ਅਮਰੀਕੀ ਸ਼ਹਿਰ ਕਲਾਰਕਸਵਿਲੇ ’ਚ ਹੋਈ ਗੋਲੀਬਾਰੀ ਦੌਰਾਨ 4 ਪੁਲਿਸ ਅਧਿਕਾਰੀ ਜ਼ਖ਼ਮੀ, ਦੋ ਦੀ ਮੌਤ

Clarksville – ਅਮਰੀਕੀ ਸ਼ਹਿਰ ਕਲਾਰਕਸਵਿਲੇ ’ਚ ਪੁਲਿਸ ਨਾਲ ਹੋਈ ਗੋਲੀਬਾਰੀ ਦੌਰਾਨ ਦੋ ਵਿਅਕਤੀ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਚਾਰ ਪੁਲਿਸ ਕਰਮਚਾਰੀ ਅਤੇ ਇੱਕ ਬੰਧਕ ਸ਼ਾਮਿਲ ਹਨ। ਟੈਨੇਸੀ ਬਿਊਰੋ ਆਫ਼ ਇਨਵੈਸੀਟਗੇਸ਼ਨ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਘਟਨਾ ਬਾਰੇ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਅਧਿਕਾਰੀ ਯੂਨੀਅਨ ਹਿੱਲ ਰੋਡ ਅਤੇ ਵ੍ਹਾਈਟ ਓਕ ਡਰਾਈਵ ’ਤੇ ਪੈਡਾਕ ਪਲੇਸ ਅਪਾਰਟਮੈਂਟ ’ਚ ਗੰਭੀਰ ਚੋਰੀ ਦੇ ਦੋਸ਼ ’ਚ ਦੋ ਭਰਾਵਾਂ ਬ੍ਰੈਂਡਨ ਗ੍ਰੀਨ (31) ਅਤੇ ਲਿਓਨਾਰਡ ਗ੍ਰੀਨ (33) ਲਈ ਗਿ੍ਰਫ਼ਤਾਰੀ ਵਾਰੰਟ ਲਾਗੂ ਕਰਨ ਦਾ ਯਤਨ ਕਰ ਰਹੇ ਸਨ। ਟੀ. ਬੀ. ਆਈ. ਮੁਤਾਬਕ ਇਸ ਮਗਰੋਂ ਦੋਹਾਂ ਭਰਾਵਾਂ ਨੇ ਇੱਕ ਬੰਧਕ ਸਣੇ ਖ਼ੁਦ ਨੂੰ ਕਈ ਘੰਟਿਆਂ ਤੱਕ ਅਪਾਰਟਮੈਂਟ ਦੇ ਕਮਰੇ ’ਚ ਕੈਦ ਕਰ ਲਿਆ। ਪੁਲਿਸ ਅਧਿਕਾਰੀ ਕਈ ਘੰਟਿਆਂ ਤੱਕ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਜਦੋਂ ਗੱਲ ਨਾ ਬਣੀ ਤਾਂ ਮੰਗਲਵਾਰ ਰਾਤ ਉਨ੍ਹਾਂ ਨੇ ਜ਼ਬਰਤਦਸਤੀ ਅਪਾਰਟਮੈਂਟ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਹਾਂ ਭਰਾਵਾਂ ਨੇ ਪੁਲਿਸ ਵੱਲ ਨੂੰ ਕਈ ਗੋਲੀਆਂ ਚਲਾਈਆਂ, ਜਿਨ੍ਹਾਂ ’ਚੋਂ ਇੱਕ ਗੋਲੀ ਪੁਲਿਸ ਅਧਿਕਾਰੀ ਦੇ ਪੈਰ ’ਚ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਸ ਮਗਰੋਂ ਜਦੋਂ ਪੁਲਿਸ ਵਲੋਂ ਗੋਲੀਬਾਰੀ ਕੀਤੀ ਗਈ ਤਾਂ ਦੋਹਾਂ ਗ੍ਰੀਨ ਭਰਾਵਾਂ ਦੀ ਮੌਤ ਹੋ ਗਈ ਅਤੇ ਇਸ ਟਕਰਾਅ ਦੌਰਾਨ ਕੁੱਲ ਮਿਲਾ ਕੇ ਚਾਰ ਪੁਲਿਸ ਅਧਿਕਾਰੀ ਤੇ ਇੱਕ ਬੰਧਕ ਜ਼ਖ਼ਮੀ ਹੋ ਗਿਆ। ਹਾਲਾਂਕਿ ਸਾਰੇ ਜ਼ਖ਼ਮੀਆਂ ਦੀ ਸਥਿਤੀ ਖ਼ਤਰੇ ਤੋਂ ਬਾਹਰ ਹੈ। ਟੀ. ਬੀ. ਆਈ. ਦਾ ਕਹਿਣਾ ਹੈ ਕਿ ਉਸ ਵਲੋਂ ਉਨ੍ਹਾਂ ਘਟਨਾਵਾਂ ਦੀ ਲੜੀਵਾਰ ਜਾਂਚ ਕੀਤੀ ਜਾਵੇਗੀ, ਜਿਨ੍ਹਾਂ ਦੇ ਕਾਰਨ ਇਹ ਗੋਲੀਬਾਰੀ ਹੋਈ।