ਲੰਡਨ ਵਿਖੇ ਘਰ ’ਚੋਂ ਮਿਲੀਆਂ ਦੋ ਲਾਸ਼ਾਂ, ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ

London- ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓਪੀਪੀ) ਨੇ ਲੰਡਨ ਦੇ ਦੱਖਣ ’ਚ ਇੱਕ ਘਰ ’ਚ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਲਾਸ਼ਾਂ ਬੁੱਧਵਾਰ ਸਵੇਰੇ ਉਦੋਂ ਮਿਲੀਆਂ, ਜਦੋਂ ਸੈਂਟਰਲ ਐਲਗਿਨ ਕਾਊਂਟੀ ’ਚ ਕਵੇਕਰ ਆਰਡੀ ਅਤੇ ਚੈਸਟਨਟ ਗਰੋਵ ਆਰਡੀ ਦੇ ਵਿਚਕਾਰ ਰੌਬਰਟਸ ਲਾਈਨ ’ਤੇ ਸਥਿਤ ਇੱਕ ਰਿਹਾਇਸ਼ ’ਚ ਐਮਰਜੈਂਸੀ ਸੇਵਾਵਾਂ ਨੇ ਪ੍ਰਤੀਕਿਰਿਆ ਦਿੱਤੀ। ਪੁਲਿਸ ਵਲੋਂ ਮਿ੍ਰਤਕਾਂ ਦੀ ਪਹਿਚਾਣ ਨੂੰ ਲੈ ਕੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ ਅਤੇ ਨਾ ਹੀ ਪੁਲਿਸ ਨੇ ਦੋਹਾਂ ਦੀ ਮੌਤ ਦੇ ਕਾਰਨਾਂ ਨੂੰ ਲੈ ਕੋਈ ਟਿੱਪਣੀ ਕੀਤੀ ਹੈ।
ਕਾਂਸਟੇਬਲ ਬ੍ਰੈਟ ਫੇਅਰ ਨੇ ਕਿਹਾ, ‘‘ਇਸ ਸਮੇਂ ਅਸੀਂ ਬਸ ਇੰਨਾ ਹੀ ਖ਼ੁਲਾਸਾ ਕਰ ਸਕਦੇ ਹਾਂ।’’ ਉਨ੍ਹਾਂ ਅੱਗੇ ਆਖਿਆ, ‘‘ਜਿਵੇਂ ਹੀ ਅੱਪਡੇਟ ਉਪਲੱਬਧ ਹੋਣਗੇ, ਅਸੀਂ ਦੱਸ ਦੇਵਾਂਗੇ।’’ ਐਲਗਿਨ ਕਾਊਂਟੀ ਓਪੀਪੀ ਕ੍ਰਾਈਮ ਯੂਨਿਟ ਦੇ ਮੈਂਬਰ OPP ਵੈਸਟ ਰੀਜਨ ਕ੍ਰਿਮੀਨਲ ਓਪਰੇਸ਼ਨਜ਼ ਅਤੇ OPP ਫੋਰੈਂਸਿਕ ਆਈਡੈਂਟੀਫਿਕੇਸ਼ਨ ਸੇਵਾਵਾਂ ਦੀ ਸਹਾਇਤਾ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਨ੍ਹਾਂ ਮੌਤਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ।