ਪਹਿਲਵਾਨ ਅੰਸ਼ੂ ਮਲਿਕ ਨੇ ਭਾਰਤ ਦਾ ਨਾਂਅ ਰੌਸ਼ਨ ਕੀਤਾ

ਨਵੀਂ ਦਿੱਲੀ : ਭਾਰਤੀ ਮਹਿਲਾ ਪਹਿਲਵਾਨ ਅੰਸ਼ੂ ਮਲਿਕ ਨੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ। ਦੱਸ ਦੇਈਏ ਕਿ ਅੰਸ਼ੂ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।

ਉਹ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ। 20 ਸਾਲਾ ਅੰਸ਼ੂ ਨੇ ਮਹਿਲਾ 57 ਕਿਲੋਗ੍ਰਾਮ ਦੇ ਸੈਮੀਫਾਈਨਲ ਵਿਚ ਯੂਰਪੀਅਨ ਚਾਂਦੀ ਤਮਗਾ ਜੇਤੂ ਯੂਕਰੇਨ ਦੀ ਸੋਲੋਮਿਆ ਵਿਨਿਕ ਨੂੰ ਹਰਾਇਆ।

ਕੈਡੇਟ ਵਿਸ਼ਵ ਚੈਂਪੀਅਨ ਅਤੇ ਜੂਨੀਅਰ ਵਿਸ਼ਵ ਚਾਂਦੀ ਤਮਗਾ ਜੇਤੂ ਅੰਸ਼ੂ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣ ਵਾਲੇ 2010 ਦੇ ਚੈਂਪੀਅਨ ਸੁਸ਼ੀਲ ਕੁਮਾਰ ਅਤੇ 2018 ਦੇ ਚਾਂਦੀ ਦੇ ਤਮਗਾ ਜੇਤੂ ਬਜਰੰਗ ਪੁਨੀਆ ਤੋਂ ਬਾਅਦ ਤੀਜੇ ਭਾਰਤੀ ਬਣ ਗਏ ਹਨ।

ਅੰਸ਼ੂ ਤੋਂ ਇਲਾਵਾ, ਭਾਰਤੀ ਮਹਿਲਾ ਪਹਿਲਵਾਨ ਜਿਨ੍ਹਾਂ ਨੇ ਕਾਂਸੀ ਦੇ ਤਗਮੇ ਜਿੱਤੇ ਹਨ ਉਹ ਹਨ ਗੀਤਾ ਫੋਗਟ (2012), ਬਬੀਤਾ ਫੋਗਟ (2012), ਪੂਜਾ ਢਾਂਡਾ (2018) ਅਤੇ ਵਿਨੇਸ਼ ਫੋਗਟ (2019)।

ਅੰਸ਼ੂ ਮਲਿਕ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਨਿਦਾਨੀ ਪਿੰਡ ਦੀ ਰਹਿਣ ਵਾਲੀ ਹੈ, ਜੋ ਪਹਿਲਵਾਨਾਂ ਅਤੇ ਮੁੱਕੇਬਾਜ਼ਾਂ ਲਈ ਮਸ਼ਹੂਰ ਪਿੰਡ ਹੈ। 2012 ਵਿਚ, ਅੰਸ਼ੂ ਨੇ ਆਪਣੇ ਭਰਾ ਸ਼ੁਭਮ ਨੂੰ ਪਿੰਡ ਦੇ ਸੀਬੀਐਸਐਮ ਸਪੋਰਟਸ ਸਕੂਲ ਵਿਚ ਵੇਖਣ ਤੋਂ ਬਾਅਦ ਕੁਸ਼ਤੀ ਵਿਚ ਆਪਣਾ ਹੱਥ ਅਜ਼ਮਾਉਣਾ ਸ਼ੁਰੂ ਕੀਤਾ।

ਉਸ ਨੇ 2016 ਵਿਚ ਤਾਈਵਾਨ ਵਿਚ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਅਤੇ ਉਸੇ ਸਾਲ ਜਾਰਜੀਆ ਵਿਚ ਵਿਸ਼ਵ ਕੈਡੇਟ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਿਆ।

ਅੰਸ਼ੂ ਦੇ ਪਿਤਾ ਧਰਮਵੀਰ ਵੀ ਸਾਬਕਾ ਪਹਿਲਵਾਨ ਹਨ ਅਤੇ ਉਨ੍ਹਾਂ ਨੇ 1990 ਦੇ ਦਹਾਕੇ ਵਿਚ ਜੂਨੀਅਰ ਕੁਸ਼ਤੀ ਟੀਮ ਵਿਚ ਭਾਰਤ ਲਈ ਕੁਸ਼ਤੀ ਕੀਤੀ ਸੀ। ਗੋਡੇ ਦੀ ਸੱਟ ਕਾਰਨ ਧਰਮਵੀਰ ਨੂੰ ਆਪਣਾ ਪੇਸ਼ੇਵਰ ਕੁਸ਼ਤੀ ਕਰੀਅਰ ਛੱਡਣ ਲਈ ਮਜਬੂਰ ਹੋਣਾ ਪਿਆ ਸੀ ਪਰ ਹੁਣ ਉਸ ਦੀ ਧੀ ਉਸ ਦੇ ਸੁਪਨੇ ਸਾਕਾਰ ਕਰ ਰਹੀ ਹੈ।

ਟੀਵੀ ਪੰਜਾਬ ਬਿਊਰੋ