Ottawa- ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਦੇ ਸਪੀਕਰ ਨੇ ਐਤਵਾਰ ਨੂੰ ਸੰਸਦ ਦੀ ਬੈਠਕ ਦੌਰਾਨ ਇੱਕ ਅਜਿਹੇ ਵਿਅਕਤੀ ਦੀ ਸ਼ਲਾਘਾ ਕਰਨ ਲਈ ਮੁਆਫ਼ੀ ਮੰਗੀ ਹੈ, ਜਿਸ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਇਕਾਈ ’ਚ ਕੰਮ ਕੀਤਾ ਸੀ। ਦੋ ਦਿਨ ਪਹਿਲਾਂ, ਸਪੀਕਰ ਐਂਟਨੀ ਰੋਟਾ ਨੇ ਕੈਨੇਡੀਆਈ ਸੰਸਦ ਦੇ ਸਾਹਮਣੇ 98 ਸਾਲਾ ਯਾਰੋਸਲਾਵ ਹੁੰਕਾ ਨੂੰ ‘ਯੂਕਰੇਨੀ ਨਾਇਕ’ ਦੇ ਤੌਰ ’ਤੇ ਮਾਨਤਾ ਦਿੱਤੀ ਸੀ।
ਮੁਆਫ਼ੀ ਦੀ ਮੰਗ ਕਰਨ ਵਾਲੇ ਯਹੂਦੀ ਮਨੁੱਖੀ ਅਧਿਕਾਰ ਸਮੂਹ ਫਰੈਂਡਜ਼ ਆਫ਼ ਸਾਈਮਨ ਵਿਸੈਂਥਲ ਸੈਂਟਰ ਮੁਤਾਬਕ ਹੁੰਕਾ ਨੇ ਦੂਜੇ ਵਿਸ਼ਵ ਯੁੱਧ ’ਚ ਐੱਸ. ਐੱਫ. ਦੇ 14ਵੇਂ ਵੈਫੇਨ ਗ੍ਰੇਨੇਡੀਅਰ ਡਿਵੀਜ਼ਨ ਦੇ ਮੈਂਬਰ ਵਜੋਂ ਸੇਵਾ ਨਿਭਾਈ ਸੀ। ਸਪੀਕਰ ਰੋਟਾ ਨੇ ਇੱਕ ਬਿਆਨ ’ਚ ਇਸ ਪਹਿਲ ਨੂੰ ਪੂਰੀ ਤਰ੍ਹਾਂ ਆਪਣੀ ਦੱਸਦਿਆਂ ਇਸ ਦੀ ਜ਼ਿੰਮੇਵਾਰੀ ਲਈ। ਉਨ੍ਹਾਂ ਨੇ ਕਿਹਾ ਕਿ ਬਾਅਦ ’ਚ ਮੈਨੂੰ ਇਸ ਬਾਰੇ ਵਧੇਰੇ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਮੈਨੂੰ ਆਪਣੇ ਫ਼ੈਸਲੇ ’ਤੇ ਪਛਤਾਵਾ ਹੋਇਆ। ਉਨ੍ਹਾਂ ਯਹੂਦੀ ਭਾਈਚਾਰਿਆਂ ਨਾਲ ਡੂੰਘੇ ਪਛਾਤਵਾ ਪ੍ਰਗਟ ਕੀਤਾ।
ਰੋਟਾ ਨੇ ਆਪਣੇ ਬਿਆਨ ’ਚ ਕਿਹਾ ਕਿ ਸਾਥੀ ਸੰਸਦ ਮੈਂਬਰਾਂ ਜਾਂ ਯੂਕਰੇਨੀ ਵਫ਼ਦ ਸਮੇਤ ਕਿਸੇ ਨੂੰ ਵੀ ਉਨ੍ਹਾਂ ਦੀ ਯੋਜਨਾਵਾਂ ਜਾਂ ਟਿੱਪਣੀਆਂ ਦੇ ਬਾਰੇ ’ਚ ਪਹਿਲਾਂ ਜਾਣਕਾਰੀ ਨਹੀਂ ਸੀ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਤਾਰੀਫ਼ ਦਾ ਇਹ ਮਾਮਲੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਦੀ ਕੈਨੇਡਾ ਫੇਰੀ ਨਾਲ ਜੁੜਿਆ ਹੈ। ਉਨ੍ਹਾਂ ਨੇ ਕੈਨੇਡੀਅਨ ਸੰਸਦ ’ਚ ਯੁੱਧ ਦੌਰਾਨ ਰੂਸ ਦੇ ਵਿਰੁੱਧ ਸਹਾਇਤਾ ਲਈ ਕੈੈਨੇਡਾ ਦਾ ਧੰਨਵਾਦ ਕੀਤਾ। ਜ਼ੈਲੈਂਸਕੀ ਦੀਆਂ ਟਿੱਪਣੀਆਂ ਮਗਰੋਂ ਰੋਟਾ ਨੇ ਗੈਲਰੀ ’ਚ ਬੈਠੇ ਹੰਕਾ ਦੀ ਪ੍ਰਸ਼ਾਸਾ ਕੀਤੀ ਅਤੇ ਰੂਸੀਆਂ ਵਿਰੁੱਧ ਯੂਕਰੇਨੀ ਸੁਤੰਤਰਤਾ ਲਈ ਲੜਨ ਲਈ ਉਨ੍ਹਾਂ ਦੀ ਤਾਰੀਫ਼ ਕੀਤੀ। ਹੁੰਕਾ ਨੂੰ ਇਕੱਠੇ ਹੋਏ ਲੋਕਾਂ ਵਲੋਂ ਦੋ ਵਾਰ ਖੜ੍ਹੇ ਹੋ ਕੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਗਈ।
ਫਰੈਂਡਜ਼ ਆਫ਼ ਸਾਈਮਨ ਵਿਸੈਂਥਲ ਸੈਂਟਰ ਨੇ ਐਤਵਾਰ ਨੂੰ ਮੁਆਫ਼ੀ ਦੀ ਮੰਗ ਕਰਦਿਆਂ ਇੱਕ ਬਿਆਨ ’ਚ ਕਿਹਾ ਕਿ ਕੈਨੇਡਾ ਦੀ ਸੰਸਦ ਨੂੰ ਇੱਕ ਅਜਿਹੇ ਵਿਅਕਤੀ ਦੀ ਸ਼ਲਾਘਾ ਕਰਿਦਆਂ ਦੇਖਣਾ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਹੈ, ਜਿਹੜਾ ਯਹੂਦੀਆਂ ਅਤੇ ਹੋਰਨਾਂ ਲੋਕਾਂ ਦੀ ਹੱਤਿਆ ਲਈ ਜ਼ਿੰਮੇਵਾਰ ਨਾਜ਼ੀ ਫੌਜ ਵੇਫੇਨ-ਐੱਸ. ਐੱਸ. ਦੀ ਇੱਕ ਯੂਨਿਟ ਦਾ ਮੈਂਬਰ ਸੀ। ਸਮੂਹ ਨੇ ਕਿਹਾ ਕਿ ਇਸ ਗੱਲ ਦਾ ਸਪੱਸ਼ਟੀਕਰਨ ਦਿੱਤਾ ਜਾਣਾ ਚਾਹੀਦਾ ਹੈ ਕਿ ਇਹ ਵਿਅਕਤੀ ਕੈਨੇਡੀਅਨ ਸੰਸਦ ਦੇ ਅੰਦਰ ਕਿਵੇਂ ਦਾਖ਼ਲ ਹੋਇਆ ਅਤੇ ਉਸ ਨੇ ਸਦਨ ਦੇ ਪ੍ਰਧਾਨ ਵਲੋਂ ਮਾਨਤਾ ਦਿੱਤੀ ਗਈ ਅਤੇ ਉਸ ਦੇ ਸਨਮਾਨ ’ਚ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ ਗਈਆਂ।