ਇਜ਼ਰਾਈਲ-ਹਮਾਸ ਜੰਗ ਨੂੰ ਲੈ ਕੇ ਟਰੂਡੋ ਵਲੋਂ ਹੋਰਨਾਂ ਦਲਾਂ ਦੇ ਨੇਤਾਵਾਂ ਨਾਲ ਬੈਠਕ

Ottawa- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਹੋਰ ਪਾਰਟੀਆਂ ਦੇ ਸੀਨੀਅਰ ਮੈਂਬਰਾਂ ਨਾਲ ਇਜ਼ਰਾਈਲ-ਹਮਾਸ ਸੰਘਰਸ਼ ’ਤੇ ਕੈਨੇਡਾ ਦੇ ਦ੍ਰਿਸ਼ਟੀਕੋਣ ਬਾਰੇ ਚਰਚਾ ਕਰਨ ਲਈ ਬੈਠਕ ਕੀਤੀ। ਬਲਾਕ ਕਿਊਬੇਕੋਇਸ ਦੇ ਆਗੂ ਯਵੇਸ-ਫਰੈਂਕੋਇਸ ਬਲੈਂਚੇਟ ਨੇ ਫਰੈਂਚ ’ਚ ਪੱਤਰਕਾਰਾਂ ਨੂੰ ਦੱਸਿਆ ਕਿ ਟਰੂਡੋ ਅਤੇ ਉਨ੍ਹਾਂ ਦੇ ਦਲ ਵਲੋਂ ਮੀਟਿੰਗ ਬਹੁਤ ਹੀ ਸਪੱਸ਼ਟ ਤਰੀਕੇ ਨਾਲ ਆਯੋਜਿਤ ਕੀਤੀ ਗਈ ਸੀ।
ਉਨ੍ਹਾਂ ਦੇ ਦਫ਼ਤਰ ਨੇ ਕਿਹਾ ਕਿ ਬੈਠਕ ’ਚ ਐਨਡੀਪੀ ਆਗੂ ਜਗਮੀਤ ਸਿੰਘ ਅਤੇ ਕੰਜ਼ਰਵੇਟਿਵ ਵਿਦੇਸ਼ੀ ਮਾਮਲਿਆਂ ਦੇ ਆਲੋਚਕ ਮਾਈਕਲ ਚੋਂਗ ਸ਼ਾਮਲ ਸਨ। ਟੋਰੀ ਲੀਡਰ ਪੀਅਰੇ ਪੌਲੀਐਵ ਵੀਰਵਾਰ ਨੂੰ ਨੋਵਾ ਸਕੋਸ਼ੀਆ ’ਚ ਸਨ, ਇਸ ਲਈ ਉਹ ਬੈਠਕ ’ਚ ਸ਼ਾਮਿਲ ਨਹੀਂ ਹੋ ਸਕੇ। ਬਲੈਂਚੇਟ ਨੇ ਬੈਠਕ ਨੂੰ ਖਿੱਤੇ ’ਚ ਕੈਨੇਡਾ ਦੀ ਸਥਿਤੀ ਅਤੇ ਚੱਲ ਰਹੀਆਂ ਘਟਨਾਵਾਂ ਬਾਰੇ ਇਸਦੀ ਧਾਰਨਾ ਬਾਰੇ ਇੱਕ ਸਪੱਸ਼ਟ, ਮਦਦਗਾਰ ਵਟਾਂਦਰਾ ਦੱਸਿਆ।ਬਲਾਕ ਅਤੇ ਐਨਡੀਪੀ ਦੋਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹੀ ਬੈਠਕ ਦੀ ਬੇਨਤੀ ਕੀਤੀ ਸੀ, ਅਤੇ ਬਲੈਂਚੇਟ ਨੇ ਕਿਹਾ ਕਿ ਉਨ੍ਹਾਂ ਨੇ ਦਲੀਲ ਦਿੱਤੀ ਕਿ ਹਾਊਸ ਆਫ ਕਾਮਨਜ਼ ’ਚ ਇਸ ਮੁੱਦੇ ’ਤੇ ਤਿੱਖੀ ਬਹਿਸ ਨਾਲੋਂ ਇੱਕ ਬੰਦ ਦਰਵਾਜ਼ਾ ਮੀਟਿੰਗ ਵਧੇਰੇ ਜਾਣਕਾਰੀ ਭਰਪੂਰ ਹੋ ਸਕਦੀ ਹੈ।
ਉੱਧਰ ਜਗਮੀਤ ਸਿੰਘ ਦੇ ਦਫ਼ਤਰ ਨੇ ਦੱਸਿਆ ਕਿ ਸਿੰਘ ਨੇ ਬੀਤੇ ਐਤਵਾਰ ਨੂੰ ਇੱਕ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਸੀ। ਇਸ ਚਿੱਠੀ ’ਚ ਜਗਮੀਤ ਸਿੰਘ ਨੇ ਲਿਖਿਆ ਸੀ ਕਿ ਮੈਂ ਇਸ ਗੱਲ ’ਤੇ ਚਰਚਾ ਕਰਨ ਲਈ ਇੱਕ ਜ਼ਰੂਰੀ ਬੈਠਕ ਦੀ ਮੰਗ ਕਰ ਰਿਹਾ ਹਾਂ ਕਿ ਕਿਵੇਂ ਅਸੀਂ ਜੰਗਬੰਦੀ ਨਾਲ ਖੂਨ-ਖਰਾਬੇ ਨੂੰ ਖਤਮ ਕਰਨ ਲਈ ਇਕੱਠੇ ਕੰਮ ਕਰ ਸਕਦੇ ਹਾਂ, ਕੈਨੇਡੀਅਨਾਂ ਨੂੰ ਇਸ ਖੇਤਰ ਤੋਂ ਬਾਹਰ ਕੱਢ ਸਕਦੇ ਹਾਂ, ਸਾਰੇ ਬੰਧਕਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾ ਸਕਦੇ ਹਾਂ ਅਤੇ ਕੌਮਾਂਤਰੀ ਕਾਨੂੰਨ ਦਾ ਸਨਮਾਨ ਕਰਨ ’ਤੇ ਜ਼ੋਰ ਦੇ ਸਕਦੇ ਹਾਂ।