ਅਮਰੀਕਾ ’ਚ Hurricane Idalia ਦੀ ਦਸਤਕ, ਫਲੋਰੀਡਾ ’ਚ ਮਚੀ ਭਿਆਨਕ ਤਬਾਹੀ

Washington- ਤੂਫ਼ਾਨ ਇਡਾਲੀਆ ਨੇ ਬੁੱਧਵਾਰ ਨੂੰ ਫਲੋਰੀਡਾ ’ਚ ਤੇਜ਼ ਗਤੀ ਨਾਲ ਚੱਲਣ ਵਾਲੀ ਇੱਕ ਟਰੇਨ ਦੇ ਵਾਂਗ ਵਗਣ ਵਾਲੀਆਂ ਹਵਾਵਾਂ ਦੇ ਨਾਲ ਭਿਆਨਕ ਤਬਾਹੀ ਮਚਾਈ। ਇਹ ਤੂਫ਼ਾਨ ਇੰਨਾ ਭਿਆਨਕ ਸੀ ਕਿ ਕਈ ਥਾਵਾਂ ’ਤੇ ਇਸ ਨੇ ਦਰਖ਼ਤਾਂ ਨੂੰ ਵਿਚਾਲਿਓਂ ਚੀਰ ਦਿੱਤਾ, ਘਰਾਂ ਤੇ ਹੋਟਲਾਂ ਦੀਆਂ ਛੱਤਾਂ ਉਡਾ ਦਿੱਤੀਆਂ, ਜਦਕਿ ਕਈ ਕਾਰਾਂ ਨੂੰ ਛੋਟੀਆਂ ਕਿਸ਼ਤੀਆਂ ’ਚ ਤਬਦੀਲ ਕਰ ਦਿੱਤਾ। ਫਲੋਰਿਡਾ ਤਬਾਹੀ ਮਚਾਉਣ ਮਗਰੋਂ ਹੁਣ ਇਹ ਤੂਫ਼ਾਨ ਜਾਰਜੀਆ ਵੱਲ ਵਧ ਗਿਆ ਹੈ।
ਤੂਫ਼ਾਨ ਇਡਾਲੀਆ ਨੇ ਬੁੱਧਵਾਰ ਸਵੇਰੇ ਕਰੀਬ 7.45 ਵਜੇ ਫਲੋਰੀਡਾ ਦੇ ਬਿਗ ਬੈਂਡ ਖੇਤਰ ’ਚ ਦਸਤਕ ਦਿੱਤੀ। ਇਸ ਮਗਰੋਂ ਇੱਥੇ 125 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਨਿਰੰਤਰ ਹਵਾਵਾਂ ਵਗੀਆਂ ਅਤੇ ਭਾਰੀ ਮੀਂਹ ਪਿਆ। ਮੀਂਹ ਦੇ ਚੱਲਦਿਆਂ ਫਲੋਰੀਡਾ ’ਚ ਕਈ ਥਾਈਂ ਹੜ੍ਹ ਆ ਗਿਆ ਹੈ। ਇਸ ਬਾਰੇ ’ਚ ਸਿਟੀ ਕੌਂਸਲ ਦੇ ਮੈਂਬਰ ਕੇਨ ਫਰਿੰਕ ਨੇ ਕਿਹਾ ਕਿ ਫਲੋਰੀਡਾ ਦੀ ਕ੍ਰਿਸਟਲ ਨਦੀ ’ਚ ਬੇਸ਼ੱਕ ਪਾਣੀ ਦਾ ਪੱਧਰ ਘੱਟ ਰਿਹਾ ਹੈ ਪਰ ਇੱਕ ਉੱਚ ਲਹਿਰ ਦੀ ਉਮੀਦ ਅਜੇ ਵੀ ਹੈ, ਜਿਸ ਨਾਲ ਕਿ ਮੌਜੂਦਾ ਹੜ੍ਹ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ। ਉਨ੍ਹਾਂ ਕਿਹਾ, ‘‘ਇਸ ਸਮੇਂ ਇਹ ਵਿਨਾਸ਼ਕਾਰੀ ਘਟਨਾ ਹੈ। ਸਾਡੇ ਆਲੇ-ਦੁਆਲੇ ਦੇ ਸਾਰੇ ਘਰ ਪਾਣੀ ਦੇ ਹੇਠਾਂ ਹਨ।’’
ਉੱਧਰ ਪਾਸਕੋ ਕਾਊਂਟੀ ਐਮਰਜੈਂਸੀ ਮੈਨੇਜਮੈਂਟ ਦੀ ਸਹਾਇਕ ਡਾਇਰਕੈਟਰ ਲੌਰਾ ਵਿਲਕੋਕਸਨ ਨੇ ਦੱਸਿਆ ਕਿ ਇਸ ਤੂਫ਼ਾਨ ਕਾਰਨ ਫਲੋਰੀਡਾ ’ਚ ਭਾਰੀ ਨੁਕਸਾਨ ਹੋਇਆ ਹੈ। ਤੂਫ਼ਾਨ ਮਗਰੋਂ ਆਏ ਹੜ੍ਹ ਦੇ ਕਾਰਨ 18 ਇੰਚ ਜਾਂ ਇਸ ਤੋਂ ਵਧੇਰੇ ਪਾਣੀ ਘਰਾਂ ’ਚ ਚਲਾ ਗਿਆ ਹੈ। ਬੁੱਧਵਾਰ ਦੁਪਹਿਰ ਤੱਕ 70 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਦੇ ਕਾਰਨ ਇਹ ਇੱਕ ਕਮਜ਼ੋਰ ਗਰਮ ਖੰਡੀ ਤੂਫ਼ਾਨ ’ਚ ਤਬਦੀਲ ਹੋ ਗਿਆ। ਬੇਸ਼ੱਕ ਦੇ ਕਮਜ਼ੋਰ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਪਰ ਅਜੇ ਵੀ ਇਹ ਦੱਖਣੀ ਜਾਰਜੀਆ ਅਤੇ ਕੈਰੋਲੀਨਾਸ ਦੇ ਕਈ ਹਿੱਸਿਆਂ ’ਚ ਸ਼ਕਤੀਸ਼ਾਲੀ ਹਵਾਵਾਂ ਦੇ ਨਾਲ ਤੀਬਰ ਹੜ੍ਹ ਲਿਆ ਸਕਦਾ ਹੈ। ਨੈਸ਼ਨਲ ਹਰੀਕੇਨ ਸੈਂਟਰ ਵਲੋਂ ਇਹ ਚਿਤਾਵਨੀ ਦਿੱਤੀ ਗਈ ਹੈ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਤੂਫ਼ਾਨ ਕਾਰਨ ਤਬਾਹ ਹੋਏ ਫਲੋਰੀਡਾ ’ਚ ਬੇਸ਼ੱਕ ਆਸਮਾਨ ਸਾਫ਼ ਹੋ ਸਕਦਾ ਹੈ ਪਰ ਖ਼ਤਰਾ ਅਜੇ ਟਲਿਆ ਨਹੀਂ ਹੈ।
ਤੂਫ਼ਾਨ ਦੇ ਦਸਤਕ ਦੇਣ ਮਗਰੋਂ ਫਲੋਰੀਡਾ ਅਤੇ ਜਾਰਜੀਆ ’ਚ ਕਈ ਥਾਈਂ ਬਿਜਲੀ ਸਪਲਾਈ ਠੱਪ ਹੋ ਗਈ। PowerOutage.us ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਫਲੋਰੀਡਾ ’ਚ 275,000 ਅਤੇ ਜਾਰਜੀਆ ’ਚ 123,000 ਘਰਾਂ ਦੀ ਬੱਤੀ ਗੁੱਲ ਹੋ ਚੁੱਕੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਤੂਫ਼ਾਨ ਕਾਰਨ ਹੋਏ ਨੁਕਸਾਨ ਦਾ ਅੰਦਾਜ਼ਾ ਮੌਸਮ ਦੇ ਸਾਫ਼ ਹੋਣ ਮਗਰੋਂ ਹੀ ਲਾਇਆ ਜਾ ਸਕਦਾ ਹੈ ਪਰ ਪ੍ਰਭਾਵਿਤ ਇਲਾਕਿਆਂ ’ਚ ਰਾਹਤ ਅਤੇ ਬਚਾਅ ਕਾਰਜ ਆਰੰਭ ਕਰ ਦਿੱਤੇ ਗਏ ਹਨ। ਤੂਫ਼ਾਨ ਕਾਰਨ ਕੁਝ ਥਾਵਾਂ ’ਤੇ ਸੜਕ ਹਾਦਸਿਆਂ ਦੀ ਜਾਣਕਾਰੀ ਮਿਲੀ ਹੈ ਪਰ ਇਸ ਕਾਰਨ ਅਜੇ ਤੱਕ ਕਿਸੇ ਨੁਕਸਾਨ ਬਾਰੇ ਕੋਈ ਖ਼ਬਰ ਨਹੀਂ ਆਈ ਹੈ।