ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ’ਚ ਸ਼ਾਮਿਲ ਹੋਣ ਲਈ ਸਾਨ ਫਰਾਂਸਿਸਕੋ ਪਹੁੰਚੇ ਟਰੂਡੋ

San Francisco- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ’ਚ ਸ਼ਾਮਿਲ ਹੋਣ ਲਈ ਬੁੱਧਵਾਰ ਨੂੰ ਅਮਰੀਕਾ ਦੇ ਸਾਨ ਫਰਾਂਸਿਸਕੋ ਸ਼ਹਿਰ ’ਚ ਪਹੁੰਚੇ। ਸਰਕਾਰ ਦਾ ਨਵਾਂ ਐਕਵਾਇਰ ਕੀਤਾ ਏਅਰਬੱਸ ਸੀਸੀ-330 ਜਦੋਂ ਸਾਨ ਫਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਰੁਕਿਆ ਤਾਂ ਉੱਥੇ ਅਮਰੀਕਾ ’ਚ ਕੈਨੇਡਾ ਦੇ ਰਾਜਦੂਤ, ਕਰਸਟਨ ਹਿਲਮੈਨ, ਦੀ ਅਗਵਾਈ ’ਚ ਰਾਜਦੂਤਾਂ ਦੇ ਇੱਕ ਸਮੂਹ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਸਾਨ ਫਰਾਂਸਿਸਕੋ ਪਹੁੰਚ ਕੇ ਟਰੂਡੋ ਵਲੋਂ ਸਭ ਤੋਂ ਪਹਿਲਾਂ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਨਾਲ ਦੁਵੱਲੀ ਬੈਠਕ ਕੀਤੀ ਗਈ, ਜਿਸ ਦੇ ਜਲਵਾਯੂ ਤਬਦੀਲੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਦੌਰਾਨ ਟਰੂਡੋ ਨੇ ਆਪਣੇ ਪੁਰਾਣੇ ਦੋਸਤ ਨੂੰ ਕਿਹਾ, ‘‘ਮੈਨੂੰ ਲਗਦਾ ਹੈ ਕਿ ਤੁਸੀਂ ਮੈਨੂੰ ਪਿਛਲੀ ਵਾਰ ਇਹ ਜੁਰਾਬਾਂ ਦਿੱਤੀਆਂ ਸਨ।’’ ਗੋਲਡਨ ਗੇਟ ਬ੍ਰਿਜ ਦੀ ਕਢਾਈ ਵਾਲੀ ਤਸਵੀਰ ਵਾਲੀਆਂ ਜ਼ੁਰਾਬਾਂ, ਜੋ ਕਿ ਟਰੂਡੋ ਨੇ ਗਿੱਟਿਆਂ ਤੱਕ ਪਹਿਨੀਆਂ ਹੋਈਆਂ ਸਨ, ਵੱਲ ਇਸ਼ਾਰਾ ਕਰਦਿਆਂ ਟਰੂਡੋ ਨੇ ਇਹ ਗੱਲ ਆਖੀ। ਇਹ ਸੁਣ ਕੇ ਨਿਊਜ਼ਮ ਨੇ ਹੈਰਾਨੀ ਨਾਲ ਪੁੱਛਿਆ, ‘‘‘ਤੁਸੀਂ ਅਜੇ ਵੀ ਉਹ ਜ਼ੁਰਾਬਾਂ ਵਰਤ ਰਹੇ ਹੋ।’’
ਨਿਊਜ਼ਮ ਨੇ ਟਰੂਡੋ ਦੇ ਕੈਨੇਡੀਅਨ ਸਮਾਜ ਦੇ ਵਰਣਨ ਨੂੰ ‘ਬਹੁਲਵਾਦੀ’ ਵਜੋਂ ਦਰਸਾਇਆ, ਇੱਕ ਮਿਆਰ ਜਿਸ ਬਾਰੇ ਉਸਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਗੋਲਡਨ ਸਟੇਟ ’ਚ ਰਹਿਣ ਦੀ ਇੱਛਾ ਰੱਖਦਾ ਹੈ। ਇਸ ਮੌਕੇ ਉਨ੍ਹਾਂ ਨੇ ਪਿਛਲੀਆਂ ਗਰਮੀਆਂ ਲਾਸ ਏਂਜਲਸ ਵਿਖੇ ਦੋਹਾਂ ਨੇਤਾਵਾਂ ਵਲੋਂ ਹਸਤਾਖਰ ਕੀਤੇ ਸਮਝੌਤੇ ਦੇ ਇੱਕ ਮੈਮੋਰੰਡਮ ਦਾ ਹਵਾਲਾ ਦਿੱਤਾ, ਜਿਸ ਨੇ ਪਹਿਲਾਂ ਹੀ ਪੱਛਮੀ ਤੱਟ ਅਤੇ ਬ੍ਰਿਟਿਸ਼ ਕੋਲੰਬੀਆ ’ਚ ਇਲੈਕਟ੍ਰਿਕ-ਵਹੀਕਲ ਚਾਰਜਿੰਗ ਸਟੇਸ਼ਨਾਂ ਦੇ ਇੱਕ ਵਧਦੇ ਨੈੱਟਵਰਕ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ।
ਟਰੂਡੋ ਨੇ ਬਾਅਦ ਵਿੱਚ ਇੱਕ ਵਿਸ਼ਾਲ ਉਤਪਾਦ ਵੰਡ ਕੇਂਦਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਸਿੱਖਿਅਕਾਂ, ਸਰਕਾਰੀ ਅਧਿਕਾਰੀਆਂ ਅਤੇ ਤਕਨੀਕੀ ਤੇ ਐਗਰੀ-ਫੂਡ ਦੇ ਨੇਤਾਵਾਂ ਨਾਲ ਮੁਲਾਤਾਕ ਕੀਤੀ ਅਤੇ ਕਿਫਾਇਤੀ ਸੰਕਟ ਦਾ ਸਾਹਮਣਾ ਕਰਨ ਦੇ ਤਰੀਕਿਆਂ ਬਾਰੇ ਗੱਲਬਾਤ ਕੀਤੀ।
ਟਰੂਡੋ ਨੇ ਮਹਿੰਗਾਈ ਤੇ ਉੱਚ ਵਿਆਜ ਦਰਾਂ, ਮਕਾਨਾਂ ਦੀ ਘਾਟ ਅਤੇ ਜਲਵਾਯੂ ਤਬਦੀਲੀ ਅਤੇ ਗਲੋਬਲ ਟਕਰਾਅ ਦੇ ਵਧ ਰਹੇ ਖ਼ਤਰਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਇਸ ਸਮੇਂ ਵੱਖ-ਵੱਖ ਪੱਧਰਾਂ ’ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਟਰੂਡੋ ਅਤੇ ਉਨ੍ਹਾਂ ਦੇ ਬਾਕੀ ਡੈਲੀਗੇਸ਼ਨ, ਜਿਨ੍ਹਾਂ ’ਚ ਕੌਮਾਂਤਰੀ ਵਪਾਰ ਮੰਤਰੀ ਮੈਰੀ ਐਨਜੀ ਅਤੇ ਵਿਦੇਸ਼ੀ ਮਾਮਲਿਆਂ ਦੀ ਮੰਤਰੀ ਮੇਲਾਨੀ ਜੋਲੀ ਸ਼ਾਮਲ ਸਨ, ਬਾਅਦ ’ਚ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਵਲੋਂ ਆਯੋਜਿਤ ਇੱਕ ਏ. ਪੀ. ਈ. ਸੀ. ਰਿਸੈਪਸ਼ਨ ’ਚ ਸ਼ਾਮਲ ਹੋਏ।