ਪੰਜਾਬ ਪੁੱਜੇ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਅਦਾਲਤ ਨੇ ਦਿੱਤਾ 7 ਦਿਨਾਂ ਦਾ ਪੁਲਿਸ ਰਿਮਾਂਡ

ਮਾਨਸਾ- ਲੰਮੀ ਜੱਦੋ ਜ਼ਹਿਦ ਤੋਂ ਬਾਅਦ ਆਖੀਰਕਾਰ ਪੰਜਾਬ ਪੁਲਿਸ ਨੂੰ ਅਦਾਲਤ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲਿਜਾਉਣ ਦੀ ਇਜ਼ਾਜ਼ਤ ਮਿਲ ਗਈ । ਕਰੜੇ ਸੁਰੱਖਿਆ ਪ੍ਰਬੰਧਾ ਹੇਠ ਲਾਰੈਂਸ ਨੂੰ ਪੰਜਾਬ ਦੇ ਮਾਨਸਾ ਲਿਜਾਇਆ ਗਿਆ ।ਇਸ ਤੋਂ ਬਾਅਦ ਮਾਨਸਾ ‘ਚ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਹੋਰ ਜ਼ਿਆਦਾ ਸਖ਼ਤ ਕਰ ਦਿੱਤੇ ਗਏ ਤੇ ਹਸਪਤਾਲ ’ਚ ਪਹਿਲਾਂ ਲਾਰੈਂਸ ਬਿਸ਼ਨੋਈ ਦਾ ਮੈਡੀਕਲ ਕਰਵਾਇਆ ਗਿਆ। ਮੂੰਹ ਹਨੇਰੇ ਹੀ 15 ਜੂਨ ਨੂੰ ਮਾਨਸਾ ਦੀ ਅਦਾਲਤ ‘ਚ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ।

ਮਾਨਸਾ ਚ ਪੇਸ਼ ਕਰਨ ਤੋਂ ਬਾਅਦ ਵਿਸ਼ੇਸ਼ ਟੀਮ ਲਾਰੈਨਸ ਨੂੰ ਖਰੜ ਦੇ ਸੀ.ਆਈ.ਏ ਸਟਾਫ ਲੈ ਗਈ ।ਜਿਸਤੋਂ ਕੁੱਝ ਹੀ ਦੇਰ ਬਾਅਦ ਮੀਡੀਆ ਨੂੰ ਭੁੱਲੇਖੇ ਚ ਪਾ ਕੇ ਪੁਲਿਸ ਇਸ ਖਤਰਨਾਕ ਅਪਰਾਧੀ ਨੂੰ ਕਿਸੇ ਗੁਪਤ ਥਾਂ ‘ਤੇ ਲੈ ਗਈ ।

ਦੱਸਣਯੋਗ ਹੈ ਕਿ ਪਟਿਆਲਾ ਹਾਊਸ ਕੋਰਟ ਨੇ ਮੰਗਲਵਾਰ ਨੂੰ ਪੰਜਾਬ ਪੁਲਿਸ ਨੂੰ ਟਰਾਂਜ਼ਿਟ ਰਿਮਾਂਡ ਦੇ ਦਿੱਤਾ ਸੀ। ਲਾਰੈਂਸ ਨੂੰ ਬੁਲੇਟ ਪਰੂਫ਼ ਗੱਡੀ ’ਚ ਮਾਨਸਾ ਲਈ ਰਵਾਨਾ ਹੋਈ ਪੁਲਿਸ ਬੁੱਧਵਾਰ ਦੇਰ ਰਾਤ 2 ਵਜੇ ਤੋਂ ਬਾਅਦ ਮਾਨਸਾ ਪੁੱਜੀ। ਇਸ ਤੋਂ ਬਾਅਦ ਲਾਰੈਂਸ ਦਾ ਮੈਡੀਕਲ ਕਰਵਾਉਣ ਸਮੇਂ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ। ਸਾਰੇ ਰਸਤਿਆਂ ਨੂੰ ਪੁਲਿਸ ਛਾਉਣੀ ’ਚ ਤਬਦੀਲ ਕਰ ਦਿੱਤਾ। ਫਿਰ ਮਾਨਸਾ ਅਦਾਲਤ ’ਚ 4 ਵਜੇ ਦੇ ਕਰੀਬ ਪੇਸ਼ ਕੀਤਾ ਗਿਆ ਜਿੱਥੇ ਸਿੱਧੂ ਮੂਸੇਵਾਲਾ ਦੇ ਕੇਸ ‘ਚ ਲਾਰੈਂਸ ਕੋਲੋਂ ਹੁਣ ਪੁਲਿਸ ਪੁੱਛਗਿਛ ਕਰੇਗੀ ਤਾਂ ਜੋ ਕੋਈ ਸੁਰਾਗ ਹੱਥ ਲੱਗ ਸਕੇ। ਇਸ ਮਾਮਲੇ ’ਚ ਪੁਲਿਸ ਨੂੰ ਅਜੇ ਤਕ ਕੋਈ ਜ਼ਿਆਦਾ ਸਫ਼ਲਤਾ ਹਾਸਲ ਨਹੀਂ ਹੋਈ ਹੈ ਤੇ ਹੁਣ ਲਾਰੈਂਸ ਨੂੰ ਪੁਲਿਸ ਰਿਮਾਂਡ ’ਤੇ ਲਏ ਜਾਣ ਬਾਅਦ ਕਾਫ਼ੀ ਖੁਲਾਸੇ ਹੋਣ ਦੀ ਸੰਭਾਵਨਾ ਬਣ ਗਈ ਹੈ।