ਮਾਨ ਸਰਕਾਰ ਤੋਂ ਭੜਕੇ ਹਰਿਆਣਾ ਨੇ ਬੁਲਾਇਆ ਇਜਲਾਸ ,ਚੰਡੀਗੜ੍ਹ ‘ਤੇ ਜਤਾਉਣਗੇ ਹੱਕ

ਜਲੰਧਰ- ਗੁਆਂਢੀ ਸੂਬਾ ਹਰਿਆਣਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪਾਸ ਕੀਤੇ ਗਏ ਮਤੇ ਤੋਂ ਪਰੇਸ਼ਾਨ ਹੈ ।ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਤਮਾਮ ਲੀਡਰਸ਼ਿਪ ਨੂੰ ਇਤਰਾਜ਼ ਹੈ ਕਿ ਪੰਜਾਬ ਵਾਲਿਆਂ ਨੇ ਚੰਡੀਗੜ੍ਹ ‘ਤੇ ਆਪਣਾ ਹੱਕ ਜਮਾਉਂਦਿਆਂ ਹੋਇਆਂ ਮਤਾ ਕਿਵੇਂ ਪਾਸ ਕਰ ਦਿੱਤਾ ।ਇਸ ਤੋਂ ਇਲਾਵਾ ਬੀ.ਬੀ.ਐੱਮ.ਬੀ ਮੁੱਦੇ ‘ਤੇ ਪੰਜਾਬ ਵਲੋਂ ਰੱਖੇ ਗਏ ਸਟੈਂਡ ਤੋਂ ਹੀ ਹਰਿਆਣਾ ਦੀ ਭਾਜਪਾ ਸਰਕਾਰ ਨਾਰਾਜ਼ ਹੈ ।ਹੁਣ ਖੱਟਰ ਸਰਕਾਰ ਨੇ ਵੀ ਪੰਜਾਬ ਦੀ ਤਰਜ਼ ‘ਤੇ ਵਿਸ਼ੇਸ਼ ਇਜਲਾਸ ਸੱਦਿਆ ਹੈ ।ਮਿਲੀ ਜਾਣਕਾਰੀ ਮੁਤਾਬਿਕ ਪੰਜ ਅਪੈ੍ਰਲ ਨੂੰ ਸੀ.ਐੱਮ ਖੱਟਰ ਵਲੋਂ ਇਹ ਇਜਲਾਸ ਬੁਲਾਉਣ ਦੀ ਗੱਲ ਕੀਤੀ ਗਈ ਹੈ ।ਹਰਿਆਣਾ ਦੀ ਸਰਕਾਰ ਇਜਲਾਸ ਦੌਰਾਨ ਚੰਡੀਗੜ੍ਹ ‘ਤੇ ਆਪਣੇ ਹੱਕ ਦੇ ਨਾਲ ਪੰਜਾਬ ਵਲੋਂ ਪਾਸ ਕੀਤੇ ਗਏ ਮਤੇ ਖਿਲਾਫ ਆਪਣਾ ਰੋਸ ਪ੍ਰਕਟਾਵੇਗੀ ।

ਕੇਂਦਰ ਸਰਕਾਰ ਦੀਆਂ ਨੀਤੀਆਂ ‘ਤੇ ਫੁੱਲ ਚੜਾਉਣ ਵਾਲੀ ਹਰਿਆਣਾ ਦੀ ਭਾਜਪਾ ਸਰਕਾਰ ਭਗਵੰਤ ਮਾਨ ਵਲੋਂ ਪਾਸ ਕੀਤੇ ਗਏ ਮਤੇ ਤੋਂ ਬਾਅਦ ਬੈਕ ਫੁੱਟ ‘ਤੇ ਹੈ ।ਹਰਿਆਣਾ ਸਰਕਾਰ ਦੇ ਮੰਤਰੀਆਂ ਵਲੋਂ ਰੋਜ਼ਾਨਾ ਸੀ.ਐੱਮ ਭਗਵੰਤ ਮਾਨ ਖਿਲਾਫ ਬਿਆਨ ਬਾਜੀ ਕੀਤੀ ਜਾ ਰਹੀ ਹੈ ।ਇੱਥੇ ਤੱਕ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਗੁਜਰਾਤ ਫੇਰੀ ‘ਤੇ ਵੀ ਹਰਿਆਣਾ ਦੇ ਨੇਤਾਵਾਂ ਨੇ ਇਤਰਾਜ਼ ਕੀਤੇ ਹਨ ।ਆਮ ਆਦਮੀ ਪਾਰਟੀ ਦੇ ਵੱਧਦੇ ਪ੍ਰਚਾਰ ਨੂੰ ਸਿਆਸੀ ਖਤਰਾ ਮੰਨਦਿਆਂ ਹੋਇਆਂ ਭਾਜਪਾ ਲਗਾਤਾਰ ਹਮਲਾਵਰ ਨੀਤੀ ਅਪਣਾਈ ਹੋਈ ਹੈ ।

ਚਰਚਾ ਹੈ ਕਿ ਕੱਲ੍ਹ ਬੁਲਾਏ ਜਾਣ ਵਾਲੇ ਇਜਲਾਸ ਚ ਹਰਿਆਣਾ ਸਰਕਾਰ ਪੰਜਾਬ ਦੇ ਫੈਸਲੇ ਖਿਲਾਫ ਮਤਾ ਪਾਸ ਕਰੇਗੀ ।