ਕੇਨ ਵਿਲੀਅਮਸਨ ਨੇ ਟੈਸਟ ਟੀਮ ਦੀ ਕਪਤਾਨੀ ਤੋਂ ਦਿੱਤਾ ਅਸਤੀਫਾ… ਕੌਣ ਹੋਵੇਗਾ ਨਿਊਜ਼ੀਲੈਂਡ ਦਾ ਨਵਾਂ ਕਪਤਾਨ?

ਨਵੀਂ ਦਿੱਲੀ: ਕੇਨ ਵਿਲੀਅਮਸਨ ਨੇ ਨਿਊਜ਼ੀਲੈਂਡ ਦੀ ਟੈਸਟ ਟੀਮ ਤੋਂ ਅਸਤੀਫਾ ਦੇ ਦਿੱਤਾ ਹੈ। ਨਿਊਜ਼ੀਲੈਂਡ ਕ੍ਰਿਕੇਟ ਨੇ ਵੀਰਵਾਰ ਨੂੰ ਕਿਹਾ ਕਿ ਕੇਨ ਵਿਲੀਅਮਸਨ ਨੇ ਟੈਸਟ ਟੀਮ ਦੀ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਹੈ, ਉਸ ਦੀ ਜਗ੍ਹਾ ਤਜਰਬੇਕਾਰ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੂੰ ਕ੍ਰਿਕਟ ਦੇ ਸਭ ਤੋਂ ਲੰਬੇ ਫਾਰਮੈਟ ਵਿੱਚ ਟੀਮ ਦੀ ਅਗਵਾਈ ਕਰਨ ਲਈ ਨਿਯੁਕਤ ਕੀਤਾ ਗਿਆ ਹੈ। ਟਾਮ ਲੈਥਮ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਕੇਨ ਵਿਲੀਅਮਸਨ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਟੀਮ ਦੀ ਕਪਤਾਨੀ ਜਾਰੀ ਰੱਖਣਗੇ।

32 ਸਾਲਾ ਕੇਨ ਵਿਲੀਅਮਸਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਸ ਨੇ ਕੰਮ ਦੇ ਬੋਝ ਨੂੰ ਸੰਭਾਲਣ ਲਈ ਪ੍ਰਬੰਧਕਾਂ ਨਾਲ ਗੱਲ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਹੈ। ਟਿਮ ਸਾਊਥੀ ਨਿਊਜ਼ੀਲੈਂਡ ਦੇ 31ਵੇਂ ਟੈਸਟ ਕਪਤਾਨ ਹੋਣਗੇ। ਸਾਊਦੀ ਦੀ ਕਪਤਾਨੀ ‘ਚ ਕੀਵੀ ਟੀਮ ਇਸ ਮਹੀਨੇ ਦੇ ਅੰਤ ‘ਚ ਪਾਕਿਸਤਾਨ ਦਾ ਦੌਰਾ ਕਰੇਗੀ, ਜਿੱਥੇ ਨਿਊਜ਼ੀਲੈਂਡ ਦੀ ਟੀਮ ਮੇਜ਼ਬਾਨ ਟੀਮ ਨਾਲ 2 ਟੈਸਟ ਅਤੇ 3 ਮੈਚਾਂ ਦੀ ਵਨਡੇ ਸੀਰੀਜ਼ ਖੇਡੇਗੀ। ਇਹ ਸੀਰੀਜ਼ 26 ਦਸੰਬਰ ਤੋਂ 13 ਜਨਵਰੀ 2023 ਤੱਕ ਚੱਲੇਗੀ।

ਕੀਵੀ ਟੀਮ ਨੇ ਕੇਨ ਵਿਲੀਅਮਸਨ ਦੀ ਕਪਤਾਨੀ ਵਿੱਚ 22 ਟੈਸਟ ਮੈਚ ਜਿੱਤੇ ਹਨ।
ਕੇਨ ਵਿਲੀਅਮਸਨ ਨੇ ਟੈਸਟ ਕਪਤਾਨੀ ਸੰਭਾਲਣ ਦੇ 6 ਸਾਲ ਬਾਅਦ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਾਲ 2016 ਵਿੱਚ ਉਨ੍ਹਾਂ ਨੂੰ ਬ੍ਰੈਂਡਨ ਮੈਕੁਲਮ ਤੋਂ ਬਾਅਦ ਟੈਸਟ ਟੀਮ ਦੀ ਕਪਤਾਨੀ ਸੌਂਪੀ ਗਈ ਸੀ। ਵਿਲੀਅਮਸਨ ਨੇ 38 ਟੈਸਟ ਮੈਚਾਂ ਵਿੱਚ ਕੀਵੀ ਟੀਮ ਦੀ ਅਗਵਾਈ ਕੀਤੀ। ਇਸ ਦੌਰਾਨ ਨਿਊਜ਼ੀਲੈਂਡ ਨੇ 22 ਟੈਸਟ ਮੈਚ ਜਿੱਤੇ। ਵਿਲੀਅਮਸਨ ਦੀ ਕਪਤਾਨੀ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਪਿਛਲੇ ਸਾਲ ਫਾਈਨਲ ਵਿੱਚ ਭਾਰਤ ਨੂੰ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2021 ਜਿੱਤੀ ਸੀ।