ਮੰਤਰੀ ਫੌਜਾ ਸਿੰਘ ਨੂੰ ਵੀ ਬਰਖਾਸਤ ਕਰੇ ਸੀ.ਐੱਮ ਭਗਵੰਤ ਮਾਨ- ਖਹਿਰਾ

ਚੰਡੀਗੜ੍ਹ- ਭਾਵੇਂ ਪੰਜਾਬ ਦੀ ਆਮ ਆਦਮੀ ਪਾਰਟੀ ਆਪਣੀ ਕਾਰਗੁਜ਼ਾਰੀ ਨੂੰ ਬੜੀ ਇਮਾਨਦਾਰ ਅਤੇ ਪਾਰਦਰਸ਼ਤਾ ਵਾਲੀ ਦੱਸਦੀ ਰਹੀ ਹੈ । ਪਰ ਸਰਕਾਰ ਬਨਣ ਦੇ ਕੁੱਝ ਸਮੇਂ ਬਾਅਦ ਸਿਹਤ ਮੰਤਰੀ ਵਿਜੇ ਸਿੰਗਲਾ ਦੇ ਭ੍ਰਿਸ਼ਟਾਚਾਰ ਚ ਲਿਪਤ ਹੋਣ ਤੋਂ ਬਾਅਦ ਇਸ ‘ਤੇ ਸਵਾਲ਼ ਖੜੇ ਹੋਣੇ ਸ਼ੁਰੂ ਹੋ ਗਏ । ਮਾਮਲਾ ਠੰਡਾ ਪਿਆ ਹੀ ਸੀ ਕਿ ਹੁਣ ਇਕ ਹੋਰ ਮੰਤਰੀ ਚਰਚਾ ‘ਚ ਹੈ ।

ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਸੌਦੇਬਾਜ਼ੀ ਦੀ ਅਖੌਤੀ ਆਡੀਓ ਸਾਹਮਣੇ ਆਉਣ ’ਤੇ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵਿੱਟਰ ’ਤੇ ਮੁੱਖ ਮੰਤਰੀ ਤੋਂ ਕੈਬਨਿਟ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਖਹਿਰਾ ਨੇ ਕਿਹਾ, ਇਹ ਇਕ ਓਪਨ ਤੇ ਸ਼ੱਟ ਕੇਸ ਹੈ। ਮੁੱਖ ਮੰਤਰੀ ਭਗਵੰਤ ਮਾਨ ਆਪਣੇ ਮੰਤਰੀ ਨੂੰ ਬਰਖ਼ਾਸਤ ਕਰਨ। ਜਿਵੇਂ ਉਨ੍ਹਾਂ ਨੇ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਸੀ। ਕਾਂਗਰਸ ਵਿਧਾਇਕ ਨੇ ਕਿਹਾ, ਹਾਲਾਂਕਿ ਮਾਨ ਨੇ ਡਾ. ਸਿੰਗਲਾ ਖ਼ਿਲਾਫ਼ ਬਹੁਤ ਸਾਰੇ ਸਬੂਤ ਹੋਣ ਦਾ ਦਾਅਵਾ ਕੀਤਾ ਸੀ, ਪਰ ਉਨ੍ਹਾਂ ਨੇ ਹਾਲੇ ਤਕ ਇਸ ਦਾ ਖ਼ੁਲਾਸਾ ਨਹੀਂ ਕੀਤਾ ਤੇ ਨਾ ਹੀ ਇਸਤਗਾਸਾ ਪੱਖ ਸਿੰਗਲਾ ਖ਼ਿਲਾਫ਼ ਅਦਾਲਤ ’ਚ ਕੋਈ ਸਬੂਤ ਪੇਸ਼ ਕਰ ਸਕਿਆ। ਉਨ੍ਹਾਂ ਕਿਹਾ ਕਿ ਮੰਤਰੀ ਸਰਾਰੀ ਨੇ ਸ਼ੱਕ ਲਈ ਕੁਝ ਵੀ ਨਹੀਂ ਛੱਡਿਆ ਹੈ ਤੇ ਉਨ੍ਹਾਂ ਦੀ ਆਡੀਓ ਰਿਕਾਰਡਿੰਗ ਪਹਿਲਾਂ ਤੋਂ ਹੀ ਪਬਲਿਕ ਡੋਮੇਨ ’ਚ ਹੈ। ਖਹਿਰਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਸਰਾਰੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦੇ ਹਨ ਤਾਂ ਲੋਕਾਂ ਨੂੰ ਇਹ ਯਕੀਨ ਹੋ ਜਾਵੇਗਾ ਕਿ ‘ਆਪ’ ਸਰਕਾਰ ਨੇ ਡਾ. ਸਿੰਗਲਾ ਦੇ ਮਾਮਲੇ ’ਚ ਨਾਟਕ ਕੀਤਾ ਤਾਂ ਕਿ ਸੰਗਰੂਰ ਜ਼ਿਮਨੀ ਚੋਣ ਤੋਂ ਪਹਿਲਾਂ ਭ੍ਰਿਸ਼ਟਾਚਾਰ ਖ਼ਿਲਾਫ਼ ਖ਼ੁਦ ਨੂੰ ਸਾਫ਼ ਸੁਥਰੇ ਅਕਸ ਵਾਲਾ ਪੇਸ਼ ਕੀਤਾ ਜਾ ਸਕੇ।