IPL 2023: ਮੁੰਬਈ ਇੰਡੀਅਨਜ਼ ਖਿਲਾਫ ਸ਼ਾਨਦਾਰ ਜਿੱਤ ਤੋਂ ਬਾਅਦ ਕੋਹਲੀ ਨੇ ਕਿਹਾ – ਸਾਨੂੰ ਆਪਣੀ ਨਿਰੰਤਰਤਾ ਬਣਾਈ ਰੱਖਣ ਦੀ ਲੋੜ ਹੈ

ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਭਾਵੇਂ ਅਜੇ ਤੱਕ ਇੰਡੀਅਨ ਪ੍ਰੀਮੀਅਰ ਲੀਗ ਦਾ ਖਿਤਾਬ ਨਹੀਂ ਜਿੱਤਿਆ ਹੈ ਪਰ ਉਨ੍ਹਾਂ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਟੀਮ ਨੇ ਹਮੇਸ਼ਾ ਆਪਣੇ ਪ੍ਰਦਰਸ਼ਨ ‘ਚ ਨਿਰੰਤਰਤਾ ਬਣਾਈ ਰੱਖੀ ਹੈ ਅਤੇ ਇਸ ਵਾਰ ਟਰਾਫੀ ਜਿੱਤਣ ਲਈ ਉਸ ਨੂੰ ਇਸ ਨੂੰ ਅੰਜ਼ਾਮ ਦੇਣ ਦੀ ਲੋੜ ਹੈ।

ਮੁੰਬਈ ਇੰਡੀਅਨਜ਼ ਖ਼ਿਲਾਫ਼ ਆਰਸੀਬੀ ਦੀ ਅੱਠ ਵਿਕਟਾਂ ਦੀ ਜਿੱਤ ਵਿੱਚ ਅਜੇਤੂ 82 ਦੌੜਾਂ ਬਣਾਉਣ ਵਾਲੇ ਕੋਹਲੀ ਨੇ ਕਿਹਾ, ‘‘ਇਹ ਬੇਮਿਸਾਲ ਜਿੱਤ ਹੈ। ਅਸੀਂ ਕਈ ਸਾਲਾਂ ਬਾਅਦ ਆਪਣੇ ਘਰੇਲੂ ਮੈਦਾਨ ‘ਤੇ ਖੇਡੇ। ਅੱਜ ਅਸੀਂ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਉਸ ਤੋਂ ਮੈਂ ਬਹੁਤ ਖੁਸ਼ ਹਾਂ।

ਉਸ ਨੇ ਕਿਹਾ, ”ਮੁੰਬਈ ਨੇ ਪੰਜ ਵਾਰ ਅਤੇ ਚੇਨਈ ਸੁਪਰ ਕਿੰਗਜ਼ ਨੇ ਚਾਰ ਵਾਰ ਖਿਤਾਬ ਜਿੱਤਿਆ ਹੈ। ਇਨ੍ਹਾਂ ਦੋਨਾਂ ਤੋਂ ਇਲਾਵਾ, ਅਸੀਂ ਸਭ ਤੋਂ ਵੱਧ ਵਾਰ ਪਲੇਆਫ ਵਿੱਚ ਜਗ੍ਹਾ ਬਣਾਈ ਹੈ ਜੋ ਦਰਸਾਉਂਦਾ ਹੈ ਕਿ ਸਾਡੇ ਪ੍ਰਦਰਸ਼ਨ ਵਿੱਚ ਨਿਰੰਤਰਤਾ ਹੈ।

ਕੋਹਲੀ ਨੇ ਕਿਹਾ, ”ਸਾਨੂੰ ਆਪਣਾ ਫੋਕਸ ਬਰਕਰਾਰ ਰੱਖਣਾ ਹੋਵੇਗਾ ਅਤੇ ਸੰਤੁਲਿਤ ਟੀਮ ਦੇ ਨਾਲ ਮੈਦਾਨ ‘ਚ ਉਤਰਨਾ ਹੋਵੇਗਾ। ਅਸੀਂ ਇਸ ਤਾਲ ਨੂੰ ਅੱਗੇ ਵੀ ਜਾਰੀ ਰੱਖਣਾ ਹੈ। ਸਾਨੂੰ ਆਪਣੀ ਰਣਨੀਤੀ ਨੂੰ ਬਿਹਤਰ ਢੰਗ ਨਾਲ ਚਲਾਉਣਾ ਹੋਵੇਗਾ।

ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਟੀਮ ਲਈ ਅਜੇਤੂ 84 ਦੌੜਾਂ ਬਣਾਉਣ ਵਾਲੇ ਤਿਲਕ ਵਰਮਾ ਦੀ ਤਾਰੀਫ ਕੀਤੀ, ਪਰ ਮੰਨਿਆ ਕਿ ਉਨ੍ਹਾਂ ਦੇ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ।

ਰੋਹਿਤ ਨੇ ਕਿਹਾ, ”ਅਸੀਂ ਚੰਗੀ ਸ਼ੁਰੂਆਤ ਨਹੀਂ ਕੀਤੀ ਪਰ ਅੰਤ ‘ਚ ਤਿਲਕ ਨੇ ਸ਼ਾਨਦਾਰ ਪਾਰੀ ਖੇਡੀ। ਹਾਲਾਂਕਿ ਸਾਡੇ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਸਾਡੀ ਬੱਲੇਬਾਜ਼ੀ ਵੀ ਚੰਗੀ ਨਹੀਂ ਸੀ ਜਦਕਿ ਇਹ ਪਿੱਚ ਚੰਗੀ ਸੀ।