ਪੁਲਿਸ ਵੱਲੋਂ ਲੱਖਾ ਸਿਧਾਣਾ ਹਿਰਾਸਤ ਵਿਚ

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਦੇ ਦੌਰੇ ਤੋਂ ਪਹਿਲਾਂ ਲੱਖਾ ਸਿਧਾਣਾ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਲੱਖਾ ਸਿਧਾਣਾ ਆਪਣੇ ਸਾਥੀਆਂ ਸਮੇਤ ਚੰਨੀ ਦੇ ਸਮਾਗਮ ਵਿਚ ਸ਼ਾਮਿਲ ਹੋਣ ਲਈ ਆਏ ਸਨ ਪਰ ਸੂਚਨਾ ਮਿਲਦੇ ਹੀ ਪੁਲਿਸ ਨੇ ਲੱਖਾ ਸਿਧਾਣਾ ਨੂੰ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।

ਮੁੱਖ ਮੰਤਰੀ ਚੰਨੀ ਸੁਖਪਾਲ ਸਿੰਘ ਖਹਿਰਾ ਦੇ ਘਰ ਪੁੱਜੇ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੁਖਪਾਲ ਸਿੰਘ ਖਹਿਰਾ ਦੇ ਘਰ ਪੁੱਜੇ। ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਕਿਹਾ ਹੈ ਕਿ ਸਾਡਾ ਸਾਰਾ ਪਰਿਵਾਰ ਮੁੱਖ ਮੰਤਰੀ ਪੰਜਾਬ ਸ: ਚਰਨਜੀਤ ਸਿੰਘ ਚੰਨੀ ਦਾ ਤਹਿ ਦਿਲ ਤੋਂ ਧੰਨਵਾਦੀ ਹੈ ਜੋ ਸਾਡੀ ਔਖੀ ਘੜੀ ਵਿਚ ਸਾਥ ਦੇਣ ਲਈ ਸਾਡੇ ਘਰ ਪਹੁੰਚੇ ।

ਮੇਰੇ ਪਿਤਾ ਸੁਖਪਾਲ ਸਿੰਘ ਖਹਿਰਾ ਨੇ ਹਮੇਸ਼ਾ ਹੱਕ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਦੀ ਫੇਰੀ ਇਸ ਗੱਲ ਦੀ ਗਵਾਹੀ ਹੈ। ਇਸ ਮੌਕੇ ਮੁੱਖ ਮੰਤਰੀ ਜੀ ਕੋਲ ਹਲਕਾ ਭੁਲੱਥ ਦੀਆਂ ਮੁਸ਼ਕਿਲਾਂ ਅਤੇ ਪੈਡਿੰਗ ਕੰਮਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਜਲਦ ਮੁਕੰਮਲ ਕੀਤੇ ਜਾਣ ਸੰਬੰਧੀ ਉਨ੍ਹਾਂ ਵੱਲੋਂ ਭਰੋਸਾ ਦਿਵਾਇਆ ਗਿਆ।

ਚੀਮਾ ਵੱਲੋਂ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਅਪੀਲ

ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵਲੋਂ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਬਠਿੰਡਾ ਦਾ ਇਕ ਵਿਦਿਆਰਥੀ ਗੁਰਪ੍ਰੀਤ ਉਨ੍ਹਾਂ ਨੂੰ ਵਾਰ-ਵਾਰ ਮੈਸੇਜ ਭੇਜ ਰਿਹਾ ਹੈ।

ਜਿਸ ਵਿਚ ਉਸ ਵਲੋਂ ਦੱਸਿਆ ਗਿਆ ਹੈ ਕਿ ਉਸ ਨੇ 3 ਅਕਤੂਬਰ ਨੂੰ ਮੈਰੀਟੋਰੀਅਸ ਸਕੂਲਾਂ ਵਿਚ ਦਾਖ਼ਲੇ ਲਈ ਪ੍ਰੀਖਿਆ ਦਿੱਤੀ ਸੀ ਪਰ ਪ੍ਰਬੰਧਕੀ ਕਾਰਨਾਂ ਕਰ ਕੇ ਦਾਖ਼ਲਾ ਪ੍ਰਕਿਰਿਆ ਅਜੇ ਵੀ ਲੰਬਿਤ ਹੈ। ਉਨ੍ਹਾਂ ਨੇ ਹੁਸ਼ਿਆਰ ਵਿਦਿਆਰਥੀਆਂ ਦੀ ਮਦਦ ਲਈ ਪਰਗਟ ਸਿੰਘ ਨੂੰ ਆਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਹੈ।

ਕਿਤਾਬਾਂ ਵਾਲੀ ਦੁਕਾਨ ‘ਚ ਧਮਾਕਾ, ਇਕ ਦੀ ਮੌਤ

ਜਲੰਧਰ : ਆਦਮਪੁਰ ਮੁੱਖ ਮਾਰਗ ‘ਤੇ ਸਥਿਤ ਕ੍ਰਿਸ਼ਨਾ ਬੁੱਕ ਸਟੋਰ ‘ਤੇ ਰਾਤ ਢਾਈ ਵਜੇ ਧਮਾਕਾ ਹੋਣ ਨਾਲ ਇਕ ਵਿਅਕਤੀ ਦੀ ਮੌਤ ਅਤੇ ਦੂਜਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।

ਦੋਵੇਂ ਵਿਅਕਤੀ ਦੁਕਾਨ ਨੂੰ ਅੱਗ ਲਾਉਣ ਆਏ ਸਨ ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਪੂਰੀ ਦੁਕਾਨ ਸੜ ਕੇ ਸੁਆਹ ਹੋ ਗਈ । ਦੁਕਾਨਦਾਰ ਨੇ ਦੱਸਿਆ ਕਿ ਉਸ ਦਾ ਦਸ ਤੋਂ ਬਾਰ੍ਹਾਂ ਲੱਖ ਦਾ ਨੁਕਸਾਨ ਹੋ ਗਿਆ ਹੈ।

ਸੜਕ ਹਾਦਸੇ ‘ਚ ਆਟੋ ਚਾਲਕ ਦੀ ਮੌਤ

ਥਾਣਾ ਲਾਂਬੜਾ ਦੇ ਅਧੀਨ ਪੈਂਦੇ ਪਿੰਡ ਬਾਦਸ਼ਾਹਪੁਰ ਵਿਖੇ ਬੱਸ ਨੇ ਤੇਜ਼ ਰਫ਼ਤਾਰ ਦੇ ਨਾਲ ਪਹਿਲਾਂ ਇਕ ਆਟੋ ਨੂੰ ਟੱਕਰ ਮਾਰੀ ਅਤੇ ਨਾਲ ਹੀ ਇਸ ਦੀ ਲਪੇਟ ਵਿਚ ਇਕ ਮੋਟਰਸਾਈਕਲ ਸਵਾਰ ਵੀ ਆ ਗਿਆ।

ਆਟੋ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦਰਜਨ ਦੇ ਹਿਸਾਬ ਨਾਲ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਹੈ।

ਟੀਵੀ ਪੰਜਾਬ ਬਿਊਰੋ