ਡੈਸਕ- ਹਰਿਆਣਾ ਦੇ ਨੂਹ ਵਿਚ ਦੋ ਸਮੁਦਾਇਆਂ ਚ ਹੋਈ ਹਿੰਸਕ ਝੜਪ ਨੂੰ ਲੈ ਕੇ ਪ੍ਰਸ਼ਾਸਨ ਚੌਕਸ ਹੈ। ਨੂਹ ਵਿਚ ਕਰਫਿਊ ਜਾਰੀ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਪਵਾਰ ਨੇ ਧਾਰਾ 144 ਲਾਗੂ ਕਰ ਦਿੱਤੀ ਹੈ। ਇੰਟਰਨੈੱਟ ਸੇਵਾ ਅੱਜ ਵੀ ਬੰਦ ਹੈ। ਇਸ ਹਿੰਸਕ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ ਛੇ ਹੋ ਗਈ ਹੈ।
ਨੂਹ ਵਿੱਚ ਹੋਈ ਹਿੰਸਾ ਨੂੰ ਲੈ ਕੇ ਹੁਣ ਤੱਕ 116 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਐੱਮ ਮਨੋਹਰ ਲਾਲ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉੱਥੇ ਹੀ ਸੀਐੱਮ ਨੇ ਉਕਤ ਖੇਤਰ ਵਿਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਹੈ। ਮੇਵਾਤ ਵਿਚ ਹੋਈ ਹਿੰਸਾ ਨੂੰ ਲੈ ਕੇ ਸੀਐੱਮ ਮਨੋਹਰ ਲਾਲ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਸਾਨੂੰ ਕੇਂਦਰ ਤੋਂ ਹਰਿਆਣਾ ਪੁਲਿਸ ਦੀਆਂ 30 ਅਤੇ ਅਰਧ ਸੈਨਿਕ ਬਲਾਂ ਦੀਆਂ 20 ਟੁਕੜੀਆਂ ਮਿਲੀਆਂ ਹਨ। 14 ਯੂਨਿਟ ਨੂਹ, 3 ਪਲਵਲ, 2 ਫਰੀਦਾਬਾਦ ਅਤੇ ਇਕ ਗੁਰੂਗ੍ਰਾਮ ਭੇਜੀਆਂ ਗਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਜ਼ਿਸ਼ਕਰਤਾਵਾਂ ਦੀ ਲਗਾਤਾਰ ਪਛਾਣ ਕੀਤੀ ਜਾ ਰਹੀ ਹੈ। ਹੁਣ ਤੱਕ ਕੁੱਲ 116 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਨੂਹ ਵਿੱਚ ਹੋਈ ਹਿੰਸਾ ਕਾਰਨ ਜ਼ਿਲ੍ਹੇ ਵਿਚ ਜ਼ਖ਼ਮੀਆਂ ਦੀ ਗਿਣਤੀ 60 ਤੱਕ ਪਹੁੰਚ ਗਈ ਹੈ। ਪੈਰਾ ਮਿਲਟਰੀ ਫੋਰਸ ਦੀਆਂ 15 ਕੰਪਨੀਆਂ ਫੀਲਡ ‘ਚ ਹਨ। ਡਿਪਟੀ ਕਮਿਸ਼ਨਰ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਅਫਵਾਹਾਂ ‘ਤੇ ਧਿਆਨ ਨਾ ਦੇਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਜ਼ਿਲ੍ਹੇ ਦੇ ਵਿੱਦਿਅਕ ਅਦਾਰੇ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 10 ਡਿਊਟੀ ਮੈਜਿਸਟ੍ਰੇਟ ਅਤੇ 6 ਸਪੈਸ਼ਲ ਡਿਊਟੀ ਮੈਜਿਸਟ੍ਰੇਟ ਇਲਾਕਾ ਵਾਰ ਨਿਯੁਕਤ ਕੀਤੇ ਗਏ ਹਨ।
ਕਈ ਪਿੰਡਾਂ ਦੇ ਲੋਕ ਹਿੰਸਾ ਦੇ ਡਰ ਤੋਂ ਹੋਰ ਥਾਵਾਂ ਵੱਲ ਭੱਜ ਗਏ ਹਨ। ਕਈਆਂ ਨੇ ਪਿੰਡ ਦੇ ਨਾਲ ਲੱਗਦੀ ਅਰਾਵਲੀ ਪਹਾੜੀ ‘ਤੇ ਆਪਣਾ ਟਿਕਾਣਾ ਬਣਾ ਲਿਆ ਹੈ।
ਨੂਹ ਵਿੱਚ ਹੋਈ ਹਿੰਸਾ ਨੂੰ ਲੈ ਕੇ ਹਰਿਆਣਾ ਦੇ ਡਿਪਟੀ ਸੀਐੱਮ ਨੇ ਵੱਡਾ ਬਿਆਨ ਦਿੱਤਾ ਹੈ। ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਯਾਤਰਾ ਦੀ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਸੀ।