ਟਰੂਡੋ ਨੇ ਮੰਤਰੀ ਮੰਡਲ ’ਚ ਕੀਤਾ ਵੱਡਾ ਫੇਰਬਦਲ, ਜਾਣੋ ਕਿਸ ਨੂੰ ਮਿਲੀ ਥਾਂ

Ottawa- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਲ ਹੀ ’ਚ ਮੁੱਦਿਆਂ ਨਾਲ ਜੂਝ ਰਹੀ ਆਪਣੀ ਘੱਟ ਗਿਣਤੀ ਸਰਕਾਰ ਨੂੰ ਇੱਕ ਨਵਾਂ ਚਿਹਰਾ ਦੇਣ ਦੇ ਯਤਨਾਂ ਤਹਿਤ ਅੱਜ ਆਪਣੇ ਮੰਤਰੀ ਮੰਡਲ ’ਚ ਵੱਡਾ ਫੇਰਬਦਲ ਕੀਤਾ। ਕੈਬਨਿਟ ’ਚ ਫੇਰਬਦਲ ਅਜਿਹੇ ਸਮੇਂ ’ਚ ਹੋਇਆ ਹੈ ਜਦੋਂ ਕਿ ਹਾਲ ਹੀ ’ਚ ਇੱਕ ਸਰਵੇਖਣ ’ਚ 37 ਫ਼ੀਸਦੀ ਕੈਨੇਡੀਅਨਾਂ ਨੇ ਕਿਹਾ ਸੀ ਜੇਕਰ ਹੁਣੇ ਚੋਣਾਂ ਹੁੰਦੀਆਂ ਹਨ ਤਾਂ ਉਹ ਪਿਏਰੇ ਪੋਇਲੀਵਰ ਦੀ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਦੇਣਗੇ, ਜਦਕਿ 32 ਫ਼ੀਸਦੀ ਲੋਕ ਲਿਬਰਲ ਪਾਰਟੀ ਨੂੰ ਵੋਟ ਦੇਣ ਦੇ ਹੱਕ ’ਚ ਹਨ। ਅੱਜ ਦੇ ਇਸ ਫੇਰਬਦਲ ਦੌਰਾਨ ਟਰੂਡੋ ਨੇ ਸੱਤ ਨਵੇਂ ਚਿਹਰੇ ਆਪਣੀ ਕੈਬਨਿਟ ’ਚ ਲਿਆਂਦੇ। ਬਾਕੀ 8 ਮੰਤਰੀਆਂ ਨੂੰ ਉਸੇ ਤਰ੍ਹਾਂ ਉਨ੍ਹਾਂ ਦੇ ਅਹੁਦਿਆਂ ’ਤੇ ਬਰਕਰਾਰ ਰੱਖਿਆ, ਜਦਕਿ 23 ਮੰਤਰੀਆਂ ’ਚੋਂ ਕਈਆਂ ਦੇ ਅਹੁਦੇ ਬਦਲ ਦਿੱਤੇ ਅਤੇ ਕਈਆਂ ਦੇ ਮੌਜੂਦਾ ਵਿਭਾਗਾਂ ’ਚ ਵਾਧੂ ਡਿਊਟੀਆਂ ਸ਼ਾਮਿਲ ਕਰ ਦਿੱਤੀਆਂ।
ਫੇਰਬਦਲ ਤੋਂ ਬਾਅਦ ਰਿਡਿਊ ਹਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਨੇ ਕਿਹਾ, ‘‘ਇਹ ਦੁਨੀਆ ਅਤੇ ਦੇਸ਼ ’ਚ ਪਰਿਣਾਮੀ ਨਤੀਜਿਆਂ ਦੇ ਪਲ ’ਚ ਇੱਕ ਸਕਾਰਾਤਮਕ ਕਦਮ ਹੈ।’’
ਕੈਬਨਿਟ ’ਚ ਦਾਖ਼ਲ ਹੋਣ ਵਾਲੇ ਨਵੇਂ ਸੰਸਦ ਮੈਂਬਰਾਂ ’ਚ ਜੇਨਾ ਸੁਡਸ, ਰੇਚੀ ਵਾਲਡੇਜ਼, ਯਾਰਾ ਸਾਕਸ, ਆਰਿਫ਼ ਵਿਰਾਨੀ ਗੈਰੀ ਆਨੰਦਸਾਂਗਰੀ, ਸੋਰਾਇਆ ਮਾਰਟੀਨੇਜ ਫੇਰਾਡਾ ਅਤੇ ਟੈਰੀ ਬੀਚ ਹਨ।