ਫ਼ਿਰੋਜ਼ਾਬਾਦ – ਫ਼ਿਰੋਜ਼ਾਬਾਦ ਦੇ ਪਦਮ ਕਸਬੇ ‘ਚ ਮੰਗਲਵਾਰ ਸ਼ਾਮ ਨੂੰ ਭਿਆਨਕ ਅੱਗ ਲੱਗ ਗਈ। ਅੱਗ ਸ਼ਾਮ 6.30 ਵਜੇ ਬੇਸਮੈਂਟ ‘ਚ ਫਰਨੀਚਰ ਦੇ ਸ਼ੋਅਰੂਮ ‘ਚ ਲੱਗੀ ਅਤੇ ਤੀਜੀ ਮੰਜ਼ਿਲ ‘ਤੇ ਸਥਿਤ ਰਿਹਾਇਸ਼ ਤੱਕ ਪਹੁੰਚ ਗਈ। ਪਰਿਵਾਰ ਦੇ ਮੈਂਬਰ ਅੱਗ ਦੀ ਲਪੇਟ ‘ਚ ਆ ਗਏ। ਅੱਗ ‘ਤੇ ਕਾਬੂ ਪਾਉਣ ‘ਚ ਫਾਇਰ ਬ੍ਰਿਗੇਡ ਨੂੰ 3 ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਅੱਗ ਲੱਗਣ ਕਾਰਨ ਵਪਾਰੀ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ, ਜਦੋਂ ਕਿ 3 ਗੰਭੀਰ ਜ਼ਖ਼ਮੀ ਹੋ ਗਏ।
ਰਮਨ ਰਾਜਪੂਤ ਦਾ ਕਸਬਾ ਪਦਮ ਦੇ ਮੇਨ ਬਾਜ਼ਾਰ ਵਿੱਚ 3 ਮੰਜ਼ਿਲਾ ਮਕਾਨ ਹੈ। ਮੰਗਲਵਾਰ ਸ਼ਾਮ 6.30 ਵਜੇ ਬੇਸਮੈਂਟ ‘ਚ ਫਰਨੀਚਰ ਦੇ ਸ਼ੋਅਰੂਮ ‘ਚ ਅੱਗ ਲੱਗ ਗਈ। ਫਰਨੀਚਰ ਨੂੰ ਲੱਗੀ ਅੱਗ ਤੇਜ਼ੀ ਨਾਲ ਫੈਲ ਕੇ ਉਪਰਲੇ ਹਿੱਸੇ ਤੱਕ ਪਹੁੰਚ ਗਈ। ਅੱਗ ਲੱਗਦੇ ਹੀ ਕਾਰੋਬਾਰੀ ਰਮਨ ਰਾਜਪੂਤ ਅਤੇ ਉਸ ਦਾ ਛੋਟਾ ਬੇਟਾ ਨਿਤਿਨ ਘਰੋਂ ਬਾਹਰ ਆ ਗਏ ਪਰ ਪਰਿਵਾਰ ਦੇ ਬਾਕੀ ਮੈਂਬਰ ਬਾਹਰ ਨਹੀਂ ਨਿਕਲ ਸਕੇ।
ਆਸ-ਪਾਸ ਦੇ ਲੋਕਾਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। ਅੱਗ ਦੀਆਂ ਲਪਟਾਂ ਦੇਖ ਲੋਕਾਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਘਟਨਾ ਬਾਰੇ ਸੂਚਨਾ ਮਿਲਣ ‘ਤੇ DMC ਅਤੇ SSP ਦੇ ਨਾਲ ਸ਼ਿਕੋਹਾਬਾਦ ਅਤੇ ਜਸਰਾਣਾ ਸਰਕਲ ਦੀ ਫੋਰਸ ਵੀ ਮੌਕੇ ‘ਤੇ ਪਹੁੰਚ ਗਈ।
ਜਾਣਕਾਰੀ ਮੁਤਾਬਕ ਮਰਨ ਵਾਲਿਆਂ ‘ਚ ਔਰਤਾਂ ਅਤੇ ਬੱਚੇ ਸ਼ਾਮਲ ਹਨ। ਉਨ੍ਹਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਘਰ ਵਿੱਚ ਇਨਵਰਟਰ ਬਣਾਉਣ ਦਾ ਕੰਮ ਹੁੰਦਾ ਸੀ। ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ ਸੀ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਰੀਬ 7 ਗੱਡੀਆਂ ਦੇਰ ਰਾਤ ਤੱਕ ਇਸ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ।
ਦੱਸ ਦੇਈਏ ਕਿ ਟੀਮ ਨੇ ਘਰ ਦੇ ਅੰਦਰੋਂ 6 ਲਾਸ਼ਾਂ ਬਰਾਮਦ ਕੀਤੀਆਂ ਹਨ। ਮ੍ਰਿਤਕਾਂ ਦੀ ਪਛਾਣ ਮਨੋਜ ਕੁਮਾਰ ਰਮਨਪ੍ਰਕਾਸ਼ (35), ਨੀਰਜ ਪਤਨੀ ਮਨੋਜ ਕੁਮਾਰ (35), ਹਰਸ਼ ਪੁੱਤਰ ਮਨੋਜ ਕੁਮਾਰ (12), ਭਰਤ ਪੁੱਤਰ ਮਨੋਜ (8), ਸ਼ਿਵਾਨੀ ਪਤਨੀ ਨਿਤਿਨ (32), ਤੇਜਸਵੀ ਪੁੱਤਰੀ ਨਿਤਿਨ (3 ਮਹੀਨੇ) ਵਜੋਂ ਹੋਈ ਹੈ।
ਅੱਗ ਦੀ ਘਟਨਾ ਦਾ ਨੋਟਿਸ ਲੈਂਦਿਆਂ CM ਯੋਗੀ ਆਦਿਤਿਆਨਾਥ ਨੇ ਅਧਿਕਾਰੀਆਂ ਨੂੰ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਜਲਦੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਹਾਦਸੇ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦੇ ਨਿਰਦੇਸ਼ ਵੀ ਦਿੱਤੇ ਹਨ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।