● On air now · ਟੀਵੀ ਪੰਜਾਬ

Punjabi News · Since 2013

Breaking

ਅੱਜ ਤੋਂ ਬਦਲ ਗਏ ਕੈਨੇਡਾ ਦੇ ਨਿਯਮ! CANADA NEWS BULLETIN

VANCOUVER: ਫੈਡਰਲ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਅਪਲਾਈ ਕਰਨ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। 1 ਸਤੰਬਰ ਤੋਂ ਲਾਗੂ ਹੋਏ ਨਵੇਂ ਨਿਯਮਾਂ ਅਨੁਸਾਰ, ਹੁਣ ਵਿਦਿਆਰਥੀਆਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਵਿੱਤੀ ਫੰਡ ਦਿਖਾਉਣੇ ਪੈਣਗੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ…


VANCOUVER: ਫੈਡਰਲ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਅਪਲਾਈ ਕਰਨ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। 1 ਸਤੰਬਰ ਤੋਂ ਲਾਗੂ ਹੋਏ ਨਵੇਂ ਨਿਯਮਾਂ ਅਨੁਸਾਰ, ਹੁਣ ਵਿਦਿਆਰਥੀਆਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਵਿੱਤੀ ਫੰਡ ਦਿਖਾਉਣੇ ਪੈਣਗੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਦੱਸਿਆ ਕਿ ਇਹ ਫੈਸਲਾ ਦੇਸ਼ ਵਿੱਚ ਵਧ ਰਹੀ ਮਹਿੰਗਾਈ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ, ਤਾਂ ਜੋ ਆਉਣ ਵਾਲੇ ਵਿਦਿਆਰਥੀਆਂ ਨੂੰ ਇੱਥੇ ਰਹਿਣ ਵਿੱਚ ਕੋਈ ਆਰਥਿਕ ਸਮੱਸਿਆ ਨਾ ਆਵੇ। ਨਵੇਂ ਨਿਯਮਾਂ ਅਨੁਸਾਰ, ਕਿਊਬੈਕ ਸੂਬੇ ਤੋਂ ਬਾਹਰ ਪੜ੍ਹਨ ਵਾਲੇ ਇਕੱਲੇ ਵਿਦਿਆਰਥੀ ਨੂੰ ਹੁਣ ਘੱਟੋ-ਘੱਟ 23,448 ਕੈਨੇਡੀਅਨ ਡਾਲਰ ਦਿਖਾਉਣੇ ਹੋਣਗੇ। ਇਹ ਪਹਿਲਾਂ ਨਾਲੋਂ 553 ਡਾਲਰ ਜ਼ਿਆਦਾ ਹੈ। ਇਹ ਪੈਸੇ ਵਿਦਿਆਰਥੀ ਦੇ ਪਹਿਲੇ ਸਾਲ ਦੀ ਟਿਊਸ਼ਨ ਫੀਸ ਅਤੇ ਆਉਣ-ਜਾਣ ਦੇ ਹਵਾਈ ਕਿਰਾਏ ਤੋਂ ਵੱਖਰੇ ਹੋਣਗੇ। ਜੇਕਰ ਕੋਈ ਵਿਦਿਆਰਥੀ ਆਪਣੇ ਪਰਿਵਾਰ ਦੇ ਜੀਅ ਨਾਲ ਲੈ ਕੇ ਜਾ ਰਿਹਾ ਹੈ, ਤਾਂ ਇਹ ਰਕਮ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦੇ ਹਿਸਾਬ ਨਾਲ ਹੋਰ ਵਧ ਜਾਵੇਗੀ। ਉਦਾਹਰਨ ਵਜੋਂ, ਦੋ ਮੈਂਬਰਾਂ ਦੇ ਪਰਿਵਾਰ ਲਈ 29,192 ਡਾਲਰ, ਤਿੰਨ ਮੈਂਬਰਾਂ ਲਈ 35,888 ਡਾਲਰ, ਅਤੇ ਚਾਰ ਮੈਂਬਰਾਂ ਵਾਲੇ ਪਰਿਵਾਰ ਲਈ 43,572 ਡਾਲਰ ਦਿਖਾਉਣਾ ਜ਼ਰੂਰੀ ਹੋਵੇਗਾ। ਸੱਤ ਤੋਂ ਵੱਧ ਹਰੇਕ ਵਾਧੂ ਮੈਂਬਰ ਲਈ 6,318 ਡਾਲਰ ਵੱਖਰੇ ਜੋੜਨੇ ਪੈਣਗੇ। ਹਾਲਾਂਕਿ, ਜਿਨ੍ਹਾਂ ਵਿਦਿਆਰਥੀਆਂ ਨੇ 1 ਸਤੰਬਰ ਤੋਂ ਪਹਿਲਾਂ ਆਪਣੀ ਅਰਜ਼ੀ ਜਮ੍ਹਾਂ ਕਰਵਾਈ ਸੀ, ਉਨ੍ਹਾਂ ‘ਤੇ ਪੁਰਾਣੇ ਨਿਯਮ ਹੀ ਲਾਗੂ ਹੋਣਗੇ। ਕਿਊਬੈਕ ਸੂਬੇ ਲਈ ਵਿੱਤੀ ਨਿਯਮ ਵੱਖਰੇ ਹਨ, ਜਿੱਥੇ ਇਕੱਲੇ ਵਿਦਿਆਰਥੀ ਲਈ 24,617 ਡਾਲਰ ਦੀ ਸ਼ਰਤ ਰੱਖੀ ਗਈ ਹੈ। ਇਮੀਗ੍ਰੇਸ਼ਨ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਵਿਦਿਆਰਥੀ ਫੰਡ ਦੇ ਸਬੂਤ ਵਜੋਂ ਬੈਂਕ ਸਟੇਟਮੈਂਟ, ਐਜੂਕੇਸ਼ਨ ਲੋਨ, ਕੈਨੇਡੀਅਨ ਬੈਂਕ ਵਿੱਚ ਜੀ.ਆਈ.ਸੀ., ਜਾਂ ਕਿਸੇ ਸਕਾਲਰਸ਼ਿਪ ਦਾ ਸਬੂਤ ਦੇ ਸਕਦੇ ਹਨ। ਜੇਕਰ ਕੋਈ ਰਿਸ਼ਤੇਦਾਰ ਮਦਦ ਕਰ ਰਿਹਾ ਹੈ, ਤਾਂ ਉਸ ਦਾ ਸਪਾਂਸਰਸ਼ਿਪ ਪੱਤਰ ਅਤੇ ਆਮਦਨ ਦਾ ਸਬੂਤ ਵੀ ਮੰਨਿਆ ਜਾਵੇਗਾ। ਸਰਕਾਰ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਅੰਤਰਰਾਸ਼ਟਰੀ ਵਿਦਿਆਰਥੀ ਕਿਸੇ ਵੀ ਤਰ੍ਹਾਂ ਦੀ ਆਰਥਿਕ ਲੁੱਟ-ਖਸੁੱਟ ਤੋਂ ਬਚ ਸਕਣਗੇ।

ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੇ ਟੋਰਾਂਟੋ ਸ਼ੋਅ ਵਿੱਚ ਨੌਜਵਾਨਾਂ ਦੇ ਦੋ ਧੜਿਆਂ ਵਿਚਾਲੇ ਝੜਪ ਹੋ ਗਈ। ਸਟੇਜ ਦੇ ਸਾਹਮਣੇ ਸ਼ੁਰੂ ਹੋਈ ਬਹਿਸ ਦੇਖਦਿਆਂ ਹੀ ਦੇਖਦਿਆਂ ਕੁੱਟਮਾਰ ਵਿੱਚ ਬਦਲ ਗਈ। ਦੋਵਾਂ ਧਿਰਾਂ ਨੇ ਇੱਕ-ਦੂਜੇ ‘ਤੇ ਜੰਮ ਕੇ ਲੱਤਾਂ-ਮੁੱਕੇ ਚਲਾਏ, ਜਿਸ ਨਾਲ ਸ਼ੋਅ ਦੀ ਜਗ੍ਹਾ ‘ਤੇ ਭਗਦੜ ਵਰਗਾ ਮਾਹੌਲ ਬਣ ਗਿਆ। ਹੰਗਾਮਾ ਵਧਦਾ ਦੇਖ ਕੇ ਸੁਰੱਖਿਆ ਗਾਰਡਾਂ ਨੂੰ ਬਚਾਅ ਲਈ ਵਿਚਾਲੇ ਆਉਣਾ ਪਿਆ। ਇਸ ਦੌਰਾਨ ਇੱਕ ਸੁਰੱਖਿਆ ਗਾਰਡ ਦੇ ਹੱਥ ‘ਤੇ ਸੱਟ ਵੀ ਲੱਗੀ। ਜਿਸ ਸਮੇਂ ਇਹ ਝਗੜਾ ਹੋਇਆ, ਐਮੀ ਵਿਰਕ ਸਟੇਜ ‘ਤੇ ਗਾ ਰਹੇ ਸਨ। ਸਾਹਮਣੇ ਹੰਗਾਮਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਗਾਣਾ ਨਹੀਂ ਰੋਕਿਆ। ਉਹ ਕੁਝ ਦੇਰ ਨੌਜਵਾਨਾਂ ਵੱਲ ਦੇਖਦੇ ਹੋਏ ਵੀ ਨਜ਼ਰ ਆਏ। 30 ਅਗਸਤ ਨੂੰ ਐਮੀ ਵਿਰਕ ਦੀ ਇਹ ਨਾਈਟ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਵਿੱਚ ਰੱਖੀ ਗਈ ਸੀ। ਗਾਣਿਆਂ ਦੇ ਵਿਚਕਾਰ ਹੀ ਦਰਸ਼ਕਾਂ ਦੇ ਸਾਹਮਣੇ ਕੁਝ ਨੌਜਵਾਨ ਆਪਸ ਵਿੱਚ ਉਲਝ ਗਏ। ਕੁਝ ਹੀ ਸਮੇਂ ਵਿੱਚ ਵਿਵਾਦ ਇੰਨਾ ਵਧ ਗਿਆ ਕਿ ਦੋਵਾਂ ਧੜਿਆਂ ਵਿਚਾਲੇ ਕੁੱਟਮਾਰ ਸ਼ੁਰੂ ਹੋ ਗਈ। ਆਸ-ਪਾਸ ਬੈਠੇ ਦਰਸ਼ਕ ਆਪਣੀਆਂ ਸੀਟਾਂ ਤੋਂ ਉੱਠ ਕੇ ਘਟਨਾ ਦੇਖਣ ਲੱਗੇ। ਸਥਿਤੀ ਨੂੰ ਸ਼ਾਂਤ ਕਰਨ ਲਈ ਸੁਰੱਖਿਆ ਗਾਰਡ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਨੌਜਵਾਨਾਂ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਗਾਰਡ ਜ਼ਖ਼ਮੀ ਹੋ ਗਿਆ। ਸੁਰੱਖਿਆ ਕਰਮਚਾਰੀਆਂ ਨੇ ਇੱਕ ਨੌਜਵਾਨ ਨੂੰ ਫੜ ਕੇ ਸ਼ੋਅ ਤੋਂ ਬਾਹਰ ਕੱਢ ਦਿੱਤਾ। ਝਗੜੇ ਦੇ ਕਾਰਨਾਂ ਨੂੰ ਲੈ ਕੇ ਵੱਖ-ਵੱਖ ਗੱਲਾਂ ਸਾਹਮਣੇ ਆ ਰਹੀਆਂ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਹੂਟਿੰਗ ਨੂੰ ਲੈ ਕੇ ਵਿਵਾਦ ਹੋਇਆ, ਜਦਕਿ ਇੱਕ ਚਸ਼ਮਦੀਦ ਅਨੁਸਾਰ ਛੇੜਛਾੜ ਜਾਂ ਕਿਸੇ ਮਾਮੂਲੀ ਗੱਲ ਕਰਕੇ ਇਹ ਝਗੜਾ ਸ਼ੁਰੂ ਹੋਇਆ ਹੋ ਸਕਦਾ ਹੈ। ਇੰਸਟਾਗ੍ਰਾਮ ਯੂਜ਼ਰ ਆਕ੍ਰਿਤੀ ਨੇ ਇਸ ਝੜਪ ਦੀ ਵੀਡੀਓ ਸਾਂਝੀ ਕੀਤੀ ਸੀ, ਜਿਸ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ। ਵੀਡੀਓ ਦੇ ਨਾਲ ਉਨ੍ਹਾਂ ਦੱਸਿਆ ਸੀ ਕਿ ਕੁਝ ਲੋਕਾਂ ਨੇ ਇੱਕ ਨੌਜਵਾਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮੀ ਮੌਕੇ ‘ਤੇ ਪਹੁੰਚੇ। ਸ਼ੋਅ ਬਹੁਤ ਵਧੀਆ ਚੱਲ ਰਿਹਾ ਸੀ, ਪਰ ਇਸ ਝਗੜੇ ਕਾਰਨ ਕੁਝ ਸਮੇਂ ਲਈ ਮਾਹੌਲ ਖਰਾਬ ਹੋ ਗਿਆ।

ਪਠਾਨਕੋਟ ਦੇ ਇੱਕ 24 ਸਾਲਾ ਨੌਜਵਾਨ ਹਰਜਸ ਸਿੰਘ ਦੀ ਕੈਲਗਰੀ ਵਿੱਚ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਹਰਜਸ ਤਿੰਨ ਮਹੀਨੇ ਪਹਿਲਾਂ ਹੀ ਰੋਜ਼ਗਾਰ ਦੀ ਭਾਲ ਵਿੱਚ ਅਮਰੀਕਾ ਗਿਆ ਸੀ, ਜਿੱਥੇ ਉਹ ਇੱਕ ਸਟੋਰ ਵਿੱਚ ਕੰਮ ਕਰਦਾ ਸੀ। ਉਹ ਕਿਸੇ ਕੰਮ ਦੇ ਸਿਲਸਿਲੇ ਵਿੱਚ ਕੈਨੇਡਾ ਦੇ ਕੈਲਗਰੀ ਸ਼ਹਿਰ ਆਇਆ ਸੀ, ਜਿੱਥੇ ਇਹ ਦੁਖਦ ਹਾਦਸਾ ਵਾਪਰ ਗਿਆ। ਜਿਵੇਂ ਹੀ ਹਰਜਸ ਦੀ ਮੌਤ ਦੀ ਖ਼ਬਰ ਪਠਾਨਕੋਟ ਦੇ ਸੁੰਦਰ ਨਗਰ ਸਥਿਤ ਉਸ ਦੇ ਘਰ ਪਹੁੰਚੀ, ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਰਿਸ਼ਤੇਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੀ ਦੇਹ ਨੂੰ ਜਲਦ ਤੋਂ ਜਲਦ ਪੰਜਾਬ ਲਿਆਉਣ ਲਈ ਸਰਕਾਰੀ ਮਦਦ ਦਿੱਤੀ ਜਾਵੇ। ਇਹ ਘਟਨਾ ਕੈਲਗਰੀ ਕਾਰਨਰਸਟੋਨ ਬੁਲੇਵਾਰਡ ਦੇ 1100 ਬਲਾਕ ਵਿਚ 30 ਅਗਸਤ ਦੀ ਰਾਤ ਲਗਭਗ 12:55 ਵਜੇ ਵਾਪਰੀ ਹੈ। ਪੁਲਿਸ ਨੂੰ ਮੌਕੇ ‘ਤੇ ਨੌਜਵਾਨ ਦੀ ਮ੍ਰਿਤਕ ਦੇਹ ਮਿਲੀ। ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਪੁਲਿਸ ਹਮਲਾਵਰ ਦੀ ਭਾਲ ਕਰ ਰਹੀ ਹੈ। ਕੈਲਗਰੀ ਪੁਲਿਸ ਦੀ ‘ਹੋਮੀਸਾਈਡ ਯੂਨਿਟ’ ਇਸ ਕੇਸ ਦੀ ਪੜਤਾਲ ਕਰ ਰਹੀ ਹੈ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਉਹ ਫੋਨ ਨੰਬਰ 403-266-1234 ‘ਤੇ ਸੰਪਰਕ ਕਰਨ ਜਾਂ ‘ਕਰਾਈਮ ਸਟੌਪਰਸ’ ਰਾਹੀਂ ਗੁਪਤ ਤਰੀਕੇ ਨਾਲ ਜਾਣਕਾਰੀ ਸਾਂਝੀ ਕਰਨ।

ਗ੍ਰੇਟਰ ਟੋਰਾਂਟੋ ਇਲਾਕੇ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਇੱਕ ਟੈਕਨਾਲੋਜੀ ਮਾਹਰ ਅਕਸ਼ੈ ਸਪਰਾ ਨੇ ਦੱਸਿਆ ਕਿ ਕਿਵੇਂ ਸ਼ੇਅਰ ਬਾਜ਼ਾਰ ਵਿੱਚ ਪੈਸੇ ਲਗਾ ਕੇ ਉਸ ਨੂੰ 3.5 ਲੱਖ ਕੈਨੇਡੀਅਨ ਡਾਲਰ ਦਾ ਭਾਰੀ ਨੁਕਸਾਨ ਹੋਇਆ। 31 ਸਾਲਾ ਅਕਸ਼ੈ ਅਨੁਸਾਰ ਸ਼ੁਰੂ ਵਿੱਚ ਉਸ ਨੇ ਸਿਰਫ਼ ਕੁਝ ਵਾਧੂ ਕਮਾਈ ਕਰਨ ਲਈ ਟ੍ਰੇਡਿੰਗ ਸ਼ੁਰੂ ਕੀਤੀ ਸੀ, ਪਰ ਹੌਲੀ-ਹੌਲੀ ਇਹ ਉਸ ਦੀ ਲਤ ਬਣ ਗਈ ਅਤੇ ਉਹ ਭਾਰੀ ਕਰਜ਼ੇ ਹੇਠ ਦੱਬ ਗਿਆ। ਅਕਸ਼ੈ ਜਦੋਂ ਚਾਰ ਸਾਲ ਦਾ ਸੀ, ਤਾਂ ਉਸ ਦਾ ਪਰਿਵਾਰ ਭਾਰਤ ਤੋਂ ਕੈਨੇਡਾ ਆ ਗਿਆ ਸੀ। ਸ਼ੁਰੂ ਵਿੱਚ ਉਸ ਦੇ ਪਰਿਵਾਰ ਨੇ ਛੋਟੇ-ਮੋਟੇ ਕੰਮ ਕੀਤੇ ਅਤੇ ਬਾਅਦ ਵਿੱਚ ਉਸ ਦੇ ਪਿਤਾ ਨੇ ਆਪਣਾ ਕੰਮ ਸੈੱਟ ਕਰ ਲਿਆ। ਪਰ ਬਚਪਨ ਦੀ ਗਰੀਬੀ ਦੇ ਡਰ ਕਾਰਨ ਅਕਸ਼ੈ ਦੇ ਮਨ ਵਿੱਚ ਹਮੇਸ਼ਾ ਪੈਸੇ ਦੀ ਘਾਟ ਦਾ ਖੌਫ਼ ਰਿਹਾ, ਜਿਸ ਨੇ ਉਸ ਨੂੰ ਇਸ ਲਤ ਵੱਲ ਧੱਕ ਦਿੱਤਾ। ਸਾਲ 2017 ਵਿੱਚ ਕਾਲਜ ਦੀ ਪੜ੍ਹਾਈ ਦੌਰਾਨ ਉਸ ਨੇ ਪਹਿਲੀ ਵਾਰ ਸ਼ੇਅਰ ਬਾਜ਼ਾਰ ਵਿੱਚ ਪੈਸਾ ਲਗਾਇਆ। ਉਹ ਲਗਾਤਾਰ ਸ਼ੇਅਰ ਖਰੀਦਦਾ ਅਤੇ ਵੇਚਦਾ ਰਹਿੰਦਾ ਸੀ। ਕਾਲਜ ਦੀਆਂ ਕਲਾਸਾਂ ਦੌਰਾਨ ਵੀ ਉਹ ਪੜ੍ਹਾਈ ਦੀ ਥਾਂ ਆਪਣੇ ਲੈਪਟਾਪ ‘ਤੇ ਟ੍ਰੇਡਿੰਗ ਹੀ ਕਰਦਾ ਰਹਿੰਦਾ ਸੀ। ਉਸ ਨੇ ਦੱਸਿਆ ਕਿ ਉਸ ਵਿੱਚ ਲੰਬੇ ਸਮੇਂ ਲਈ ਨਿਵੇਸ਼ ਕਰਨ ਦਾ ਸਬਰ ਨਹੀਂ ਸੀ, ਜਿਸ ਕਾਰਨ ਉਸ ਨੂੰ ਸ਼ੁਰੂ ਵਿੱਚ ਹੀ ਕਾਫੀ ਨੁਕਸਾਨ ਝੱਲਣਾ ਪਿਆ। ਕਾਲਜ ਖਤਮ ਹੋਣ ਤੋਂ ਬਾਅਦ ਉਸ ਨੂੰ ਇੰਜੀਨੀਅਰਿੰਗ ਦੀ ਨੌਕਰੀ ਮਿਲ ਗਈ, ਪਰ ਟ੍ਰੇਡਿੰਗ ਦੀ ਆਦਤ ਨਾ ਛੁੱਟੀ। ਇੱਕ ਦਿਨ ‘ਮੈਟਾ’ ਦੇ ਸ਼ੇਅਰਾਂ ‘ਤੇ ਲਗਾਇਆ ਦਾਅ ਸਫਲ ਹੋ ਗਿਆ ਅਤੇ ਉਸ ਨੂੰ ਵੱਡਾ ਮੁਨਾਫਾ ਹੋਇਆ। ਇਸ ਤੋਂ ਬਾਅਦ ਅਗਲੇ ਚਾਰ ਸਾਲਾਂ ਤੱਕ ਉਹ ਲਗਾਤਾਰ ਟ੍ਰੇਡਿੰਗ ਕਰਦਾ ਰਿਹਾ। ਇਸ ਚੱਕਰ ਵਿੱਚ ਉਸ ਦੀ ਮਾਨਸਿਕ ਸਿਹਤ ‘ਤੇ ਬੁਰਾ ਅਸਰ ਪਿਆ ਅਤੇ ਉਸ ਨੇ ਆਪਣੀ ਨੌਕਰੀ ਵੀ ਛੱਡ ਦਿੱਤੀ। ਫਿਰ ਉਹ ਦਿਨ ਵਿੱਚ ਉਬਰ ਚਲਾਉਂਦਾ ਅਤੇ ਨਾਲ-ਨਾਲ ਸ਼ੇਅਰ ਬਾਜ਼ਾਰ ਵਿੱਚ ਪੈਸੇ ਲਗਾਉਂਦਾ ਰਿਹਾ। ਇਸ ਲਤ ਤੋਂ ਛੁਟਕਾਰਾ ਪਾਉਣ ਲਈ ਉਹ ਜੂਏ ਦੀ ਆਦਤ ਛਡਾਉਣ ਵਾਲੇ ਇੱਕ 3 ਹਫ਼ਤਿਆਂ ਦੇ ਪ੍ਰੋਗਰਾਮ ਵਿੱਚ ਵੀ ਗਿਆ। ਪਰ ਉੱਥੋਂ ਬਾਹਰ ਆਉਂਦੇ ਹੀ ਉਹ ਫਿਰ ਤੋਂ ਟ੍ਰੇਡਿੰਗ ਕਰਨ ਲੱਗ ਪਿਆ। ਉਸ ਨੇ ‘ਸਪੇਸ-ਐਕਸ’ ਦੇ ਸ਼ੇਅਰਾਂ ਵਿੱਚ ਪੈਸਾ ਲਗਾ ਕੇ ਵੱਡੀ ਕਮਾਈ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਲਗਭਗ 2 ਕਰੋੜ ਰੁਪਏ ਦਾ ਘਾਟਾ ਪੈ ਗਿਆ। ਇੰਨੇ ਵੱਡੇ ਨੁਕਸਾਨ ਦੇ ਬਾਵਜੂਦ, ਅਕਸ਼ੈ ਦਾ ਕਹਿਣਾ ਹੈ ਕਿ ਉਹ ਟ੍ਰੇਡਿੰਗ ਜਾਰੀ ਰੱਖੇਗਾ। ਉਹ ਹੁਣ ਇੱਕ ਯੂਟਿਊਬ ਚੈਨਲ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਆਪਣੀ ਹਰ ਖਰੀਦ-ਵੇਚ ਦਾ ਰਿਕਾਰਡ ਰੱਖ ਸਕੇ ਅਤੇ ਲੋਕਾਂ ਨੂੰ ਇਸ ਲਤ ਦੇ ਖਤਰਿਆਂ ਬਾਰੇ ਜਾਗਰੂਕ ਕਰ ਸਕੇ।

ਤਿੰਨ ਫੈਡਰਲ ਜ਼ਿਮਨੀ ਚੋਣਾਂ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਲਿਬਰਲਾਂ ਨੇ ਨਾ ਸਿਰਫ਼ ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਦੇ ਆਪਣੇ ਦੋ ਮਜ਼ਬੂਤ ਗੜ੍ਹ ਬਚਾਏ, ਸਗੋਂ ਕਿਊਬੈਕ ਦੀ ਇੱਕ ਮਹੱਤਵਪੂਰਨ ਸੀਟ ਪਿਏਰੇ ਪੋਇਲਿਵਰੇ ਦੀ ਕੰਜ਼ਰਵੇਟਿਵ ਪਾਰਟੀ ਤੋਂ ਖੋਹ ਕੇ ਸ਼ਾਨਦਾਰ ਹੂੰਝਾਫੇਰ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਹਾਊਸ ਆਫ਼ ਕਾਮਨਜ਼ ਵਿੱਚ ਲਿਬਰਲ ਪਾਰਟੀ ਦੀਆਂ ਸੀਟਾਂ ਦੀ ਗਿਣਤੀ 173 ਹੋ ਗਈ ਹੈ, ਜੋ ਕਿ ਸਰਕਾਰ ਕਾਇਮ ਰੱਖਣ ਲਈ ਬਹੁਮਤ ਦੇ ਲੋੜੀਂਦੇ ਅੰਕੜੇ ਤੋਂ ਇੱਕ ਸੀਟ ਜ਼ਿਆਦਾ ਹੈ। ਹੁਣ ਲਿਬਰਲ ਸਰਕਾਰ 2029 ਤੱਕ ਬਿਨਾਂ ਕਿਸੇ ਖ਼ਤਰੇ ਦੇ ਸੱਤਾ ਵਿੱਚ ਰਹਿ ਸਕਦੀ ਹੈ। ਸਭ ਤੋਂ ਵੱਡਾ ਉਲਟਫੇਰ ਕਿਊਬੈਕ ਦੀ ਸ਼ਿਕੂਤੀਮੀ-ਲੇ ਫਜੋਰਡ ਸੀਟ ‘ਤੇ ਦੇਖਣ ਨੂੰ ਮਿਲਿਆ। ਇੱਥੇ ਲਿਬਰਲ ਉਮੀਦਵਾਰ ਡੈਨੀਅਲ ਗੋਬੇਲ ਨੇ 51.3 ਪ੍ਰਤੀਸ਼ਤ ਵੋਟਾਂ ਲੈ ਕੇ ਜਿੱਤ ਦਰਜ ਕੀਤੀ, ਜਦਕਿ ਬਲੌਕ ਕਿਊਬੇਕੋਇਸ ਦੂਜੇ ਅਤੇ ਕੰਜ਼ਰਵੇਟਿਵ ਪਾਰਟੀ ਤੀਜੇ ਨੰਬਰ ‘ਤੇ ਖਿਸਕ ਗਈ। ਕੰਜ਼ਰਵੇਟਿਵਾਂ ਲਈ ਇਸ ਹਾਰ ਨੂੰ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ, ਓਨਟਾਰੀਓ ਦੀ ਬੀਚਜ਼-ਈਸਟ ਯੌਰਕ ਸੀਟ ਤੋਂ ਲਿਬਰਲ ਦੇ ਤਨਵੀਰ ਸ਼ਾਹਨਵਾਜ਼ ਨੇ 55 ਪ੍ਰਤੀਸ਼ਤ ਵੋਟਾਂ ਨਾਲ ਜਿੱਤ ਹਾਸਲ ਕੀਤੀ, ਅਤੇ ਬ੍ਰਿਟਿਸ਼ ਕੋਲੰਬੀਆ ਦੀ ਨੌਰਥ ਵੈਨਕੂਵਰ-ਕੈਪੀਲਾਨੋ ਸੀਟ ਤੋਂ ਬ੍ਰੇਡਨ ਕੇਲੀ ਨੇ 58 ਪ੍ਰਤੀਸ਼ਤ ਵੋਟਾਂ ਲੈ ਕੇ ਆਪਣੀ ਸੀਟ ਬਰਕਰਾਰ ਰੱਖੀ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਹ ਚੋਣ ਨਤੀਜੇ ਅਮਰੀਕਾ ਨਾਲ ਚੱਲ ਰਹੇ ਤਣਾਅਪੂਰਨ ਵਪਾਰਕ ਵਿਵਾਦ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨਾਂ ਤੋਂ ਕਾਫ਼ੀ ਪ੍ਰਭਾਵਿਤ ਹੋਏ ਹਨ। ਟਰੰਪ ਦੀਆਂ ਨੀਤੀਆਂ ਅਤੇ ਟੈਰਿਫਾਂ ਦੇ ਅਸਰ ਕਾਰਨ ਕੈਨੇਡੀਅਨ ਵੋਟਰਾਂ ਨੇ ਮਾਰਕ ਕਾਰਨੀ ਦੀ ਸਰਕਾਰ ‘ਤੇ ਮੁੜ ਭਰੋਸਾ ਪ੍ਰਗਟਾਇਆ ਹੈ। 21 ਸਤੰਬਰ ਨੂੰ ਸੰਸਦ ਦਾ ਲੜੀਵਾਰ ਸੈਸ਼ਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਮਿਲੀ ਇਸ ਜਿੱਤ ਨਾਲ ਲਿਬਰਲ ਪਾਰਟੀ ਦੇ ਹੌਸਲੇ ਬੁਲੰਦ ਹੋ ਗਏ ਹਨ। ਆਉਣ ਵਾਲੇ ਮਹੀਨਿਆਂ ਵਿੱਚ ਪ੍ਰਧਾਨ ਮੰਤਰੀ ਨੂੰ ਛੇ ਹੋਰ ਖਾਲੀ ਸੀਟਾਂ ‘ਤੇ ਜ਼ਿਮਨੀ ਚੋਣਾਂ ਕਰਵਾਉਣੀਆਂ ਪੈਣਗੀਆਂ।

ਅਮਰੀਕਾ ਦੇ ਖਜ਼ਾਨਾ ਮੰਤਰੀ ਸਕਾਟ ਬੇਸੈਂਟ ਨੇ ਕੈਨੇਡਾ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਇੱਕ ਬਿਆਨ ਦੇ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਅਮਰੀਕਾ ਦੀ ਕੈਨੇਡਾ ਨਾਲ ਕੋਈ ਜੰਗ ਨਹੀਂ ਹੈ, ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਕੈਨੇਡਾ ਦੀ ਫ਼ੌਜੀ ਤਾਕਤ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ “ਕੀ ਉਹ ਐਡਮੰਟਨ ਮਾਲ ਦੀਆਂ ਆਪਣੀਆਂ ਦੋ ਪਣਡੁੱਬੀਆਂ ਨਾਲ ਸਾਡੇ ‘ਤੇ ਹਮਲਾ ਕਰਨਗੇ?” ਹਾਲਾਂਕਿ, ਹਕੀਕਤ ਇਹ ਹੈ ਕਿ ਐਡਮੰਟਨ ਮਾਲ ਦੀਆਂ ਉਹ ਪਣਡੁੱਬੀਆਂ ਸਿਰਫ਼ ਸੈਲਾਨੀਆਂ ਲਈ ਸਨ, ਜੋ 2005 ਵਿੱਚ ਬੰਦ ਹੋ ਗਈਆਂ ਸਨ ਅਤੇ 2012 ਵਿੱਚ ਕਬਾੜ ਵਿੱਚ ਵੇਚ ਦਿੱਤੀਆਂ ਗਈਆਂ ਸਨ। ਅਮਰੀਕੀ ਮੰਤਰੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ‘ਤੇ ਦੋਸ਼ ਲਾਇਆ ਕਿ ਉਹ ਆਪਣੀ ਰਾਜਨੀਤਿਕ ਲੋਕਪ੍ਰਿਯਤਾ ਅਤੇ ਵੋਟਾਂ ਵਧਾਉਣ ਲਈ ਇਸ ਮੁੱਦੇ ਨੂੰ ਹਵਾ ਦੇ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਨੇ ਕੈਨੇਡਾ ਨੂੰ ਬਹੁਤ ਵਧੀਆ ਵਪਾਰਕ ਸਮਝੌਤੇ ਦੀ ਪੇਸ਼ਕਸ਼ ਕੀਤੀ ਸੀ, ਪਰ ਕੈਨੇਡਾ ਆਖਰੀ ਸਮੇਂ ‘ਤੇ ਪਿੱਛੇ ਹਟ ਗਿਆ। ਦੂਜੇ ਪਾਸੇ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਨੇ ਆਖਰੀ ਸਮੇਂ ਅਜਿਹੀਆਂ ਸ਼ਰਤਾਂ ਰੱਖੀਆਂ ਜੋ ਅਨੁਚਿਤ ਸਨ ਅਤੇ ਕੈਨੇਡਾ ਦੇ ਆਟੋ ਉਦਯੋਗ ਅਤੇ ਦੋਭਾਸ਼ੀ ਨਿਯਮਾਂ ਲਈ ਨੁਕਸਾਨਦੇਹ ਸਨ। ਗੱਲਬਾਤ ਟੁੱਟਣ ਤੋਂ ਬਾਅਦ ਅਮਰੀਕਾ ਨੇ ਕੈਨੇਡੀਅਨ ਵਸਤੂਆਂ ‘ਤੇ 50 ਪ੍ਰਤੀਸ਼ਤ ਟੈਰਿਫ ਲਗਾ ਦਿੱਤਾ ਸੀ, ਜਿਸ ਦੇ ਜਵਾਬ ਵਿੱਚ ਕੈਨੇਡਾ ਨੇ ਵੀ 8 ਸਤੰਬਰ ਤੋਂ ਅਮਰੀਕੀ ਚੀਜ਼ਾਂ ‘ਤੇ ਉੱਨਾ ਹੀ ਜਵਾਬੀ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸੋਸ਼ਲ ਮੀਡੀਆ ‘ਤੇ ਲੇਕ ਓਨਟਾਰੀਓ ਦਾ ਨਾਂ ਬਦਲ ਕੇ ‘ਲੇਕ ਅਮਰੀਕਾ’ ਰੱਖਣ ਵਰਗੀਆਂ ਟਿੱਪਣੀਆਂ ਤੋਂ ਬਾਅਦ ਕੈਨੇਡਾ ਦੇ ਸੂਬਾਈ ਨੇਤਾਵਾਂ ਨੇ ਵੀ ਟਰੰਪ ਦਾ ਕਰੜਾ ਵਿਰੋਧ ਕੀਤਾ ਹੈ। ਇਸ ਦੌਰਾਨ, ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਟੈਰਿਫ ਜੰਗ ਨਾਲ ਦੋਵਾਂ ਦੇਸ਼ਾਂ ਦੇ ਛੋਟੇ ਵਪਾਰੀਆਂ ਅਤੇ ਆਮ ਲੋਕਾਂ ਦਾ ਨੁਕਸਾਨ ਹੋਵੇਗਾ, ਇਸ ਲਈ ਦੋਵਾਂ ਦੇਸ਼ਾਂ ਨੂੰ ਦੁਬਾਰਾ ਗੱਲਬਾਤ ਦੀ ਮੇਜ਼ ‘ਤੇ ਆਉਣਾ ਚਾਹੀਦਾ ਹੈ। ਕੈਨੇਡਾ ਦੇ ਵਿੱਤ ਮੰਤਰੀ ਫ੍ਰਾਂਸਿਸ-ਫਿਲਿਪ ਸ਼ੈਂਪੇਨ ਜੀ-20 ਬੈਠਕ ਦੌਰਾਨ ਅਮਰੀਕੀ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਕੈਨੇਡਾ ਦਾ ਪੱਖ ਰੱਖਣਗੇ।

ਅਮਰੀਕਾ ਨਾਲ ਵਪਾਰਕ ਤਣਾਅ ਅਤੇ ਚੀਨ ਨਾਲ ਸਬੰਧ ਸੁਧਾਰਨ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ, ਕੈਨੇਡਾ ਇਸ ਹਫ਼ਤੇ ਦੋਵਾਂ ਦੇਸ਼ਾਂ ਦੇ ਫ਼ੌਜੀ ਆਗੂਆਂ ਦੀ ਮੇਜ਼ਬਾਨੀ ਕਰ ਰਹਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿਕਟੋਰੀਆ ਸ਼ਹਿਰ ਵਿੱਚ ਇੰਡੋ-ਪੈਸੀਫਿਕ ਦੇਸ਼ਾਂ ਦੇ ਫ਼ੌਜੀ ਮੁਖੀਆਂ ਦੀ 28ਵੀਂ ਸਲਾਨਾ ਕਾਨਫਰੰਸ ਸ਼ੁਰੂ ਹੋ ਗਈ ਹੈ। ਕੈਨੇਡਾ ਦੀ ਡਿਫੈਂਸ ਸਟਾਫ਼ ਚੀਫ਼ ਜਨਰਲ ਜੈਨੀ ਕੈਰੀਗਨਨ ਅਤੇ ਅਮਰੀਕੀ ਪੈਸੀਫਿਕ ਕਮਾਂਡ ਦੇ ਕਮਾਂਡਰ ਐਡਮਿਰਲ ਸੈਮੂਅਲ ਪਾਪਾਰੋ ਸਾਂਝੇ ਤੌਰ ‘ਤੇ 32 ਦੇਸ਼ਾਂ ਦੀ ਇਸ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਹਨ। ਇਹ ਅਹਿਮ ਕਾਨਫਰੰਸ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕੈਨੇਡਾ ਅਤੇ ਅਮਰੀਕਾ ਦੇ ਸਬੰਧਾਂ ਵਿੱਚ ਖਟਾਸ ਆਈ ਹੋਈ ਹੈ। 21 ਅਗਸਤ ਨੂੰ ਨਵੇਂ ਵਪਾਰਕ ਸਮਝੌਤੇ ‘ਤੇ ਗੱਲਬਾਤ ਟੁੱਟਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡੀਅਨ ਵਸਤੂਆਂ ‘ਤੇ 50 ਪ੍ਰਤੀਸ਼ਤ ਤੱਕ ਟੈਰਿਫ ਲਗਾ ਦਿੱਤਾ ਸੀ। ਇਸ ਦੇ ਜਵਾਬ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ 28 ਅਰਬ ਡਾਲਰ ਦੀਆਂ ਅਮਰੀਕੀ ਚੀਜ਼ਾਂ ‘ਤੇ ਉੱਨਾ ਹੀ ਜਵਾਬੀ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਇੱਕ ਤਾਜ਼ਾ ਸਰਵੇਖਣ ਅਨੁਸਾਰ 73 ਪ੍ਰਤੀਸ਼ਤ ਕੈਨੇਡੀਅਨ ਲੋਕ ਸਰਕਾਰ ਦੇ ਇਸ ਜਵਾਬੀ ਕਦਮ ਦਾ ਸਮਰਥਨ ਕਰਦੇ ਹਨ। ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਰਾਂ ਦਾ ਮੰਨਣਾ ਹੈ ਕਿ ਇਸ ਸੰਮੇਲਨ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਰੱਖਿਆ ਮੰਤਰੀ ਪੀਟ ਹੈਗਸੇਥ ਦੀਆਂ ਨੀਤੀਆਂ ‘ਤੇ ਖੁੱਲ੍ਹ ਕੇ ਚਰਚਾ ਹੋਵੇਗੀ। ਅਮਰੀਕੀ ਨੀਤੀਆਂ ਕਾਰਨ ਵਿਸ਼ਵ ਭਰ ਦੀਆਂ ਫ਼ੌਜਾਂ ਲਈ ਅਮਰੀਕਾ ਨਾਲ ਤਾਲਮੇਲ ਬਣਾਉਣਾ ਔਖਾ ਹੋ ਰਿਹਾ ਹੈ। ਦੂਜੇ ਪਾਸੇ, ਅਮਰੀਕੀ ਖਜ਼ਾਨਾ ਮੰਤਰੀ ਸਕਾਟ ਬੇਸੈਂਟ ਨੇ ਇੱਕ ਇੰਟਰਵਿਊ ਵਿੱਚ ਕੈਨੇਡਾ ਦੇ ਜਵਾਬੀ ਕਦਮਾਂ ਅਤੇ ਉਸ ਦੀ ਫ਼ੌਜੀ ਤਾਕਤ ਦਾ ਮਜ਼ਾਕ ਵੀ ਉਡਾਇਆ ਹੈ। ਹਾਲਾਂਕਿ ਰਾਜਨੀਤਿਕ ਬਿਆਨਬਾਜ਼ੀ ਦੇ ਬਾਵਜੂਦ, ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਦੀਆਂ ਫ਼ੌਜੀ ਅਤੇ ਗੁਪਤਚਰ ਏਜੰਸੀਆਂ ਵਿਚਕਾਰ ਸਹਿਯੋਗ ਅਜੇ ਵੀ ਮਜ਼ਬੂਤ ਹੈ। ਇਸ ਸਾਲ ਦੀ ਕਾਨਫਰੰਸ ਦਾ ਮੁੱਖ ਮੁੱਦਾ ਖੇਤਰ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ। ਜ਼ਿਆਦਾਤਰ ਗੱਲਬਾਤ ਬੰਦ ਕਮਰਾ ਬੈਠਕਾਂ ਵਿੱਚ ਹੋਵੇਗੀ, ਜਿਸ ਤੋਂ ਬਾਅਦ ਕੈਨੇਡਾ ਅਤੇ ਅਮਰੀਕਾ ਦੇ ਫ਼ੌਜੀ ਆਗੂ ਸਾਂਝੀ ਪ੍ਰੈਸ ਕਾਨਫਰੰਸ ਕਰਨਗੇ।

ਓਂਟਾਰੀਓ ਦੀ ਪੀਲ ਪੁਲੀਸ ਨੇ ਬਰੈਂਪਟਨ ਦੇ ਇੱਕ ਵਕੀਲ ਨੂੰ ਆਪਣੇ ਮੁਵੱਕਿਲਾਂ ਨਾਲ ਜਾਇਦਾਦ ਦੀ ਖ਼ਰੀਦ-ਵੇਚ ਮੌਕੇ ਧੋਖੇ ਨਾਲ 43 ਲੱਖ ਡਾਲਰ ਠੱਗਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਲਾਅ ਸੁਸਾਇਟੀ ਵੱਲੋਂ ਉਸ ਦਾ ਵਕਾਲਤ ਲਾਇਸੈਂਸ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਸੀ। ਪੁਲੀਸ ਨੇ ਵਕੀਲ ਦੀ ਪਛਾਣ ਬਰੈਂਪਟਨ ਵਾਸੀ ਪਵਨਜੀਤ ਸਿੰਘ ਮਾਨ ਵਜੋਂ ਜਾਰੀ ਕੀਤੀ ਹੈ, ਜਿਸ ਵੱਲੋਂ ‘ਪੀ ਜੇ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ’ ਨਾਂ ਹੇਠ ਜਾਇਦਾਦ ਖ਼ਰੀਦ-ਵੇਚ ਮਾਮਲਿਆਂ ਦਾ ਕੰਮ ਕੀਤਾ ਜਾ ਰਿਹਾ ਸੀ। ਪੁਲੀਸ ਨੂੰ ਖ਼ਦਸ਼ਾ ਹੈ ਕਿ ਕਈ ਹੋਰ ਲੋਕ ਵੀ ਉਸ ਤੋਂ ਪੀੜਤ ਹੋ ਸਕਦੇ ਹਨ, ਜਿਨ੍ਹਾਂ ਨੂੰ ਸਾਹਮਣੇ ਆਉਣ ਲਈ ਕਿਹਾ ਗਿਆ ਹੈ। ਧੋਖਾਧੜੀ ਮਾਮਲਿਆਂ ਨਾਲ ਸਬੰਧਤ ਪੁਲੀਸ ਟੀਮ ਨੇ ਇਸ ਮਾਮਲੇ ਦੀ ਜਾਂਚ ਉਦੋਂ ਸ਼ੁਰੂ ਕੀਤੀ, ਜਦੋਂ ਲਾਅ ਸੁਸਾਇਟੀ ਨੇ ਉਸ ਦਾ ਵਕਾਲਤ ਲਾਇਸੈਂਸ ਰੱਦ ਕੀਤਾ। ਜਾਂਚ ਦੌਰਾਨ ਪਤਾ ਲੱਗਾ ਕਿ ਕਥਿਤ ਦੋਸ਼ੀ ਨੇ ਖ਼ਰੀਦ-ਵੇਚ ਟਰੱਸਟ ਦੇ ਬੈਂਕ ਖ਼ਾਤੇ ਦੀ ਦੁਰਵਰਤੋਂ ਕਰਕੇ ਉਸ ਉੱਤੇ ਭਰੋਸਾ ਕਰਨ ਵਾਲੇ ਜਾਇਦਾਦ ਖ਼ਰੀਦਦਾਰਾਂ ਅਤੇ ਵਿਕਰੇਤਾ ਨਾਲ 43 ਲੱਖ ਡਾਲਰ ਦੀ ਰਕਮ ਠੱਗ ਲਈ ਹੈ। ਪੁਲੀਸ ਨੇ ਉਸ ਦੇ ਵਿਰੁੱਧ ਧੋਖਾਧੜੀ ਨਾਲ ਸਬੰਧਤ ਚਾਰ ਦੋਸ਼ ਆਇਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਖ਼ਦਸ਼ਾ ਪ੍ਰਗਟਾਉਂਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਹੋਰ ਵੀ ਕੋਈ ਵਿਅਕਤੀ ਇਸ ਵਕੀਲ ਤੋਂ ਪੀੜਤ ਹੈ ਤਾਂ ਉਹ ਪੁਲੀਸ ਨਾਲ ਸੰਪਰਕ ਕਰੇ, ਤਾਂ ਜੋ ਉਸ ਵਿਰੁੱਧ ਹੋਰ ਦੋਸ਼ ਆਇਦ ਕੀਤੇ ਜਾ ਸਕਣ। ਪੁਲੀਸ ਨੇ ਆਮ ਲੋਕਾਂ ਨੂੰ ਸੁਝਾਅ ਦਿੱਤਾ ਹੈ ਕਿ ਖ਼ਰੀਦ-ਵੇਚ ਮਾਮਲਿਆਂ ਮੌਕੇ ਪੈਸੇ ਦਾ ਲੈਣ-ਦੇਣ ਕਰਨ ਤੋਂ ਪਹਿਲਾਂ ਟਰੱਸਟ ਖ਼ਾਤੇ ਚਲਾਉਣ ਵਾਲਿਆਂ ਬਾਰੇ ਲਾਅ ਸੁਸਾਇਟੀ ਤੋਂ ਜਾਣਕਾਰੀ ਹਾਸਲ ਕਰਕੇ ਹੀ ਉਨ੍ਹਾਂ ਨਾਲ ਲੈਣ-ਦੇਣ ਕਰਨ।

ਟੋਰਾਂਟੋ ਪੁਲਿਸ ਇਸ ਮਹੀਨੇ ਦੇ ਸ਼ੁਰੂ ਵਿੱਚ ਇਟੋਬੀਕੋਕ ਇਲਾਕੇ ਵਿੱਚ ਇੱਕ ਕੱਪੜਿਆਂ ਦੀ ਦੁਕਾਨ ਨੂੰ ਜਾਣਬੁੱਝ ਕੇ ਅੱਗ ਲਗਾਉਣ ਵਾਲੇ ਦੋ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। ਇਹ ਘਟਨਾ 3 ਅਗਸਤ ਨੂੰ ਵਾਪਰੀ, ਜਦੋਂ ਰਾਇਲ ਯੌਰਕ ਰੋਡ ਦੇ ਪੂਰਬ ਵਿੱਚ ‘ਲੇਕ ਸ਼ੋਰ ਬੁਲੇਵਾਰਡ ਵੈਸਟ’ ਅਤੇ ‘ਅਲਬਰਟ ਐਵੇਨਿਊ’ ਦੇ ਨੇੜੇ ਮਿਮੀਕੋ-ਕੁਈਨਜ਼ਵੇ ਇਲਾਕੇ ਵਿੱਚ ਸਥਿਤ ਇੱਕ ਕੱਪੜਿਆਂ ਦੀ ਦੁਕਾਨ ਵਿੱਚ ਅੱਗ ਲੱਗਣ ਦੀ ਖ਼ਬਰ ਮਿਲੀ। ਘਟਨਾ ਦੀ ਸੀਸੀਟੀਵੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ੱਕੀ ਦੁਕਾਨ ਦੇ ਸ਼ੀਸ਼ੇ ਤੋੜਦਾ ਹੈ, ਜਦਕਿ ਦੂਜਾ ਸ਼ੱਕੀ ਅੰਦਰ ਕੋਈ ਜਲਣਸ਼ੀਲ ਪਦਾਰਥ ਛਿੜਕਦਾ ਨਜ਼ਰ ਆਉਂਦਾ ਹੈ। ਇਸ ਤੋਂ ਬਾਅਦ ਸ਼ੱਕੀਆਂ ਨੇ ਉਸ ਪਦਾਰਥ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਪੂਰੀ ਦੁਕਾਨ ਧੂ-ਧੂ ਕਰਕੇ ਬਲਣ ਲੱਗੀ। ਅੱਗ ਲਗਾਉਣ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਜਾਂਚਕਰਤਾਵਾਂ ਅਨੁਸਾਰ ਉਹ ਸਿਲਵਰ ਜਾਂ ਗ੍ਰੇ ਰੰਗ ਦੀ ਹੌਂਡਾ ਸਿਵਿਕ ਕਾਰ ਵਿੱਚ ਭੱਜੇ, ਜੋ ਕਿ 2022 ਤੋਂ 2026 ਦੇ ਮਾਡਲ ਦੀ ਜਾਪਦੀ ਹੈ। ਪੁਲਿਸ ਵੱਲੋਂ ਦਿੱਤੇ ਵੇਰਵਿਆਂ ਅਨੁਸਾਰ, ਪਹਿਲਾ ਸ਼ੱਕੀ ਦਰਮਿਆਨੇ ਕੱਦ-ਕਾਠ ਦਾ ਹੈ, ਜਿਸ ਨੇ ਕਾਲੇ ਰੰਗ ਦੀ ਹੁੱਡ ਵਾਲੀ ਜੈਕੇਟ, ਕਾਲਾ ਮਾਸਕ, ਕਾਲੀ ਪੈਂਟ ਅਤੇ ਹਲਕੇ ਰੰਗ ਦੇ ਤਲੇ ਵਾਲੇ ਸ਼ੂਜ਼ ਪਾਏ ਹੋਏ ਸਨ। ਦੂਜਾ ਸ਼ੱਕੀ ਵੀ ਦਰਮਿਆਨੇ ਬਣਤਰ ਦਾ ਹੈ, ਜਿਸ ਨੇ ਕਾਲੇ ਰੰਗ ਦੀ ਹੁੱਡੀ, ਸਰਜੀਕਲ ਮਾਸਕ, ਅੰਦਰ ਚਿੱਟੀ ਟੀ-ਸ਼ਰਟ, ਕਾਲੀ ਪੈਂਟ ਅਤੇ ਕਾਲੇ ਜੁੱਤੇ ਪਹਿਨੇ ਹੋਏ ਸਨ। ਪੁਲਿਸ ਵੱਲੋਂ ਅੱਗਜ਼ਨੀ ਦੇ ਇਸ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ। ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਜਾਂ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਉਹ ਤੁਰੰਤ ਟੋਰਾਂਟੋ ਪੁਲਿਸ ਜਾਂ ‘ਕ੍ਰਾਈਮ ਸਟੌਪਰਜ਼’ ਨਾਲ ਸੰਪਰਕ ਕਰਨ।

ਟੋਰਾਂਟੋ ਪੁਲਿਸ ਨੇ ਇੱਕ 36 ਸਾਲਾ ਵਿਅਕਤੀ ਨੂੰ ਸ਼ਹਿਰ ਦੇ ਪੂਰਬੀ ਇਲਾਕੇ ਵਿੱਚ ਸਥਿਤ ਇੱਕ ਜਨਤਕ ਵਾਸ਼ਰੂਮ ਵਿੱਚ 11 ਸਾਲਾ ਬੱਚੀ ਦੀਆਂ ਤਸਵੀਰਾਂ ਖਿੱਚਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ 25 ਅਗਸਤ ਨੂੰ ‘ਕਿਊ ਗਾਰਡਨਜ਼ ਪਾਰਕ’ ਵਿਖੇ ਵਾਪਰੀ। ਪੁਲਿਸ ਅਨੁਸਾਰ, ਮੁਲਜ਼ਮ ਪਹਿਲਾਂ ਤੋਂ ਹੀ ਵਾਸ਼ਰੂਮ ਦੇ ਅੰਦਰ ਮੌਜੂਦ ਸੀ। ਜਦੋਂ ਮਾਸੂਮ ਬੱਚੀ ਵਾਸ਼ਰੂਮ ਦੇ ਇੱਕ ਕੇਬਿਨ ਵਿੱਚ ਗਈ, ਤਾਂ ਉਸ ਵਿਅਕਤੀ ਨੇ ਉਸ ਦੀਆਂ ਫੋਟੋਆਂ ਖਿੱਚਣ ਦੀ ਕੋਸ਼ਿਸ਼ ਕੀਤੀ। ਬੱਚੀ ਨੇ ਸਮਝਦਾਰੀ ਦਿਖਾਉਂਦੇ ਹੋਏ ਤੁਰੰਤ ਬਾਹਰ ਆ ਕੇ ਮਦਦ ਮੰਗੀ, ਜਿਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਪੁਲਿਸ ਨੇ ਜਨਤਾ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ ਸੀ ਤਾਂ ਜੋ ਮੁਲਜ਼ਮ ਦੀ ਪਛਾਣ ਕੀਤੀ ਜਾ ਸਕੇ। ਟੋਰਾਂਟੋ ਪੁਲਿਸ ਨੇ ਕਾਰਵਾਈ ਕਰਦਿਆਂ 36 ਸਾਲਾ ਹਾਂਸ ਮਾਰਟਿਨਜ਼-ਗੋਂਜ਼ਾਲੇਜ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ‘ਤੇ ਕਿਸੇ ਵਿਅਕਤੀ ਦੀ ਨਿੱਜਤਾ ਦਾ ਉਲੰਘਣ ਕਰਕੇ ਚੋਰੀ-ਛਿਪੇ ਵੀਡੀਓ ਬਣਾਉਣ ਜਾਂ ਫੋਟੋ ਖਿੱਚਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਇਨ੍ਹਾਂ ਦੋਸ਼ਾਂ ਦੀ ਅਦਾਲਤ ਵਿੱਚ ਪੁਸ਼ਟੀ ਹੋਣਾ ਬਾਕੀ ਹੈ ਅਤੇ ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।


Filed under