CANADA: ਓਨਟਾਰੀਓ ਸਰਕਾਰ ਅਮਰੀਕਾ ਤੋਂ ਮੰਗਵਾਈ ਉਸ ਸ਼ਰਾਬ ਨੂੰ ਨਾ ਵੇਚਣ ਲਈ ਹਰ ਸਾਲ ਲਗਭਗ 20 ਮਿਲੀਅਨ ਡਾਲਰ ਖਰਚ ਕਰ ਰਹੀ ਹੈ, ਜਿਸ ਨੂੰ ਉਹ ਪਹਿਲਾਂ ਹੀ ਖਰੀਦ ਚੁੱਕੀ ਹੈ। ਬ੍ਰੌਕ ਯੂਨੀਵਰਸਿਟੀ ਦੇ ਆਪ੍ਰੇਸ਼ਨਜ਼ ਅਤੇ ਲੋਜਿਸਟਿਕਸ ਮਾਹਰ ਪ੍ਰੋਫੈਸਰ ਮਾਈਕਲ ਆਰਮਸਟ੍ਰਾਂਗ ਨੇ ਇਹ ਖੁਲਾਸਾ ਕੀਤਾ ਹੈ। ਆਰਮਸਟ੍ਰਾਂਗ ਦੇ ਅਨੁਮਾਨ ਮੁਤਾਬਕ, ਮਾਰਕੀਟ ਵਿੱਚੋਂ ਹਟਾਈ ਗਈ $79.1 ਮਿਲੀਅਨ ਦੀ ਇਸ ਅਮਰੀਕੀ ਸ਼ਰਾਬ ਨੂੰ ਵੇਅਰਹਾਊਸਾਂ ਵਿੱਚ ਰੱਖਣ, ਇਸ ਦੇ ਬੀਮਾ, ਸੁਰੱਖਿਆ ਅਤੇ ਫਸੇ ਹੋਏ ਪੂੰਜੀਗਤ ਖਰਚੇ ਕਾਰਨ ਸਰਕਾਰ ਨੂੰ ਸਾਲਾਨਾ 10 ਤੋਂ 30 ਮਿਲੀਅਨ ਡਾਲਰ ਦਾ ਬੋਝ ਝੱਲਣਾ ਪੈ ਰਿਹਾ ਹੈ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਅਸੀਂ ਤੁਹਾਡੀ ਸ਼ਰਾਬ ਨਾ ਵੇਚਣ ਲਈ ਸਾਲਾਨਾ 20 ਮਿਲੀਅਨ ਡਾਲਰ ਖਰਚਣ ਲਈ ਤਿਆਰ ਹਾਂ। ਉੱਧਰ, ਜਦੋਂ ਐਲਸੀਬੀਓ ਕੋਲੋਂ ਪੁੱਛਿਆ ਗਿਆ ਕਿ ਟੈਕਸਦਾਤਾਵਾਂ ਦਾ ਕਿੰਨਾ ਪੈਸਾ ਇਸ ਸਟਾਕ ਨੂੰ ਸਾਂਭਣ ‘ਤੇ ਖਰਚ ਹੋ ਰਿਹਾ ਹੈ, ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ‘ਤੇ ਟੈਰਿਫ ਲਗਾਉਣ ਅਤੇ ਹੋਰ ਧਮਕੀਆਂ ਦਿੱਤੀਆਂ ਗਈਆਂ ਸਨ। ਇਸਦੇ ਜਵਾਬ ਵਿੱਚ ਓਨਟਾਰੀਓ ਨੇ ਅਮਰੀਕੀ ਸ਼ਰਾਬ ਨੂੰ ਸਟੋਰਾਂ ਦੇ ਸ਼ੈਲਫਾਂ ਤੋਂ ਹਟਾ ਦਿੱਤਾ ਸੀ। ਪਰ ਹੁਣ ਇੱਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ, $79.1 ਮਿਲੀਅਨ ਦੀ ਸ਼ਰਾਬ ਗੋਦਾਮਾਂ ਵਿੱਚ ਪਈ ਸੜ ਰਹੀ ਹੈ, ਜਿਸ ਨਾਲ ਇਸ ਪ੍ਰਦਰਸ਼ਨ ਦੇ ਲੰਬੇ ਸਮੇਂ ਦੇ ਆਰਥਿਕ ਨੁਕਸਾਨ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਬੈਨ ਦੇ ਨਾਲ-ਨਾਲ ਕੈਨੇਡੀਅਨ ਲੋਕਾਂ ਨੇ ਵੀ ਅਮਰੀਕੀ ਉਤਪਾਦਾਂ ਦਾ ਬਾਇਕਾਟ ਕਰਨਾ ਅਤੇ ਅਮਰੀਕਾ ਦੇ ਟੂਰ ਰੱਦ ਕਰਨੇ ਸ਼ੁਰੂ ਕਰ ਦਿੱਤੇ ਸਨ।

ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਲੋਕਾਂ ਦੀਆਂ ਆਦਤਾਂ ਹਮੇਸ਼ਾ ਲਈ ਬਦਲ ਸਕਦੀਆਂ ਹਨ। ਟੈਨਿਸੀ ਯੂਨੀਵਰਸਿਟੀ ਦੇ ਪ੍ਰੋਫੈਸਰ ਐਂਡਰਿਊ ਮੁਹੰਮਦ ਅਨੁਸਾਰ, ਜਦੋਂ ਬਾਇਕਾਟ ਲੰਬਾ ਖਿੱਚਦਾ ਹੈ, ਤਾਂ ਲੋਕ ਦੂਜੇ ਬ੍ਰਾਂਡਾਂ ਦੇ ਆਦੀ ਹੋ ਜਾਂਦੇ ਹਨ। LCBO ਦੇ ਅੰਕੜੇ ਦਰਸਾਉਂਦੇ ਹਨ ਕਿ ਅਮਰੀਕੀ ਵਾਈਨ ਹਟਣ ਤੋਂ ਬਾਅਦ ਓਨਟਾਰੀਓ ਦੀ ਆਪਣੀ ਵਾਈਨ ਦੀ ਮਾਰਕੀਟ ਹਿੱਸੇਦਾਰੀ 27% ਤੋਂ ਵਧ ਕੇ 31% ਹੋ ਗਈ ਹੈ। ਸਾਲ 2024 ਵਿੱਚ ਕੈਨੇਡਾ ਨੇ $221 ਮਿਲੀਅਨ ਦੀ ਅਮਰੀਕੀ ਸ਼ਰਾਬ ਇੰਪੋਰਟ ਕੀਤੀ ਸੀ, ਜੋ ਯੂਰਪੀਅਨ ਯੂਨੀਅਨ ਤੋਂ ਬਾਅਦ ਅਮਰੀਕਾ ਲਈ ਦੂਜੀ ਸਭ ਤੋਂ ਵੱਡੀ ਮਾਰਕੀਟ ਸੀ। ਕੈਨੇਡਾ ਵਿੱਚ ਸ਼ਰਾਬ ਦੀ ਵਿਕਰੀ ਸਰਕਾਰੀ ਕੰਪਨੀਆਂ ਦੇ ਹੱਥ ਵਿੱਚ ਹੋਣ ਕਾਰਨ ਇਹ ਬੈਨ ਬਹੁਤ ਪ੍ਰਭਾਵਸ਼ਾਲੀ ਰਿਹਾ, ਜੋ ਕਿ ਦੁਨੀਆ ਵਿੱਚ ਇੱਕ ਵਿਲੱਖਣ ਗੱਲ ਹੈ। ਮਾਰਚ 2025 ਦੇ ਬੈਨ ਤੋਂ ਬਾਅਦ ਹੁਣ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦਾ ਰੁਖ ਬਦਲ ਗਿਆ ਹੈ। ਅਲਬਰਟਾ ਅਤੇ ਸਸਕੈਚਵਨ ਨੇ ਆਪਣੇ ਪ੍ਰਾਈਵੇਟ ਸਿਸਟਮ ਰਾਹੀਂ ਦੁਬਾਰਾ ਇੰਪੋਰਟ ਸ਼ੁਰੂ ਕਰ ਦਿੱਤੀ ਹੈ, ਜਦਕਿ ਮੈਨੀਟੋਬਾ ਅਤੇ ਕਿਊਬਿਕ ਵਰਗੇ ਸੂਬਿਆਂ ਨੇ ਪੁਰਾਣਾ ਸਟਾਕ ਵੇਅਰਹਾਊਸਾਂ ਵਿੱਚ ਰੱਖਣ ਦੀ ਬਜਾਏ ਵੇਚਣਾ ਸ਼ੁਰੂ ਕਰ ਦਿੱਤਾ ਹੈ। ਪਰ ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਅਜੇ ਵੀ ਅੜੇ ਹੋਏ ਹਨ ਅਤੇ ਭਾਰੀ ਵਿੱਤੀ ਨੁਕਸਾਨ ਦੇ ਬਾਵਜੂਦ ਅਮਰੀਕੀ ਸ਼ਰਾਬ ਦੀ ਵਿਕਰੀ ਅਤੇ ਇੰਪੋਰਟ ‘ਤੇ ਪੂਰੀ ਤਰ੍ਹਾਂ ਰੋਕ ਲਗਾਈ ਹੋਈ ਹੈ।





