BC Election Focus
Surrey BC — ਬ੍ਰਿਟਿਸ਼ ਕੋਲੰਬੀਆ ਵਿੱਚ ਚੋਣ ਸਰਗਰਮੀਆਂ ਸਿਖਰ ‘ਤੇ ਹਨ ਅਤੇ ਸਾਰੇ ਸਿਆਸੀ ਦਲਾਂ ਵੱਲੋਂ ਸਰ੍ਹੀ ਦੀਆਂ ਸੀਟਾਂ ‘ਤੇ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ. ਇਸੇ ਦੌਰਾਨ ‘ਟੀਵੀ ਪੰਜਾਬ’ ਦੇ ਸੀਨੀਅਰ ਪੱਤਰਕਾਰ ਜਸਵੀਰ ਹੁਸੈਨ ਨਾਲ ਇੱਕ ਵਿਸ਼ੇਸ਼ ਸਟੂਡੀਓ ਇੰਟਰਵਿਊ ਦੌਰਾਨ, ਸਰ੍ਹੀ-ਸਰਪੈਂਟਾਈਨ ਰਿਵਰ (Surrey-Serpentine River) ਹਲਕੇ ਤੋਂ ਬੀਸੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਜੈਸੀ ਸਹੋਤਾ (Jessy Sahota) ਨੇ ਸੱਤਾਧਾਰੀ ਐਨਡੀਪੀ (NDP) ਦੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਕੀਤੀ ਅਤੇ ਆਪਣੀ ਪਾਰਟੀ ਦੇ ਬਦਲਵੇਂ ਏਜੰਡੇ ਨੂੰ ਵਿਸਥਾਰ ਨਾਲ ਪੇਸ਼ ਕੀਤਾ|
ਇੱਕ ਸਾਬਕਾ ਅੰਤਰਰਾਸ਼ਟਰੀ ਪਹਿਲਵਾਨ, ਕਬੱਡੀ ਖਿਡਾਰੀ ਅਤੇ ਪੁਲਿਸ ਫੋਰਸ ਦੇ ਤਜਰਬੇਕਾਰ ਅਧਿਕਾਰੀ ਵਜੋਂ ਜੈਸੀ ਸਹੋਤਾ ਨੇ ਦੱਸਿਆ ਕਿ ਸਿਆਸਤ ਵਿੱਚ ਆਉਣ ਦਾ ਉਨ੍ਹਾਂ ਦਾ ਮੁੱਖ ਮਕਸਦ ਸਰ੍ਹੀ ਦੇ ਲੋਕਾਂ ਨਾਲ ਬੁਨਿਆਦੀ ਢਾਂਚੇ ਅਤੇ ਆਰਥਿਕ ਮੋਰਚੇ ‘ਤੇ ਹੋ ਰਹੇ ਧੱਕੇ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਹੈ|
ਸਨੈਪ ਇਲੈਕਸ਼ਨ ਅਤੇ ਵਿੱਤੀ ਸੰਕਟ
ਜੈਸੀ ਸਹੋਤਾ ਨੇ ਬਿਨਾਂ ਵਜ੍ਹਾ ਸਮੇਂ ਤੋਂ ਪਹਿਲਾਂ ਚੋਣਾਂ (snap election) ਕਰਵਾਉਣ ‘ਤੇ ਜਨਤਕ ਨਾਰਾਜ਼ਗੀ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਇਸ ‘ਤੇ 100 ਮਿਲੀਅਨ ਡਾਲਰ ਖਰਚ ਟੈਕਸਦਾਤਾਵਾਂ ‘ਤੇ ਇੱਕ ਵਾਧੂ ਬੋਝ ਹਨ|
“ਜਦੋਂ ਸਾਡੀ ਕਮਿਊਨਿਟੀ ਕਹਿੰਦੀ ਹੈ ਕਿ ਬੱਚੇ ਸਕੂਲਾਂ ਵਿੱਚ ਕੰਟੇਨਰਾਂ (ਪੋਰਟੇਬਲਜ਼) ਵਿੱਚ ਪੜ੍ਹ ਰਹੇ ਹਨ, ਜਾਂ ਜਦੋਂ ਲੋਕ ਹਸਪਤਾਲਾਂ ਵਿੱਚ 17-18 ਘੰਟੇ ਵੇਟ ਕਰਦੇ ਹਨ, ਤਾਂ ਮੌਜੂਦਾ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਪੈਸਾ ਨਹੀਂ ਹੈ. ਪਰ ਆਪਣੀ ਸਿਆਸੀ ਮਜਬੂਰੀ ਲਈ ਚੋਣਾਂ ਕਰਵਾਉਣ ਵਾਸਤੇ 100 ਮਿਲੀਅਨ ਡਾਲਰ ਇਕਦਮ ਆ ਜਾਂਦੇ ਹਨ,” ਸਹੋਤਾ ਨੇ ਸੂਬੇ ਦੇ 14 ਬਿਲੀਅਨ ਡਾਲਰ ਦੇ ਘਾਟੇ (deficit) ਦਾ ਹਵਾਲਾ ਦਿੰਦਿਆਂ ਸਰਕਾਰ ਦੇ ਇਸ ਕਦਮ ਨੂੰ ਪਖੰਡ ਕਰਾਰ ਦਿੱਤਾ| ਉਨ੍ਹਾਂ ਚੇਤਾਵਨੀ ਦਿੱਤੀ ਕਿ ਪਿਛਲੀ ਸਰਕਾਰ ਵੇਲੇ ਅਕਾਊਂਟ ਵਿੱਚ 2 ਬਿਲੀਅਨ ਡਾਲਰ ਦਾ ਵਾਧਾ ਸੀ, ਜਦਕਿ ਅੱਜ ਰੋਜ਼ਾਨਾ ਲਗਭਗ 24 ਮਿਲੀਅਨ ਡਾਲਰ ਸਿਰਫ਼ ਕਰਜ਼ੇ ਦੇ ਵਿਆਜ ਵਜੋਂ ਦਿੱਤੇ ਜਾ ਰਹੇ ਹਨ|
ਡਰੱਗ ਸੰਕਟ, ਸਪੈਸ਼ਲਾਈਜ਼ਡ ਪੁਲਿਸਿੰਗ ਅਤੇ ਜਨਤਕ ਸੁਰੱਖਿਆ
ਆਪਣੇ ਪੁਲਿਸਿੰਗ ਬੈਕਗਰਾਊਂਡ ਦਾ ਹਵਾਲਾ ਦਿੰਦੇ ਹੋਏ ਸਹੋਤਾ ਨੇ ਐਨਡੀਪੀ ਸਰਕਾਰ ਦੀਆਂ ਡਰੱਗ ਨੀਤੀਆਂ ਅਤੇ ਡੀਕ੍ਰਿਮੀਨਲਾਈਜ਼ੇਸ਼ਨ (drug decriminalization) ਦੀ ਸਖ਼ਤ ਨਿੰਦਾ ਕੀਤੀ| ਉਨ੍ਹਾਂ ਕਿਹਾ ਕਿ ਇਲਾਜ ਅਤੇ ਰੀਹੈਬਲੀਟੇਸ਼ਨ ਦੇ ਸਹੀ ਪ੍ਰਬੰਧਾਂ ਤੋਂ ਬਿਨਾਂ ਸ਼ਰੇਆਮ ਨਸ਼ਿਆਂ ਦੀ ਵਰਤੋਂ ਵਧ ਗਈ ਹੈ|
“ਅੱਜ ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ, ਤਾਂ ਉਸ ਨੂੰ ਟ੍ਰੀਟਮੈਂਟ (ਇਲਾਜ) ਲੈਣ ਲਈ ਤਿੰਨ ਤੋਂ ਚਾਰ ਮਹੀਨੇ ਵੇਟ ਕਰਨੀ ਪੈਂਦੀ ਹੈ, ਜਦਕਿ ਦੂਜੇ ਪਾਸੇ ਸਰਕਾਰ ਖੁਦ ਫਰੀ ਡਰੱਗਜ਼ (ਓਪੀਔਡਜ਼) ਮੁਹੱਈਆ ਕਰਵਾ ਰਹੀ ਹੈ,” ਸਹੋਤਾ ਨੇ ਦਾਅਵਾ ਕੀਤਾ ਕਿ ਇਹ ਸਰਕਾਰੀ ਸਪਲਾਈ ਬਲੈਕ ਮਾਰਕੀਟ ਵਿੱਚ ਵਿਕ ਰਹੀ ਹੈ| ਉਨ੍ਹਾਂ ਐਲਾਨ ਕੀਤਾ ਕਿ ਕੰਜ਼ਰਵੇਟਿਵ ਸਰਕਾਰ ਆਉਣ ‘ਤੇ ਫੰਡਿੰਗ ਨੂੰ ਸੁਰੱਖਿਅਤ ਇਲਾਜ ਕੇਂਦਰਾਂ ਵੱਲ ਮੋੜਿਆ ਜਾਵੇਗਾ ਅਤੇ ਬਾਰ-ਬਾਰ ਅਪਰਾਧ ਕਰਨ ਵਾਲੇ ਰੀਪੀਟ ਅਫੈਂਡਰਾਂ (repeat offenders) ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ|
ਇਸ ਤੋਂ ਇਲਾਵਾ, ਲੋਕਲ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਫਿਰੌਤੀ (extortion) ਅਤੇ ਸੰਗਠਿਤ ਅਪਰਾਧਾਂ ਦੇ ਨੈੱਟਵਰਕ ਨੂੰ ਤੋੜਨ ਲਈ, ਸਹੋਤਾ ਨੇ ਦੱਸਿਆ ਕਿ ਪਾਰਟੀ ਲੋਅਰ ਮੇਨਲੈਂਡ ਵਿੱਚ 1,000 ਵਾਧੂ ਪੁਲਿਸ ਅਧਿਕਾਰੀ ਅਤੇ ਸਪੋਰਟ ਸਟਾਫ ਭਰਤੀ ਕਰੇਗੀ| ਇਸ ਦੇ ਨਾਲ ਹੀ ਇੱਕ ਅਜਿਹੀ ਸਪੈਸ਼ਲਾਈਜ਼ਡ ਮਿਊਨਸੀਪਲ ਟਾਸਕ ਫੋਰਸ ਬਣਾਈ ਜਾਵੇਗੀ ਜਿਸ ਦਾ ਕੰਮ ਬਿਨਾਂ ਕਿਸੇ ਹੋਰ ਪਾਸੇ ਡਾਇਵਰਟ ਹੋਏ ਸਿਰਫ਼ ਫਿਰੌਤੀ ਅਤੇ ਗੰਭੀਰ ਅਪਰਾਧਾਂ ਨੂੰ ਰੋਕਣਾ ਹੋਵੇਗਾ|
ਬੁਨਿਆਦੀ ਢਾਂਚਾ, ਹਸਪਤਾਲਾਂ ਦੀ ਕਮੀ ਅਤੇ ਰੀਜਨਲ ਪ੍ਰੋਜੈਕਟ
ਜੈਸੀ ਸਹੋਤਾ ਨੇ ਸਰ੍ਹੀ ਅਤੇ ਵੈਂਕੂਵਰ ਦਰਮਿਆਨ ਸਹੂਲਤਾਂ ਦੇ ਵੱਡੇ ਫਰਕ ਨੂੰ ਉਜਾਗਰ ਕੀਤਾ| ਉਨ੍ਹਾਂ ਨੋਟ ਕੀਤਾ ਕਿ ਜਿੱਥੇ ਵੈਂਕੂਵਰ ਵਿੱਚ ਛੇ ਵੱਡੇ ਹਸਪਤਾਲ ਹਨ, ਉੱਥੇ ਹੀ ਸਰ੍ਹੀ ਵਰਗੇ ਤੇਜ਼ੀ ਨਾਲ ਵਧ ਰਹੇ ਸ਼ਹਿਰ ਕੋਲ ਸਿਰਫ਼ ਇੱਕ ਮੁੱਖ ਹਸਪਤਾਲ ਹੈ, ਜਿੱਥੇ ਡਾਕਟਰਾਂ ਦੀ ਗਿਣਤੀ ਵੀ ਅੱਧੀ ਹੈ| ਉਨ੍ਹਾਂ ਵਾਅਦਾ ਕੀਤਾ ਕਿ ਕੰਜ਼ਰਵੇਟਿਵ ਸਰਕਾਰ ਸਰ੍ਹੀ ਦੇ ਦੂਜੇ ਹਸਪਤਾਲ ਦੇ ਲਟਕ ਰਹੇ ਕੰਮ ਨੂੰ ਤੁਰੰਤ ਪੂਰਾ ਕਰੇਗੀ ਅਤੇ ਸ਼ਹਿਰ ਵਿੱਚ ਤੀਜਾ ਵੱਡਾ ਮੈਡੀਕਲ ਸੈਂਟਰ ਵੀ ਲਿਆਵੇਗੀ|
ਆਵਾਜਾਈ ਅਤੇ ਰੀਜਨਲ ਪ੍ਰੋਜੈਕਟਾਂ ਬਾਰੇ ਗੱਲ ਕਰਦਿਆਂ ਸਹੋਤਾ ਨੇ ਪੁਸ਼ਟੀ ਕੀਤੀ ਕਿ ਕੰਜ਼ਰਵੇਟਿਵ ਪਾਰਟੀ ਐਨਡੀਪੀ ਦੇ ਪ੍ਰਸਤਾਵਿਤ ਜੌਰਜ ਮੈਸੀ ਟਨਲ (Massey Tunnel) ਦੇ ਖਰਚੀਲੇ ਪ੍ਰੋਜੈਕਟ ਨੂੰ ਰੱਦ ਕਰੇਗੀ| ਇਸ ਦੀ ਜਗ੍ਹਾ ਪੁਰਾਣੇ 10-ਲੇਨ ਦੇ ਬ੍ਰਿਜ (ਪੁਲ) ਦੇ ਬਲੂਪ੍ਰਿੰਟ ਨੂੰ ਦੁਬਾਰਾ ਲਾਗੂ ਕੀਤਾ ਜਾਵੇਗਾ|. ਉਨ੍ਹਾਂ ਮੁਤਾਬਕ, ਇਸ ਕਦਮ ਨਾਲ ਟੈਕਸਦਾਤਾਵਾਂ ਦੇ ਲਗਭਗ 4 ਬਿਲੀਅਨ ਡਾਲਰ ਦੀ ਬਚਤ ਹੋਵੇਗੀ ਅਤੇ ਟ੍ਰੈਫਿਕ ਦੀ ਸਮੱਸਿਆ ਵੀ ਜਲਦੀ ਹੱਲ ਹੋਵੇਗੀ|
ਆਰਥਿਕ ਮੰਦਹਾਲੀ ਅਤੇ ਟੈਕਸਾਂ ਦੀ ਮਾਰ
ਸਥਾਨਕ ਪੱਧਰ ‘ਤੇ ਰੁਜ਼ਗਾਰ ਦੀ ਕਮੀ ਅਤੇ ਕਾਰੋਬਾਰਾਂ ਦੇ ਬੰਦ ਹੋਣ ਦਾ ਮੁੱਖ ਕਾਰਨ ਸਹੋਤਾ ਨੇ ਸਰਕਾਰ ਦੀਆਂ ਗੁੰਝਲਦਾਰ ਨੀਤੀਆਂ ਅਤੇ ਲਗਾਤਾਰ ਵਧ ਰਹੇ ਟੈਕਸਾਂ ਨੂੰ ਦੱਸਿਆ| ਉਨ੍ਹਾਂ ਦੋਸ਼ ਲਾਇਆ ਕਿ ਐਨਡੀਪੀ ਨੇ ਪਿਛਲੇ ਨੌਂ ਸਾਲਾਂ ਵਿੱਚ 40 ਵੱਖ-ਵੱਖ ਤਰ੍ਹਾਂ ਦੇ ਟੈਕਸ ਵਧਾਏ ਹਨ, ਜਿਸ ਕਾਰਨ ਮਾਈਨਿੰਗ, ਫਿਸ਼ਰੀਜ਼, ਫੋਰੈਸਟਰੀ ਅਤੇ ਐਲਐਨਜੀ (LNG) ਵਰਗੇ ਅਹਿਮ ਰਿਸੋਰਸ ਸੈਕਟਰ ਹੌਲੀ-ਹੌਲੀ ਬੰਦ ਹੋ ਰਹੇ ਹਨ|
“ਮਿਨੀਮਮ ਵੇਜ (ਘੱਟੋ-ਘੱਟ ਉਜਰਤ) ਭਾਵੇਂ ਤੁਸੀਂ 40 ਡਾਲਰ ਵੀ ਕਰ ਲਵੋ, ਪਰ ਜੇਕਰ ਮਾਰਕੀਟ ਵਿੱਚ ਨਵੀਆਂ ਨੌਕਰੀਆਂ ਹੀ ਨਹੀਂ ਹੋਣਗੀਆਂ ਤਾਂ ਉਸ ਦਾ ਯੰਗ ਪ੍ਰੋਫੈਸ਼ਨਲਜ਼ ਨੂੰ ਕੀ ਫਾਇਦਾ?” ਸਹੋਤਾ ਨੇ ਆਪਣੀ ਡੋਰ-ਨੌਕਿੰਗ ਦੌਰਾਨ ਬੇਰੁਜ਼ਗਾਰ ਨੌਜਵਾਨਾਂ ਨਾਲ ਹੋਈ ਗੱਲਬਾਤ ਦਾ ਹਵਾਲਾ ਦਿੰਦਿਆਂ ਕਿਹਾ|
ਵਿਕਟੋਰੀਆ ਵਿੱਚ ਸਰ੍ਹੀ ਦੇ ਹੱਕਾਂ ਦੀ ਆਵਾਜ਼
ਇੰਟਰਵਿਊ ਦੇ ਅਖੀਰ ਵਿੱਚ ਜੈਸੀ ਸਹੋਤਾ ਨੇ ਕਿਹਾ ਕਿ ਸਰ੍ਹੀ ਵਿੱਚ 10 ਐਮਐਲਏ (MLA) ਰਾਈਡਿੰਗਜ਼ ਹੋਣ ਦੇ ਬਾਵਜੂਦ ਸੂਬਾਈ ਅਸੈਂਬਲੀ ਵਿੱਚ ਸ਼ਹਿਰ ਦੇ ਮੁੱਦਿਆਂ ‘ਤੇ ਸਹੀ ਢੰਗ ਨਾਲ ਆਵਾਜ਼ ਨਹੀਂ ਉਠਾਈ ਗਈ| ਉਨ੍ਹਾਂ ਵਾਅਦਾ ਕੀਤਾ ਕਿ ਜੇਕਰ ਉਹ ਚੁਣੇ ਜਾਂਦੇ ਹਨ, ਤਾਂ ਉਹ ਵਿਕਟੋਰੀਆ ਦੀ ਵਿਧਾਨ ਸਭਾ ਵਿੱਚ ਜਾ ਕੇ ਸਰ੍ਹੀ ਦੇ ਲੋਕਾਂ ਦੇ ਹੱਕਾਂ ਲਈ ਡਟ ਕੇ ਆਵਾਜ਼ ਬੁਲੰਦ ਕਰਨਗੇ ਅਤੇ ਪੂਰੀ ਪਾਰਦਰਸ਼ਤਾ ਨਾਲ ਕੰਮ ਕਰਨਗੇ|
“ਸਰ੍ਹੀ ਦੇ ਲੋਕਾਂ ਨੂੰ ਅਜਿਹੇ ਨੁਮਾਇੰਦਿਆਂ ਦੀ ਲੋੜ ਹੈ ਜੋ ਚੋਣਾਂ ਜਿੱਤਣ ਤੋਂ ਬਾਅਦ ਪਿੱਛੇ ਜਾ ਕੇ ਚੁੱਪ ਨਾ ਬੈਠਣ, ਬਲਕਿ ਲੋਕਾਂ ਦੀ ਅਸਲ ਆਵਾਜ਼ ਬਣਨ,” ਸਹੋਤਾ ਨੇ 24 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਸਾਰੇ ਰਜਿਸਟਰਡ ਵੋਟਰਾਂ ਨੂੰ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ|
ਕੰਜ਼ਰਵੇਟਿਵ ਉਮੀਦਵਾਰ ਜੈਸੀ ਸਹੋਤਾ ਨਾਲ ਕੀਤੇ ਗਏ ਇਸ ਵਿਸ਼ੇਸ਼ ਸਟੂਡੀਓ ਇੰਟਰਵਿਊ ਦੀ ਪੂਰੀ ਵੀਡੀਓ ਰਿਕਾਰਡਿੰਗ Link ਦਿੱਤੀ ਗਈ ਹੈ.

