ਹੁਣ 13 ਅਤੇ 14 ਜੁਲਾਈ ਨੂੰ ਬਰਸਾਤ ਦਾ ਅਲਰਟ, ਸਰਕਾਰ ਮੂਸਤੈਦ

ਡੈਸਕ- ਮੰਗਲਵਾਰ ਨੂੰ ਮੌਸਮ ਵਿਭਾਗ ਨੇ ਰਾਹਤ ਵਾਲੀ ਖਬਰ ਦਿੱਤੀ ਹੈ। ਪਰ ਇਸਦੇ ਬਾਅਦ ਮਾਨਸੂਨ ਫਿਰ ਆਪਣੇ ਰੰਗ ਦਿਖਾਵੇਗਾ । ਪੰਜਾਬ ’ਚ ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਅਤੇ ਕਰੀਬ ਅੱਧੇ ਪੰਜਾਬ ’ਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਮੌਸਮ ਵਿਗਿਆਨੀਆਂ ਨੇ 13 ਅਤੇ 14 ਜੁਲਾਈ ਨੂੰ ਮੁੜ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ ਪਟਿਆਲਾ, ਰੋਪੜ, ਮੁਹਾਲੀ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ।

ਇਸ ਦੇ ਨਾਲ ਹੀ ਅੱਜ ਹਰਿਆਣਾ, ਚੰਡੀਗੜ੍ਹ, ਦਿੱਲੀ, ਪੂਰਬੀ ਰਾਜਸਥਾਨ, ਪੂਰਬੀ ਮੱਧ ਪ੍ਰਦੇਸ਼, ਉੜੀਸਾ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਕੋਂਕਣ-ਗੋਆ, ਗੁਜਰਾਤ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਯਨਮ, ਤੱਟਵਰਤੀ ਕਰਨਾਟਕ, ਕੇਰਲ ਅਤੇ ਮਹੇ ਦੇ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਪੈ ਸਕਦਾ ਹੈ। ਉਧਰ, ਘੱਗਰ ਅਤੇ ਸਤਲੁਜ ਦਰਿਆਵਾਂ ਤੋਂ ਇਲਾਵਾ ਸਰਹਿੰਦ ਨਹਿਰ ’ਚ ਪਾਣੀ ਦਾ ਪੱਧਰ ਇਕਦਮ ਵਧਣ ਕਾਰਨ ਕਈ ਜ਼ਿਲ੍ਹਿਆਂ ਵਿਚ ਹਾਲਾਤ ਬੇਕਾਬੂ ਹੋ ਗਏ ਹਨ। ਰੋਪੜ, ਪਟਿਆਲਾ, ਫ਼ਤਿਹਗੜ੍ਹ ਸਾਹਿਬ ਅਤੇ ਮੁਹਾਲੀ ਜ਼ਿਲ੍ਹਿਆਂ ਦਾ ਵੱਡਾ ਹਿੱਸਾ ਪਾਣੀ ਵਿਚ ਡੁੱਬ ਗਿਆ ਹੈ।

ਵੇਰਵਿਆਂ ਅਨੁਸਾਰ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿਚ ਕਰੀਬ 100 ਤੋਂ ਜ਼ਿਆਦਾ ਪਿੰਡ ਖ਼ਾਲੀ ਕਰਵਾਏ ਜਾ ਰਹੇ ਹਨ। ਕੌਮੀ ਆਫ਼ਤ ਪ੍ਰਬੰਧਨ ਬਲ ਦੀਆਂ 14 ਟੀਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਜਦੋਂ ਕਿ ਪਟਿਆਲਾ ਜ਼ਿਲ੍ਹੇ ਵਿਚ ਫ਼ੌਜ ਦੀ ਮਦਦ ਲਈ ਗਈ ਹੈ।