ਅੰਮ੍ਰਿਤਸਰ – ਦੁਬਈ ਘੁੰਮਣ ਗਏ ਭਾਰਤੀ ਮੂਲ ਦੇ ਨਾਗਰਿਕ ਕੋਲੋਂ ਵਾਪਸ ਦੇਸ਼ ਪਰਤਣ ’ਤੇ ਲੱਖਾਂ ਰੁਪਏ ਦੇ ਸੋਨੇ ਦੇ ਬਿਸਕੁਟ ਬਰਾਮਦ ਕਰਕੇ ਭਾਰਤੀ ਕਸਟਮ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਇਕ ਭਾਰਤੀ ਨਾਗਰਿਕ ਜੋ ਕਿ ਦੁਬਈ ਤੋਂ ਫਲਾਈਟ ਰਾਹੀਂ ਅੰਮ੍ਰਿਤਸਰ ਇੰਟਰਨੈਸ਼ਨਲ ਸ੍ਰੀ ਗੁਰੂ ਰਾਮਦਾਸ ਜੀ ਏਅਰਪੋਰਟ ਵਿਖੇ ਸ਼ਾਮ ਨੂੰ ਪੁੱਜਾ ਸੀ। ਇਸ ਦੌਰਾਨ ਭਾਰਤੀ ਕਸਟਮ ਨੇ ਚੈਕਿੰਗ ਕਰਦਿਆਂ ਉਨ੍ਹਾਂ ਦੇ ਸਾਮਾਨ ਵਿਚੋਂ 933.2 ਗ੍ਰਾਮ ਸੋਨਾ ਜ਼ਬਤ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਸੂਤਰਾਂ ਮੁਤਾਬਕ ਫਡ਼ੇ ਗਏ ਇਸ ਸੋਨੇ ਦੀ ਭਾਰਤੀ ਬਾਜ਼ਾਰ ਵਿਚ ਕੀਮਤ ਕਰੀਬ ਪੰਜਾਹ ਲੱਖ ਬਣਦੀ ਹੈ ਜਿਸ ਦੇ ਖ਼ਿਲਾਫ਼ ਭਾਰਤੀ ਕਸਟਮ ਨੇ ਕਸਟਮ ਐਕਟ 1962 ਦੀ ਧਾਰਾ 104 ਦੇ ਤਹਿਤ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕਰਕੇ ਪਰਚਾ ਦਰਜ ਕਰ ਲਿਆ ਗਿਆ ਹੈ।