ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਗੈਂਗਸਟਰ ਸੁਖਦੇਵ ਉਰਫ ਵਿੱਕੀ

ਡੈਸਕ- ਗੈਂਗਸਟਰ ਸੁਖਦੇਵ ਉਰਫ ਵਿੱਕੀ ਬੁਧਵਾਰ ਸ਼ਾਮ ਨੂੰ ਲੁਧਿਆਣਾ ‘ਚ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ। ਵਿੱਕੀ ਅਪਣੇ ਸਾਥੀਆਂ ਨਾਲ ਮਿਲ ਕੇ ਬੰਦੂਕ ਦੀ ਨੋਕ ‘ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਬੁਧਵਾਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਲੁਧਿਆਣਾ ਇਲਾਕੇ ‘ਚ ਘੁੰਮ ਰਿਹਾ ਹੈ।

ਜਿਸ ਤੋਂ ਬਾਅਦ ਪੁਲਿਸ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹ ਕੋਹਾੜਾ-ਮਾਛੀਵਾੜਾ ਰੋਡ ’ਤੇ ਪਿੰਡ ਪੰਜੇਟਾ ਨੇੜੇ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਪੁਲਿਸ ਉਸ ਦੇ ਪਿੱਛੇ ਹੈ। ਉਸ ਨੇ ਪੁਲਿਸ ਟੀਮ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਗੋਲੀਬਾਰੀ ਕੀਤੀ।

ਪੁਲਿਸ ਟੀਮ ਦੀਆਂ ਗੋਲੀਆਂ ਲੱਗਣ ਕਾਰਨ ਗੈਂਗਸਟਰ ਵਿੱਕੀ ਦੀ ਸੜਕ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੈਂਗਸਟਰ 20 ਤੋਂ ਵੱਧ ਮਾਮਲਿਆਂ ਵਿਚ ਲੋੜੀਂਦਾ ਸੀ। ਗੈਂਗਸਟਰ ਸੁਖਦੇਵ ਉਰਫ਼ ਵਿੱਕੀ ਪੁੱਤਰ ਬਲਵਿੰਦਰ ਸਿੰਘ ਤਾਜਪੁਰ ਰੋਡ ਕੂਮਕਲਾਂ ਦਾ ਰਹਿਣ ਵਾਲਾ ਸੀ।

ਸੁਖਦੇਵ ਖ਼ਿਲਾਫ਼ 18 ਐਫਆਈਆਰ ਦਰਜ ਹਨ। ਉਸ ਦੇ 3 ਸਾਥੀਆਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗੋਲੀਬਾਰੀ ਦੌਰਾਨ ਪੁਲਿਸ ਦਾ ਇਕ ਏਐਸਆਈ ਵੀ ਜ਼ਖ਼ਮੀ ਹੋਇਆ, ਜਿਸ ਦੇ ਪੱਟ ’ਤੇ ਗੋਲੀ ਲੱਗੀ ਸੀ।