ਜੱਜ ਦੀ ਟਰੰਪ ਨੂੰ ਚਿਤਾਵਨੀ- ਚੋਣ ਕੇਸ ’ਚ ਦਿੱਤੇ ‘ਭੜਕਾਊ’ ਬਿਆਨ ਸੁਣਵਾਈ ’ਚ ਲਿਆ ਸਕਦੇ ਹਨ ਤੇਜ਼ੀ

Washington- ਯੂ. ਐਸ. ਡਿਸਟ੍ਰਿਕਟ ਜੱਜ ਤਾਨੀਆ ਚੁਟਕਨ ਨੇ ਅੱਜ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਅਟਾਰਨੀ ਨੂੰ ਚਿਤਾਵਨੀ ਦਿੱਤੀ ਹੈ ਕਿ 2020 ਦੇ ਚੋਣ ਨਤੀਜਿਆਂ ਨੂੰ ਪਲਟਣ ਦੇ ਤਾਜ਼ਾ ਮਾਮਲੇ ’ਚ ਵਾਰ-ਵਾਰ ਦਿੱਤੇ ਜਾ ਰਹੇ ‘ਭੜਕਾਊ’ ਬਿਆਨ ਉਨ੍ਹਾਂ ਨੂੰ ਇਸ ਮੁਕੱਦਮੇ ਨੂੰ ਤੇਜ਼ ਕਰਨ ਲਈ ਮਜ਼ਬੂਰ ਕਰਨਗੇ। ਚੁਟਕਨ ਨੇ ਇੱਕ ਸੁਣਵਾਈ ਦੌਰਾਨ ਟਰੰਪ ਦੇ ਵਕੀਲ ਜਾਨ ਲਾਰੋ ਨੂੰ ਕਿਹਾ, ‘‘ਮੈਂ ਤੁਹਾਨੂੰ ਅਤੇ ਤੁਹਾਡੇ ਮੁਵੱਕਿਲ ਨੂੰ ਇਸ ਮਾਮਲੇ ਦੇ ਬਾਰੇ ’ਚ ਦਿੱਤੇ ਜਨਤਕ ਬਿਆਨਾਂ ’ਚ ਵਿਸ਼ੇਸ਼ ਸਾਵਧਾਨੀ ਵਰਤਣ ਦੀ ਚਿਤਾਵਨੀ ਦਿੰਦੀ ਹਾਂ।’’ ਉਨ੍ਹਾਂ ਅੱਗੇ ਕਿਹਾ, ‘‘ਮੈਂ ਇਨ੍ਹਾਂ ਕਾਰਵਾਈਆਂ ਦੀ ਅਖੰਡਤਾ ਦੀ ਰੱਖਿਆ ਲਈ ਜਿਹੜੇ ਵੀ ਜ਼ਰੂਰੀ ਕਦਮ ਹੋਣਗੇ, ਉਹ ਉਠਾਵਾਂਗੀ।’’
ਚੁਟਕਨ ਦੀ ਇਹ ਨਸੀਹਤ ਸਾਬਕਾ ਰਾਸ਼ਟਰਪਤੀ ਵਿਰੁੱਧ ਨਵੇਂ ਅਪਰਾਧਿਕ ਕੇਸ ’ਚ ਉਸ ਦੇ ਪਹਿਲੇ ਕੋਰਟਰੂਮ ਸੈਸ਼ਨ ਦੇ ਅੰਤ ’ਚ ਆਈ ਹੈ। ਸੁਣਵਾਈ ਦਾ ਮਕਸਦ ਵਿਸ਼ੇਸ਼ ਵਕੀਲ ਜੈਕ ਸਮਿਥ ਦੇ ਵਕੀਲਾਂ ਅਤੇ ਟਰੰਪ ਦੇ ਵਕੀਲਾਂ ਨੂੰ ਕੇਸ ’ਚ ਸਬੂਤਾਂ ਨੂੰ ਸੰਭਾਲਣ ਬਾਰੇ ਵਿਵਾਦਾਂ ਨੂੰ ਦੂਰ ਕਰਨਾ ਸੀ। ਇਹ ਸੁਣਵਾਈ ਇਸ ਮਾਮਲੇ ’ਚ ਚੁਟਕਨ ਦੀ ਪਹਿਲੀ ਮਹੱਤਵਪੂਰਨ ਪਹਿਲ ਸੀ, ਜਿਸ ’ਚ ਟਰੰਪ ’ਤੇ 2020 ਦੀਆਂ ਚੋਣਾਂ ਮਗਰੋਂ ਜੋਅ ਬਾਇਡਨ ਨੂੰ ਸੱਤਾ ਤੋਂ ਲਾਹੁਣ ਦੇ ਮਕਸਦ ਨਾਲ ਤਿੰਨ ਸਾਜ਼ਿਸ਼ਾਂ ਰਚਣ ਦਾ ਦੋਸ਼ ਲਾਇਆ ਗਿਆ ਹੈ। ਟਰੰਪ ਨੇ ਸੋਸ਼ਲ ਮੀਡੀਆ ’ਤੇ ਵਾਰ-ਵਾਰ ਓਬਾਮਾ ਵਲੋਂ ਨਿਯਕੁਤ ਕੀਤੇ ਗਏ ਚੁਟਕਨ ਦੀ ਆਲੋਚਨਾ ਕੀਤੀ ਹੈ ਕਿ ਅਤੇ ਬਿਨਾਂ ਕਿਸੇ ਆਧਾਰ ਤੋਂ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਅਪੀਲ ਕੀਤੀ ਹੈ। ਹਾਲਾਂਕਿ ਟਰੰਪ ਦੇ ਵਕੀਲ ਲਾਰੋ ਨੇ ਟਰੰਪ ਦੀ ਅਪੀਲ ਨੂੰ ਸਵੀਕਾਰ ਨਹੀਂ ਕੀਤਾ ਹੈ।
ਇੰਨਾ ਹੀ ਨਹੀਂ, ਟਰੰਪ ਨੇ ਹਾਲ ਹੀ ਦੇ ਦਿਨਾਂ ’ਚ ਮਾਈਕ ਪੇਂਸ ਦੇ ਬਾਰੇ ’ਚ ਵੀ ਟਿੱਪਣੀਆਂ ਕੀਤੀਆਂ ਹਨ, ਜਿਨ੍ਹਾਂ ਦੇ ਇਸ ਮਾਮਲੇ ’ਚ ਮੁੱਖ ਗਵਾਹ ਬਣਨ ਦੀ ਸੰਭਾਵਨਾ ਹੈ। ਚੁਟਕਨ ਨੇ ਕਿਹਾ ਕਿ ਉਹ ਟਰੰਪ ਦੇ ਕਿਸੇ ਵਿਸ਼ੇਸ਼ ਬਿਆਨ ’ਤੇ ਫ਼ੈਸਲਾ ਨਹੀਂ ਦੇ ਰਹੀ ਹੈ ਪਰ ਉਨ੍ਹਾਂ ਨੂੰ ਆਪਣੀਆਂ ਟਿੱਪਣੀਆਂ ਨੂੰ ਸਾਵਧਾਨੀ ਨਾਲ ਕਰਨੀਆਂ ਚਾਹੀਦੀਆਂ ਹਨ। ਲਾਰੋ ਨੇ ਵਾਰ-ਵਾਰ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਟਰੰਪ ਆਪਣੀ ਰਿਹਾਈ ਦੀਆਂ ਸ਼ਰਤਾਂ ਦੀ ਇਮਾਨਦਾਰੀ ਨਾਲ ਪਾਲਣਾ ਕਰਨਗੇ।