ ਨੇ ਸੋਮਵਾਰ ਰਾਤ ਨੂੰ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਬੋਲੈਰੋ ਨੂੰ ਆਈ.ਈ.ਡੀ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਸੀ।

ਇਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ।ਪੰਜਾਬ ਪੁਲਸ ਦੇ ਸਪੈਸ਼ਲ ਸੈੱਲ ਨੇ ਬੁੱਧਵਾਰ ਦੁਪਹਿਰ ਨੂੰ ਦਿੱਲੀ ਏਅਰਪੋਰਟ ਤੋਂ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮ ਕੈਨੇਡਾ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।