, , , ,

ਜਗਰਾਓਂ ‘ਚ ਸਕੂਲ ਵੈਨ ਦਰੱਖਤ ਨਾਲ ਟਕਰਾਈ, ਹਾਦਸੇ ‘ਚ ਇਕ ਬੱਚੇ ਦੀ ਮੌਤ, 5 ਗੰਭੀਰ ਜ਼ਖਮੀ

ਡੈਸਕ- ਲੁਧਿਆਣਾ ਜ਼ਿਲੇ ਦੇ ਜਗਰਾਓਂ ‘ਚ ਮੰਗਲਵਾਰ ਸਵੇਰੇ ਸ਼ਹਿਰ ਦੇ ਇਕ ਨਾਮੀ ਪ੍ਰਾਈਵੇਟ ਸਕੂਲ ਦੀ ਤੇਜ਼ ਰਫਤਾਰ ਵੈਨ, ਜੋ ਬੱਚਿਆਂ ਨੂੰ ਘਰ ਤੋਂ ਸਕੂਲ ਲੈ ਕੇ ਜਾ ਰਹੀ ਸੀ, ਦਰੱਖਤ ਨਾਲ ਟਕਰਾ ਗਈ। ਜਿਸ ਕਾਰਨ ਇਕ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਈ ਬੱਚੇ ਜ਼ਖਮੀ ਦੱਸੇ ਜਾ ਰਹੇ ਹਨ। ਮ੍ਰਿਤਕ ਬੱਚੇ ਦੀ ਪਛਾਣ ਗੁਰਮਨ ਸਿੰਘ ਵਜੋਂ ਹੋਈ ਹੈ। ਉਹ ਪਹਿਲੀ ਜਮਾਤ ਦਾ ਵਿਦਿਆਰਥੀ ਸੀ।

ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਰਾਏਕੋਟ ਰੋਡ ‘ਤੇ ਪਿੰਡ ਅਖਾੜਾ ਅਤੇ ਹੋਰ ਪਿੰਡਾਂ ਦੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਵੈਨ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਦਰੱਖਤ ਨਾਲ ਟਕਰਾ ਕੇ ਪੂਰੀ ਵੈਨ ਚਕਨਾਚੂਰ ਹੋ ਗਈ। ਇਸ ਹਾਦਸੇ ‘ਚ ਪੰਜ ਬੱਚੇ ਗੰਭੀਰ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਵੈਨ ਦਾ ਡਰਾਈਵਰ ਕਾਫੀ ਦੂਰੀ ਤੋਂ ਤੇਜ਼ ਰਫਤਾਰ ਨਾਲ ਜਾ ਰਿਹਾ ਸੀ। ਇਸ ਦਰਦਨਾਕ ਘਟਨਾ ਤੋਂ ਬਾਅਦ ਵੈਨ ‘ਚ ਸਵਾਰ ਬੱਚੇ ਬਹੁਤ ਦੁਖੀ ਹੋ ਗਏ ਅਤੇ ਰੋਣ ਲੱਗੇ। ਹਾਦਸੇ ਦੀ ਸੂਚਨਾ ਮਿਲਦੇ ਹੀ ਪਿੰਡ ਦੇ ਬੱਚਿਆਂ ਦੇ ਪਰਿਵਾਰ ਵਾਲੇ ਮੌਕੇ ‘ਤੇ ਪਹੁੰਚ ਗਏ ਅਤੇ ਬੱਚਿਆਂ ਨੂੰ ਚੁੱਕ ਕੇ ਲੈ ਗਏ। ਹਾਦਸੇ ਕਾਰਨ ਇੱਕ ਕਿਲੋਮੀਟਰ ਤੱਕ ਜਾਮ ਲੱਗ ਗਿਆ ਦੱਸਿਆ ਜਾ ਰਿਹਾ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਆਵਾਜਾਈ ਨੂੰ ਚਾਲੂ ਕਰਵਾਇਆ।

Corrections

Spotted an error in this story? Email contact@tvpunjab.com. We correct at the same prominence as the original.

More from TV Punjab